ਕਿਊਬਾ ਜਹਾਜ਼ ਹਾਦਸਾ : ਮ੍ਰਿਤਕਾਂ ਦੀ ਗਿਣਤੀ ''ਚ ਹੋਇਆ ਵਾਧਾ, ਜਿਊਂਦੀ ਬਚੀ ਔਰਤ ਦੀ ਮੌਤ
Tuesday, May 22, 2018 - 10:50 AM (IST)

ਹਵਾਨਾ— ਕਿਊਬਾ ਵਿਚ ਵਾਪਰੇ ਜਹਾਜ਼ ਹਾਦਸੇ ਵਿਚ ਜਿਊਂਦਾ ਬਚੀਆਂ 3 ਔਰਤਾਂ 'ਚੋਂ ਇਕ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਧ ਕੇ 111 ਹੋ ਗਈ ਹੈ। ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ 23 ਸਾਲਾ ਗ੍ਰੇਟੇਲ ਲੈਂਡਰੋਵ ਨੂੰ ਡੂੰਘੀਆਂ ਸੱਟਾਂ ਲੱਗਣ ਕਾਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆ ਉਸ ਦੀ ਮੌਤ ਹੋ ਗਈ। ਹਾਦਸੇ ਵਿਚ ਬਚੀਆਂ 2 ਹੋਰ ਔਰਤਾਂ ਦੀ ਹਾਲਤ ਹੁਣ ਵੀ ਨਾਜ਼ੁਕ ਬਣੀ ਹੋਈ ਹੈ। ਦੱਸਣਯੋਗ ਹੈ ਕਿ ਕਿਊਬਾਨਾ ਡੀ ਹਵਾਬਾਜ਼ੀ ਵਲੋਂ ਸੰਚਾਲਤ ਬੋਇੰਗ-737 ਸ਼ੁੱਕਰਵਾਰ ਨੂੰ ਹਵਾਨਾ ਦੇ ਜੋਸ ਮਾਰਟੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਥੋੜ੍ਹੇ ਸਮੇਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਕਿਊਬਾ ਦੀ ਸਰਕਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ 33 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ 'ਚੋਂ ਕਈਆਂ ਨੂੰ ਦਫਨਾ ਦਿੱਤਾ ਗਿਆ ਹੈ। ਟਰਾਂਸਪੋਰਟ ਮੰਤਰੀ ਅਦੇਲ ਯਜੀਰਡੋ ਨੇ ਕਿਹਾ ਕਿ ਜਹਾਜ਼ ਦੇ 2 'ਬਲੈਕ ਬਾਕਸਾਂ' 'ਚੋਂ ਇਕ ਮਿਲ ਗਿਆ ਹੈ। ਇਸ ਤੋਂ ਪ੍ਰਾਪਤ ਜਾਣਕਾਰੀ ਤੋਂ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।