ਉਡਾਣ ''ਚ ਦੇਰੀ : ਏਅਰ ਇੰਡੀਆ ਨੂੰ ਹੋ ਸਕਦੈ 88 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ
Thursday, May 17, 2018 - 11:21 PM (IST)

ਨਵੀਂ ਦਿੱਲੀ-ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ 9 ਮਈ ਦੀ ਦਿੱਲੀ-ਸ਼ਿਕਾਗੋ ਉਡਾਣ 'ਚ ਦੇਰੀ ਦੀ ਵਜ੍ਹਾ ਨਾਲ 323 ਮੁਸਾਫਿਰਾਂ ਨੂੰ 88 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਚਾਲਕ ਦਲ ਦੇ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਡਿਊਟੀ ਦੇ ਸਮੇਂ 'ਚ ਛੋਟ (ਐੱਫ. ਡੀ. ਟੀ. ਐੱਲ.) ਨੂੰ ਵਾਪਸ ਲੈਣ ਦੀ ਵਜ੍ਹਾ ਨਾਲ ਇਸ ਉਡਾਣ 'ਚ ਦੇਰੀ ਹੋਈ ਸੀ। ਏਅਰ ਇੰਡੀਆ ਅਤੇ ਫੈੱਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਨੇ ਦਿੱਲੀ ਉੱਚ ਅਦਾਲਤ 'ਚ ਪਟੀਸ਼ਨ ਦਰਜ ਕਰ ਕੇ 18 ਅਪ੍ਰੈਲ ਨੂੰ ਡੀ. ਜੀ. ਸੀ. ਏ. ਨੂੰ ਦਿੱਤੇ ਨਿਰਦੇਸ਼ 'ਚ ਸੁਧਾਰ ਦੀ ਮੰਗ ਕੀਤੀ ਜੋ ਐੱਫ. ਡੀ. ਟੀ. ਐੱਲ. 'ਚ ਤਬਦੀਲੀ ਦੀ ਇਜਾਜ਼ਤ ਨਹੀਂ ਦਿੰਦਾ ਹੈ। ਅਮਰੀਕੀ ਦਿਸ਼ਾ-ਨਿਰਦੇਸ਼ ਮੁਤਾਬਕ ਜੇਕਰ ਕੌਮਾਂਤਰੀ ਉਡਾਣ 'ਚ ਯਾਤਰੀ ਜਹਾਜ਼ 'ਚ 4 ਘੰਟੇ ਤੋਂ ਜ਼ਿਆਦਾ ਦੇਰ ਤੱਕ ਫਸੇ ਰਹਿੰਦੇ ਹਨ ਤਾਂ ਏਅਰਲਾਈਨ 'ਟਰਮ ਡਿਲੇ' ਦੀ ਦੋਸ਼ੀ ਹੁੰਦੀ ਹੈ। ਸੂਤਰਾਂ ਨੇ ਦੱਸਿਆ ਕਿ ਅਜਿਹੇ ਮਾਮਲੇ 'ਚ ਏਅਰਲਾਈਨ 'ਤੇ 27,500 ਅਮਰੀਕੀ ਡਾਲਰ ਪ੍ਰਤੀ ਯਾਤਰੀ ਦੇ ਹਿਸਾਬ ਨਾਲ ਜੁਰਮਾਨਾ ਲੱਗ ਸਕਦਾ ਹੈ। ਜਹਾਜ਼ 'ਚ 323 ਯਾਤਰੀ ਸਵਾਰ ਸਨ ਇਸ ਹਿਸਾਬ ਨਾਲ ਜੁਰਮਾਨਾ 88 ਲੱਖ ਅਮਰੀਕੀ ਡਾਲਰ ਦਾ ਹੋ ਸਕਦਾ ਹੈ।