ਮਹਿੰਗੀ ਸ਼ਰਾਬ ਕਾਰਨ ਖਤਰਨਾਕ ਕੈਮੀਕਲ ਅਲਕੋਹਲ ਫਿਰ ਆਇਆ ਬਾਹਰ
Tuesday, Jun 05, 2018 - 01:34 AM (IST)

ਅੰਮ੍ਰਿਤਸਰ, (ਇੰਦਰਜੀਤ)- ਸ਼ਰਾਬ ਮਹਿੰਗੀ ਹੋ ਜਾਣ ਦੇ ਕਾਰਨ ਪਿਛਲੇ ਕਈ ਸਾਲਾਂ ਤੋਂ ਦੱਬਿਆ ਹੋਇਆ ਖਤਰਨਾਕ ਅਲਕੋਹਲ ਦਾ 'ਜਿੰਨ' ਫਿਰ ਤੋਂ ਬਾਹਰ ਆਉਣ ਲੱਗਾ ਹੈ। ਪਿਛਲੇ ਦਿਨੀਂ ਜੰਡਿਆਲਾ ਪੁਲਸ ਵੱਲੋਂ ਫੜਿਆ ਗਿਆ ਅਲਕੋਹਲ ਦਾ ਟੈਂਕਰ ਇਸ ਦਾ ਸਪੱਸ਼ਟ ਸਬੂਤ ਹੈ ਕਿ ਗ਼ੈਰ-ਕਾਨੂੰਨੀ ਸ਼ਰਾਬ ਦੇ ਧੰਦੇਬਾਜ਼ਾਂ ਨੇ ਹੁਣ ਦੂਜੇ ਸਰਕਲ ਤੋਂ ਸ਼ਰਾਬ ਦੀ ਸਮੱਗਲਿੰਗ ਦੇ ਨਾਲ-ਨਾਲ ਕੈਮੀਕਲ ਤਰੀਕੇ ਨਾਲ ਸ਼ਰਾਬ ਬਣਾਉਣ ਦੇ ਧੰਦੇ ਨੂੰ ਦੁਬਾਰਾ ਅਪਣਾ ਲਿਆ ਹੈ। ਬੀਤੇ ਇਕ ਹਫ਼ਤੇ ਤੋਂ ਚੰਡੀਗੜ੍ਹ ਦੀ ਗ਼ੈਰ-ਕਾਨੂੰਨੀ ਸ਼ਰਾਬ ਦੀ ਫੜੀ ਹੋਈ ਖੇਪ ਪੁਲਸ ਅਤੇ ਐਕਸਾਈਜ਼ ਲਈ ਜਿਥੇ ਇਕ ਵੱਡਾ ਖ਼ਤਰਾ ਬਣ ਰਿਹਾ ਹੈ ਉਥੇ ਹੀ ਐਕਸਾਈਜ਼ ਵਿਭਾਗ ਇਸ 'ਤੇ ਜੁਰਮਾਨਾ ਲੈਣ ਵਿਚ ਵੀ ਅਸਮਰੱਥ ਹੈ।
ਕਿਉਂ ਹੈ ਖਤਰਨਾਕ ਕੈਮੀਕਲ ਅਲਕੋਹਲ?
ਆਮ ਤੌਰ 'ਤੇ ਸ਼ਰਾਬ ਲਈ ਵਰਤੋਂ ਕੀਤਾ ਜਾਣ ਵਾਲਾ ਇਥਾਇਲ ਅਲਕੋਹਲ ਗੰਨਾ, ਚੁਕੰਦਰ, ਅੰਗੂਰ, ਸ਼ੰਕਰਕੰਦੀ ਆਦਿ ਪਦਾਰਥਾਂ ਤੋਂ ਬਣਦਾ ਹੈ। ਇਸ ਵਿਚ ਨਸ਼ੇ ਦੀ ਡਿਗਰੀ 75 ਫ਼ੀਸਦੀ ਹੁੰਦੀ ਹੈ ਅਤੇ ਸਟਰੈਂਥ 42.8 ਹੁੰਦੀ ਹੈ। ਇਨ੍ਹਾਂ ਦੋਵਾਂ ਦੇ ਕੰਬੀਨੇਸ਼ਨ ਨਾਲ ਸ਼ਰਾਬ ਪੀਣਲਾਇਕ ਬਣ ਜਾਂਦੀ ਹੈ। ਦੂਜੇ ਪਾਸੇ ਜੋ ਸ਼ਰਾਬ ਕੈਮੀਕਲ ਤਰੀਕੇ ਨਾਲ ਬਣਦੀ ਹੈ ਉਸ ਵਿਚ ਪ੍ਰਯੋਗ ਕੀਤਾ ਜਾਣ ਵਾਲਾ ਪਦਾਰਥ ਮਿਥਾਇਲ ਅਲਕੋਹਲ ਕਹਾਉਂਦਾ ਹੈ। ਇਹ ਅਲਕੋਹਲ ਲੱਕੜੀ ਤੋਂ ਤਿਆਰ ਕੀਤੀ ਜਾਂਦੀ ਹੈ, ਇਸ ਵਿਚ ਕੁਝ ਮਾਤਰਾ ਇਥਾਇਲ ਦੀ ਵੀ ਮਿਲਾਈ ਜਾਂਦੀ ਹੈ।
ਕੀਮਤ ਵਿਚ ਅੰਤਰ
ਅੰਤਰਰਾਸ਼ਟਰੀ ਕੀਮਤ ਦੇ ਮੁਤਾਬਿਕ ਵਰਤਮਾਨ ਸਮੇਂ ਵਿਚ 70 ਡਿਗਰੀ ਅਲਕੋਹਲ ਜਿਸ ਵਿਚ ਸਟਰੈਂਥ 40 ਹੁੰਦੀ ਹੈ, ਦੀ ਕੀਮਤ 42 ਤੋਂ 52 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਕੈਮੀਕਲ ਅਲਕੋਹਲ ਦੀ ਕੀਮਤ ਵਰਤਮਾਨ ਸਮੇਂ ਵਿਚ 27 ਤੋਂ 33 ਰੁਪਏ ਪ੍ਰਤੀ ਲਿਟਰ ਹੈ। ਇਸ ਵਿਚ ਵੱਡੀ ਗੱਲ ਹੈ ਕਿ ਇਹ ਸ਼ਰਾਬ ਵਿਚ ਵਰਤੋਂ ਹੋਣ ਵਾਲੇ ਇਥਾਇਲ ਤੋਂ ਤਿੰਨ ਗੁਣਾ ਜ਼ਿਆਦਾ ਖਤਰਨਾਕ ਹੁੰਦਾ ਹੈ। ਕੈਮੀਕਲ ਦੇ ਵਿਦਵਾਨ ਪ੍ਰੋ. ਮਹੇਸ਼ ਦੁੱਗਲ ਦਾ ਕਹਿਣਾ ਹੈ ਕਿ 2 ਨੰਬਰ ਵਿਚ ਵਿਕਣ ਵਾਲਾ ਇਹ ਮਿਥਾਇਲ ਮਿਕਸ ਅਲਕੋਹਲ ਇੰਨਾ ਖਤਰਨਾਕ ਹੁੰਦਾ ਹੈ ਕਿ ਜੇਕਰ ਇਕ ਹਿੱਸਾ ਪਾਣੀ ਦੇ ਨਾਲ ਇਸ ਨੂੰ ਮਿਲਾ ਦਿੱਤਾ ਜਾਵੇ ਤਾਂ ਮਜ਼ਬੂਤ ਬੋਤਲ ਪਟਾਕੇ ਦੀ ਤਰ੍ਹਾਂ ਫਟ ਜਾਂਦੀ ਹੈ। ਜੇਕਰ ਕੋਈ ਵਿਅਕਤੀ ਇਸ ਨੂੰ ਨੀਡ ਪੀ ਲਵੇ ਤਾਂ ਇਸ ਨਾਲ ਤੁਰੰਤ ਲਿਵਰ ਡੈਮੇਜ ਹੋਣ ਦਾ ਖ਼ਤਰਾ ਹੁੰਦਾ ਹੈ। ਜ਼ਿਆਦਾਤਰ ਮੌਤਾਂ ਇਸ ਅਲਕੋਹਲ ਦੇ ਕਾਰਨ ਹੁੰਦੀਆਂ ਹਨ।
ਜੁਰਮਾਨੇ ਵਿਚ ਮੁਸ਼ਕਿਲ
ਐਕਸਾਈਜ਼ ਵਿਭਾਗ ਅਤੇ ਪੁਲਸ ਵਲੋਂ ਗ਼ੈਰ-ਕਾਨੂੰਨੀ ਸ਼ਰਾਬ ਫੜੇ ਜਾਣ 'ਤੇ ਉਸ 'ਤੇ ਜੁਰਮਾਨੇ ਦੀ ਵਿਵਸਥਾ ਐਕਸਾਈਜ਼ ਵਿਭਾਗ ਕੋਲ ਹੁੰਦੀ ਹੈ। ਕਿਸੇ ਵੀ ਚੀਜ਼ 'ਤੇ ਜੁਰਮਾਨਾ ਪੈਣ ਦੇ ਬਾਅਦ ਉਸ ਨੂੰ ਦੋਸ਼ੀ ਰਿਲੀਜ਼ ਕਰਵਾ ਕੇ ਵੇਚ ਸਕਦਾ ਹੈ ਅਤੇ ਖਪਤਕਾਰ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਬਣਦਾ ਹੈ ਪਰ ਜੇਕਰ ਕੋਈ ਚੀਜ਼ ਕੈਮੀਕਲ ਤੌਰ 'ਤੇ ਸਰੀਰ ਲਈ ਖਤਰਨਾਕ ਹੋਵੇ ਤਾਂ ਉਸ ਨੂੰ ਪ੍ਰਤੀਬੰਧਿਤ ਸ਼੍ਰੇਣੀ ਵਿਚ ਲਿਆਂਦਾ ਜਾਂਦਾ ਹੈ, ਅਜਿਹੀ ਚੀਜ਼ ਸਰਕਾਰ ਜ਼ਬਤ ਕਰ ਸਕਦੀ ਹੈ ਪਰ ਜੁਰਮਾਨਾ ਨਾ ਲੱਗਣ ਦੀ ਸੂਰਤ ਵਿਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਭਾਰੀ ਨੁਕਸਾਨ ਹੁੰਦਾ ਹੈ। ਦੂਜੇ ਪਾਸੇ ਪੁਲਸ ਵੱਲੋਂ ਦਰਜ ਕੀਤੇ ਗਏ 61/1/14 ਦੇ ਮਾਮਲੇ ਨੂੰ ਐਕਸਾਈਜ਼ ਐਕਟ ਹੇਠ ਮੰਨਿਆ ਜਾਂਦਾ ਹੈ ਜਿਸ ਵਿਚ ਦੋਸ਼ੀ ਤੁਰੰਤ ਜ਼ਮਾਨਤ ਕਰਵਾ ਲੈਂਦਾ ਹੈ ਪਰ ਵੱਡੀ ਗੱਲ ਹੈ ਕਿ ਬਰਾਮਦ ਕੀਤਾ ਗਿਆ ਪਦਾਰਥ ਬਾਅਦ ਵਿਚ ਕਿਸ ਕੰਮ ਆਉਂਦਾ ਹੈ, ਕਿਸ ਨੂੰ ਡਲਿਵਰ ਕੀਤਾ ਜਾਂਦਾ ਹੈ ਇਹ ਭੇਦ ਦਾ ਵਿਸ਼ਾ ਹੈ।
ਐਕਸਾਈਜ਼ ਵਿਭਾਗ
ਨੇ ਬਣਾਈਆਂ ਟੀਮਾਂ
ਟੈਕਸੇਸ਼ਨ ਦੇ ਐਕਸਾਈਜ਼ ਵਿੰਗ ਦੇ ਡਾਇਰੈਕਟਰ ਪੰਜਾਬ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਐਕਸਾਈਜ਼ ਵਿਭਾਗ ਨੇ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਵਿਸ਼ੇਸ਼ ਤੌਰ 'ਤੇ ਟੀਮਾਂ ਤਿਆਰ ਕਰ ਲਈਆਂ ਹਨ ਜੋ ਜ਼ਿਲਾ ਪੱਧਰ 'ਤੇ ਕੰਮ ਕਰਨਗੀਆਂ ਅਤੇ ਜਿਥੋਂ ਮਾਲ ਨਿਕਲਦਾ ਹੈ ਉਨ੍ਹਾਂ ਅੱਡਿਆਂ ਅਤੇ ਟਿਕਾਣਿਆਂ ਨੂੰ ਪੁਲਸ ਦੀ ਮਦਦ ਨਾਲ ਨਸ਼ਟ ਕਰਵਾਇਆ ਜਾਵੇਗਾ ਜਿਥੇ ਜ਼ਹਿਰੀਲੇ ਤੱਤ ਦੀ ਸ਼ਰਾਬ ਬਣਦੀ ਹੈ।
ਜੰਡਿਆਲਾ ਪੁਲਸ ਨੇ ਕੀਤਾ ਮਾਮਲਾ ਦਰਜ
ਬੀਤੇ ਦਿਨੀਂ ਜੰਡਿਆਲਾ ਪੁਲਸ ਨੇ ਐਕਸਾਈਜ਼ ਐਕਟ ਦੀ ਧਾਰਾ 61/1/14 ਤਹਿਤ ਕੇਸ ਦਰਜ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਡੀ.ਐੱਸ.ਪੀ. ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਨੇ ਦਿੱਤੀ ਪਰ ਹੋਰ ਧਾਰਾਵਾਂ ਲਈ ਇਸ ਦੀ ਜਾਂਚ ਬਾਅਦ ਵਿਚ ਕੀਤੀ ਜਾਵੇਗੀ।