ਚੋਰ ਗਿਰੋਹ ਦੇ 4 ਮੈਂਬਰ ਦੋਪਹੀਆ ਵਾਹਨਾਂ ਸਮੇਤ ਕਾਬੂ
Tuesday, May 15, 2018 - 12:46 AM (IST)

ਮੁਕੇਰੀਆਂ, (ਨਾਗਲਾ, ਜੱਜ)- ਸਥਾਨਕ ਪੁਲਸ ਨੇ ਚੋਰੀ ਦੇ ਵਾਹਨਾਂ ਨੂੰ ਜਾਅਲੀ ਨੰਬਰ ਲਾ ਕੇ ਵੇਚਣ ਦਾ ਧੰਦਾ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਚੋਰੀਸ਼ੁਦਾ 3 ਮੋਟਰਸਾਈਕਲਾਂ ਅਤੇ ਇਕ ਐਕਟਿਵਾ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਵੀਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਵੱਲੋਂ ਸਥਾਨਕ ਗੁਰਦਾਸਪੁਰ ਰੋਡ ਸਥਿਤ ਨੌਸ਼ਹਿਰਾ ਪੱਤਣ ਪੁਲ 'ਤੇ ਲਾਏ ਨਾਕੇ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਗੁਰਦਾਸਪੁਰ ਵੱਲੋਂ 2 ਮੋਟਰਸਾਈਕਲਾਂ 'ਤੇ ਆ ਰਹੇ 4 ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਗਏ। ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਬੱਗਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਸੰਗਰਾਂ ਥਾਣਾ ਦਸੂਹਾ, ਪੰਕਜ ਉਰਫ ਚਨੋਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਵਾਲ ਥਾਣਾ ਮੁਕੇਰੀਆਂ, ਸ਼ੁਭਮ ਉਰਫ ਸੀਬੂ ਪੁੱਤਰ ਰਣਜੀਤ ਕੁਮਾਰ ਵਾਸੀ ਪਿੰਡ ਭੈੜਾ ਥਾਣਾ ਹਾਜੀਪੁਰ ਅਤੇ ਜਸਵਿੰਦਰ ਸਿੰਘ ਉਰਫ ਸੌਰਵ ਪੁੱਤਰ ਸ਼ਸ਼ੀ ਭੂਸ਼ਣ ਵਾਸੀ ਕੈਂਥਾਂ ਥਾਣਾ ਦਸੂਹਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਵਿਰੁੱਧ ਧਾਰਾ 379, 411, 482 ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।