ਬਠਿੰਡਾ ''ਚ ਸੀਵਰੇਜ ਦਾ ਗੰਦਾ ਪਾਣੀ ਨਹਿਰੀ ਰਜਬਾਹੇ ''ਚ ਹੋ ਰਿਹਾ ਮਿਕਸ
Thursday, May 31, 2018 - 02:48 AM (IST)
ਸੰਗਤ ਮੰਡੀ(ਮਨਜੀਤ)-ਬਠਿੰਡਾ ਸੀਵਰੇਜ ਰਜਵਾਹੇ ਦਾ ਗੰਦਾ ਪਾਣੀ ਜੱਸੀ ਪੌ ਵਾਲੀ ਨਜ਼ਦੀਕ ਰਿਸ-ਰਿਸ ਕੇ ਬਠਿੰਡਾ ਨਹਿਰੀ ਰਜਬਾਹੇ 'ਚ ਪੈ ਰਿਹਾ ਹੈ, ਅੱਗੇ ਇਹ ਪਾਣੀ ਦਰਜਨ ਦੇ ਕਰੀਬ ਵਾਟਰ ਵਰਕਸਾਂ ਦੇ ਟੈਂਕਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਤੇ ਗਿਆਨ ਜੈਲ ਸਿੰਘ ਇੰਜੀ. ਕਾਲਜ 'ਚ ਵੀ ਜਾਂਦਾ ਹੈ, ਜਿਥੇ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਪੜ੍ਹਦੇ ਹਨ। ਵਿਭਾਗ ਦੇ ਢਿੱਲੇ ਰਵੱਈਏ ਤੋਂ ਅੱਕੇ ਲੋਕਾਂ ਨੇ ਅੱਜ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਜੋਧਪੁਰ ਵਾਸੀ ਸੁਖਜਿੰਦਰ ਰੁਮਾਣਾ, ਅੰਗਰੇਜ਼ ਸਿੰਘ, ਪਿਪਲ ਸਿੰਘ, ਦਰਸ਼ਨ ਸਿੰਘ, ਬਲਵੰਤ ਸਿੰਘ, ਸੁੱਖਾ ਫੌਜੀ, ਗੁਰਦੀਪ ਸਿੰਘ, ਡਾ. ਮਹਿਲਾ ਰਾਮ ਤੇ ਵਿਸਾਖਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਜੱਸੀ ਪੌ ਵਾਲੀ ਨਜ਼ਦੀਕ ਬਠਿੰਡਾ ਨਹਿਰੀ ਰਜਬਾਹੇ ਦੀ ਪੱਕੀ ਲਾਈਨਿੰਗ ਬਿਲਕੁੱਲ ਟੁੱਟ ਚੁੱਕੀ ਹੈ, ਇਸੇ ਕਾਰਨ ਨਾਲ ਜਾਂਦੇ ਬਠਿੰਡਾ ਸੀਵਰੇਜ ਦਾ ਗੰਦਾ ਪਾਣੀ ਰਿਸ-ਰਿਸ ਕੇ ਨਹਿਰੀ ਪਾਣੀ ਵਾਲੇ ਰਜਬਾਹੇ 'ਚ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਤਾ ਵਾਲੇ ਹੈੱਡ ਨਜ਼ਦੀਕ ਰਜਬਾਹੇ ਦਾ ਸਫਾਈ ਪੱਖੋਂ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਲਾਈਨ ਨਜ਼ਦੀਕ ਜਦ ਕੋਈ ਪਸ਼ੂ ਗੱਡੀ ਦੀ ਫੇਟ ਵੱਜਣ ਕਾਰਨ ਰਜਬਾਹੇ 'ਚ ਡਿੱਗ ਪੈਂਦਾ ਹੈ ਤਾਂ ਮਰੇ ਪਸ਼ੂ ਨੂੰ ਕਿਸੇ ਵੀ ਨਹਿਰੀ ਕਰਮਚਾਰੀ ਵੱਲੋਂ ਬਾਹਰ ਨਹੀਂ ਕੱਢਿਆ ਜਾਂਦਾ ਸਗੋਂ ਗਲਿਆ-ਸੜਿਆ ਮਾਸ ਹੀ ਵਾਟਰ ਵਰਕਸ ਦੇ ਟੈਂਕਾਂ 'ਚ ਹੁੰਚਦਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਵਿਭਾਗ ਵੱਲੋਂ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਦੂਸਰੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਬਠਿੰਡਾ ਤੇ ਸੀਵਰੇਜ ਰਜਬਾਹਾ ਦੀ ਪਟੜੀ ਹੈ ਸਾਂਝੀ ਨਹਿਰੀ ਵਿਭਾਗ ਦੀ ਇਸ ਨੂੰ ਵੱਡੀ ਗਲਤੀ ਹੀ ਮੰਨਿਆ ਜਾ ਸਕਦਾ ਹੈ ਕਿ ਬਠਿੰਡਾ ਨਹਿਰੀ ਰਜਬਾਹਾ ਤੇ ਬਠਿੰਡਾ ਸੀਵਰੇਜ ਰਜਬਾਹੇ ਦੀ ਪਟੜੀ ਬਿਲਕੁੱਲ ਸਾਂਝੀ ਹੈ। ਬਠਿੰਡਾ ਨਹਿਰੀ ਰਜਬਾਹੇ ਦੀ ਲਾਈਨਿੰਗ ਟੁੱਟੀ ਹੋਣ ਕਾਰਨ ਖਸਤਾ ਹਾਲਤ ਪਟੜੀ 'ਚੋਂ ਸੀਵਰੇਜ ਰਜਬਾਹੇ ਦਾ ਗੰਦਾ ਪਾਣੀ ਰਿਸ-ਰਿਸ ਕੇ ਬਠਿੰਡਾ ਰਜਬਾਹੇ 'ਚ ਦਾਖਲ ਹੁੰਦਾ ਰਹਿੰਦਾ ਹੈ ਪਰ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੂੰ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਆਪਣੀਆਂ ਅੱਖਾਂ ਮੀਟੀਆਂ ਹੋਈਆਂ ਹਨ। ਰਜਬਾਹੇ ਦਾ ਕਿਹੜੇ-ਕਿਹੜੇ ਵਾਟਰ ਵਰਕਸਾਂ ਨੂੰ ਹੁੰਦਾ ਹੈ ਪਾਣੀ ਸਪਲਾਈ ਗਿਆਨੀ ਜੈਲ ਸਿੰਘ ਇੰਜੀ. ਕਾਲਜ ਬਠਿੰਡਾ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ, ਨਰੂਆਣਾ, ਗੁਰੂਸਰ ਸੈਣੇਵਾਲਾ, ਜੋਧਪੁਰ ਰੁਮਾਣਾ, ਜੈ ਸਿੰਘ ਵਾਲਾ, ਫੁੱਲੋਂ ਮਿੱਠੀ, ਜੱਸੀ ਪੌ ਵਾਲੀ, ਗਹਿਰੀ ਭਾਗੀ, ਮਹਿਤਾ, ਗਹਿਰੀ ਬੁੱਟਰ, ਸੰਗਤ ਮੰਡੀ, ਸੰਗਤ ਕਲਾਂ, ਜੱਸੀ ਬਾਗਵਾਲੀ
ਕੀ ਕਹਿਣਾ ਹੈ ਨਹਿਰੀ ਵਿਭਾਗ ਦੇ ਐਕਸੀਅਨ ਦਾ
ਜਦ ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਗੁਰਜਿੰਦਰ ਬਾਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ, ਉਹ ਅੱਜ ਹੀ ਆਪਣੇ
ਬੰਦੇ ਲਾ ਕੇ ਇਸ ਨੂੰ ਠੀਕ ਕਰਵਾ ਦਿੰਦੇ ਹਨ। ਜਦ ਉਨ੍ਹਾਂ ਤੋਂ ਰਜਬਾਹੇ 'ਚ ਡਿੱਗੇ ਮਰੇ ਪਸ਼ੂਆਂ ਨੂੰ ਬਾਹਰ ਕੱਢਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਕੋਲ ਇੰਨੇ ਬੰਦੇ ਹੀ ਨਹੀਂ ਹਨ ਕਿ ਉਹ ਮਰੇ ਪਸ਼ੂਆਂ ਨੂੰ ਬਾਹਰ ਕੱਢ ਸਕਣ।
