ਭਾਜਪਾਈ ਮੈਡਮ ਡਿਪਟੀ ਮੇਅਰ ਦੇ ''ਗੁੰਮਸ਼ੁਦਾ'' ਪੋਸਟਰ ਵਾਇਰਲ

Sunday, May 13, 2018 - 02:53 AM (IST)

ਭਾਜਪਾਈ ਮੈਡਮ ਡਿਪਟੀ ਮੇਅਰ ਦੇ ''ਗੁੰਮਸ਼ੁਦਾ'' ਪੋਸਟਰ ਵਾਇਰਲ

ਬਠਿੰਡਾ(ਬਲਵਿੰਦਰ)-ਭਾਜਪਾਈ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਦੇ 'ਗੁੰਮਸ਼ੁਦਾ' ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਹਨ। ਜਦਕਿ ਸਿਆਸੀ ਦੁਸ਼ਮਣਾਂ ਨੇ ਉਨ੍ਹਾਂ ਨੂੰ ਲੱਭਣ ਵਾਲੇ ਨੂੰ 1100 ਰੁਪਏ ਇਨਾਮ ਦੇਣ ਦੀ ਘੋਸ਼ਣਾ ਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਦਸੰਬਰ 2017 'ਚ ਅਕਾਲੀ-ਭਾਜਪਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਸਿਰਫ ਅਕਾਲੀ ਆਗੂਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਸੀ ਪਰ ਬੀਬੀ ਮਾਂਗਟ ਦਾ ਨਾਂ ਮੁਕੱਦਮੇ 'ਚ ਸ਼ਾਮਲ ਨਹੀਂ ਸੀ ਕੀਤਾ ਗਿਆ। ਉਦੋਂ ਵੀ ਕਾਫੀ ਹੰਗਾਮਾ ਹੋਇਆ ਸੀ। ਦੂਜੇ ਪਾਸੇ ਭਾਜਪਾ ਦੇ ਜ਼ਿਲਾ ਪ੍ਰਧਾਨ ਬੀਬੀ ਮਾਂਗਟ ਦੇ ਬਚਾਅ ਪੱਖ 'ਚ ਖੜ੍ਹੇ ਨਜ਼ਰ ਆ ਰਹੇ ਹਨ।
ਬੀਬੀ ਮਾਂਗਟ ਨੂੰ ਲੱਭਣ ਵਾਲੇ ਨੂੰ 1100 ਰੁਪਏ ਇਨਾਮ : ਕਾਂਗਰਸੀ ਕੌਂਸਲਰ
ਭਾਜਪਾ ਦੇ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਦੇ ਸਿਆਸੀ ਦੁਸ਼ਮਣ ਮਲਕੀਤ ਸਿੰਘ ਕੌਂਸਲਰ ਦਾ ਕਹਿਣਾ ਹੈ ਕਿ ਉਹ ਸੱਚ ਕਹਿ ਰਹੇ ਹਨ ਕਿ ਬੀਬੀ ਮਾਂਗਟ ਗੁੰਮਸ਼ੁਦਾ ਹੈ। ਜੇਕਰ ਕੋਈ ਉਨ੍ਹਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਲੱਭ ਕੇ ਲਿਆਉਂਦਾ ਹੈ ਤਾਂ ਉਸਨੂੰ 1100 ਰੁਪਏ ਇਨਾਮ ਦੇਣਗੇ। ਮਲਕੀਤ ਸਿੰਘ ਨੇ ਕਿਹਾ ਕਿ ਵਾਰਡ ਨੰ. 1 ਦੇ ਲੋਕ ਆਪਣੇ ਸਰਕਾਰੀ ਕੰਮਾਂ ਖਾਤਰ ਇਧਰ-ਉਧਰ ਭਟਕ ਰਹੇ ਹਨ। ਲੋਕਾਂ ਤੋਂ ਵੋਟਾਂ ਲੈ ਕੇ ਤਾਕਤ ਲੈਣ ਵਾਲੀ ਇਸ ਲੀਡਰ ਦਾ ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਦੇ ਕੰਮ ਕਰੇ, ਜੇਕਰ ਅਜਿਹਾ ਨਹੀਂ ਕਰਦੀ ਤਾਂ ਇਸ ਨੂੰ ਧੋਖਾ ਹੀ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਮੰਗ 'ਤੇ ਹੀ ਇਹ ਪੋਸਟਰ ਵਾਇਰਲ ਕੀਤਾ ਗਿਆ। ਜੇਕਰ ਬੀਬੀ ਮਾਂਗਟ ਨਾ ਪਰਤੇ ਤਾਂ ਲੋਕ ਧਰਨਾ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਕੀ ਕਹਿੰਦੇ ਹਨ ਵਾਰਡ ਨੰ. 1 ਦੇ ਲੋਕ 
ਕੁਝ ਸਮਾਂ ਪਹਿਲਾਂ ਵਾਰਡ ਨੰ. 1 ਦੇ ਲੋਕਾਂ ਦਾ ਕਹਿਣਾ ਸੀ ਕਿ ਵਾਰਡ ਦਾ ਵਿਕਾਸ ਨਹੀਂ ਹੋ ਰਿਹਾ। ਬਹੁਤ ਸਾਰੇ ਕੰਮ ਅਧੂਰੇ ਪਏ ਹਨ। ਹੁਣ ਲੋਕ ਆਪਣੀ ਕੌਂਸਲਰ ਨੂੰ ਗੁੰਮਸ਼ੁਦਾ ਕਰਾਰ ਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਦੂਜੇ ਵਾਰਡ ਦੇ ਕੌਂਸਲਰ ਪਾਸ ਜਾਣਾ ਪੈ ਰਿਹਾ ਹੈ।
ਬੀਬੀ ਮਾਂਗਟ 19 ਮਈ ਤੱਕ ਛੁੱਟੀ 'ਤੇ : ਦਿਆਲ ਸੋਢੀ
ਜ਼ਿਲਾ ਭਾਜਪਾ ਦੇ ਪ੍ਰਧਾਨ ਦਿਆਲ ਸੋਢੀ ਨੇ ਕਿਹਾ ਕਿ ਬੀਬੀ ਮਾਂਗਟ ਆਪਣੇ ਘਰੇਲੂ ਪ੍ਰੋਗਰਾਮ ਕਾਰਨ ਕੈਨੇਡਾ ਗਏ ਹੋਏ ਹਨ, ਜੋ ਕਿ 19 ਮਈ ਤੱਕ ਵਾਪਸ ਪਰਤ ਆਉਣਗੇ। ਉਹ ਡੇਢ ਮਹੀਨੇ ਦੀ ਛੁੱਟੀ ਬਕਾਇਦਾ ਲਿਖਤੀ ਤੌਰ 'ਤੇ ਦੇ ਗਏ ਸਨ। ਕਾਂਗਰਸੀ ਕੌਂਸਲਰ ਖਾਹਮਖਾਹ ਗੱਲਾਂ ਆਪਣੇ ਕੋਲੋਂ ਹੀ ਬਣਾ ਰਿਹਾ ਹੈ।
ਕੀ ਹੈ ਮਾਮਲਾ  
ਗੁਰਿੰਦਰਪਾਲ ਕੌਰ ਮਾਂਗਟ ਭਾਜਪਾ 'ਚ ਜ਼ਿਲੇ ਦੀ ਪਹਿਲੀ ਕਤਾਰ ਦੇ ਲੀਡਰ ਹਨ, ਜੋ ਇਸ ਸਮੇਂ ਨਗਰ ਨਿਗਮ ਦੇ ਡਿਪਟੀ ਮੇਅਰ ਵੀ ਹਨ। ਵਾਰਡ ਨੰ. 1 ਤੋਂ ਜਿੱਤਣ ਤੋਂ ਬਾਅਦ ਬੀਬੀ ਮਾਂਗਟ ਦੀ ਵਾਰਡ 'ਚ ਕਾਫੀ ਵਿਰੋਧਤਾ ਹੋ ਰਹੀ ਹੈ, ਜਿਵੇਂ ਕਿ ਆਮ ਲੀਡਰਾਂ ਦੀ ਹੁੰਦੀ ਹੈ। ਉਹ ਲੰਬੇ ਸਮੇਂ ਤੋਂ ਆਪਣੇ ਵਾਰਡ 'ਚ ਨਜ਼ਰ ਨਹੀਂ ਆਏ। ਸੁਭਾਵਿਕ ਹੈ ਆਮ ਲੋਕ ਕੌਂਸਲਰ ਦੇ ਦਸਤਖਤ ਤੇ ਮੋਹਰ ਖਾਤਰ ਉਨ੍ਹਾਂ ਦੇ ਘਰ ਜਾ ਰਹੇ ਹਨ ਪਰ ਕੌਂਸਲਰ ਆਪਣੇ ਘਰ ਨਹੀਂ ਹੈ। ਇਸ ਲਈ ਵਾਰਡ ਨੰ. 1 ਦੇ ਲੋਕ ਵਾਰਡ ਨੰ. 2 ਦੇ ਕਾਂਗਰਸੀ ਕੌਂਸਲਰ ਮਲਕੀਤ ਸਿੰਘ ਕੋਲ ਪਹੁੰਚ ਰਹੇ ਹਨ। ਅਜਿਹੀ ਸੂਰਤ 'ਚ ਦੋ ਵਾਰਡਾਂ ਦੇ ਲੋਕਾਂ ਦੀ ਆਮਦ ਨਾਲ ਮਲਕੀਤ ਸਿੰਘ ਦਾ ਕੰਮ ਵਧ ਗਿਆ ਹੈ। ਜਿਸ ਕਰ ਕੇ ਅੱਜ ਮਲਕੀਤ ਸਿੰਘ ਨੇ ਇਕ ਪੋਸਟਰ 'ਗੁੰਮਸ਼ੁਦਾ ਦੀ ਤਲਾਸ਼' ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਕਿ ਬੀਬੀ ਮਾਂਗਟ ਨੂੰ ਲੱਭਣ ਵਾਲੇ ਨੂੰ 1100 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ, ਜਦੋਂ ਤੱਕ ਬੀਬੀ ਮਾਂਗਟ ਨਹੀਂ ਲੱਭਦੇ, ਉਦੋਂ ਤੱਕ ਉਹ ਕੌਂਸਲਰ ਵਜੋਂ ਵਾਰਡ ਨੰ. 1 ਦੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ। ਇਹ ਪੋਸਟਰ ਵਾਇਰਲ ਹੋਣ ਨਾਲ ਸਿਆਸੀ ਗਲਿਆਰਿਆਂ 'ਚ ਵੱਖਰੀ ਚਰਚਾ ਛਿੜ ਗਈ ਹੈ। ਕੋਈ ਇਸਨੂੰ ਮਾਮੂਲੀ ਸਿਆਸੀ ਵਿਅੰਗ ਕਹਿ ਰਿਹਾ ਹੈ, ਜਦਕਿ ਕੋਈ ਇਸਨੂੰ ਗਲਤ ਵੀ ਕਰਾਰ ਦੇ ਰਿਹਾ ਹੈ।


Related News