''ਸਹੀ ਕੀਮਤ ਮਿਲਣ ''ਤੇ ਹੀ ਵਿਕੇਗੀ ਏਅਰ ਇੰਡੀਆ''

05/22/2018 10:52:23 PM

ਨਵੀਂ ਦਿੱਲੀ— ਜਨਤਕ ਖੇਤਰ ਦੀ ਏਅਰਲਾਈਨ ਏਅਰ ਇੰਡੀਆ ਲਈ ਜੇਕਰ ਸਹੀ ਕੀਮਤ ਨਹੀਂ ਮਿਲਦੀ ਹੈ, ਤਾਂ ਸਰਕਾਰ ਸ਼ਾਇਦ ਇਸ ਨੂੰ ਨਹੀਂ ਵੇਚੇਗੀ। ਸ਼ਹਿਰੀ ਹਵਾਬਾਜ਼ੀ ਸਕੱਤਰ ਆਰ. ਐੱਨ. ਚੌਬੇ ਨੇ ਇਹ ਗੱਲ ਕਹੀ। ਹਾਲਾਂਕਿ, ਇਸ ਦੇ ਨਾਲ ਹੀ ਚੌਬੇ ਨੇ ਭਰੋਸਾ ਪ੍ਰਗਟਾਇਆ ਕਿ ਏਅਰ ਇੰਡੀਆ ਲਈ ਚੰਗੀ ਕੀਮਤ ਮਿਲੇਗੀ। ਏਅਰ ਇੰਡੀਆ ਲਈ ਰੁਚੀ ਪੱਤਰ (ਈ. ਓ. ਆਈ.) ਭੇਜਣ ਦੀ ਆਖਰੀ ਤਾਰੀਖ 31 ਮਈ ਹੈ।  
ਚੌਬੇ ਨੇ ਦੱਸਿਆ ਕਿ ਬੇਨਤੀ ਪ੍ਰਸਤਾਵ (ਆਰ. ਐੱਫ. ਪੀ.) 15 ਜੂਨ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਲਾਈਨ ਲਈ ਸਭ ਤੋਂ ਉੱਚੀ ਬੋਲੀ ਲਾਉਣ ਵਾਲੇ ਦਾ ਨਾਂ ਅਗਸਤ ਦੇ ਅੰਤ ਤੱਕ ਪਤਾ ਲੱਗੇਗਾ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਸਭ ਤੋਂ ਉੱਚੀ ਬੋਲੀ ਲਾਉਣ ਵਾਲਾ ਸਫਲ ਬੋਲੀਦਾਤਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਇਰਾਦਾ ਵਿਨਿਵੇਸ਼ ਪ੍ਰਕਿਰਿਆ ਨੂੰ ਇਸ ਸਾਲ ਦੇ ਅੰਤ ਤੱਕ ਪੂਰਾ ਕਰਨ ਦਾ ਹੈ। ਪ੍ਰਸਤਾਵਿਤ ਵਿਕਰੀ ਨੂੰ ਲੈ ਕੇ ਏਅਰ ਇੰਡੀਆ ਕਰਮਚਾਰੀ ਯੂਨੀਅਨਾਂ ਦੇ ਵਿਰੋਧ 'ਤੇ ਚੌਬੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤੱਥ ਦੀ ਜਾਣਕਾਰੀ ਹੈ ਕਿ ਦੁਨੀਆਭਰ 'ਚ ਏਅਰਲਾਈਨ ਨੇ ਨਿੱਜੀਕਰਨ ਤੋਂ ਬਾਅਦ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਚੌਬੇ ਨੇ ਕਿਹਾ ਸੀ ਕਿ ਰਾਸ਼ਟਰੀ ਏਅਰਲਾਈਨ ਦੇ ਵਿਨਿਵੇਸ਼ ਨੂੰ ਲੈ ਕੇ ਕਾਫ਼ੀ ਰੁਚੀ ਵਿਖਾਈ ਦਿੱਤੀ ਜਾ ਰਹੀ ਹੈ। ਸਰਕਾਰ ਸਪੱਸ਼ਟ ਕਰ ਚੁੱਕੀ ਹੈ ਕਿ ਵਿਨਿਵੇਸ਼ ਤੋਂ ਬਾਅਦ ਏਅਰ ਇੰਡੀਆ 'ਚ ਉਹ 24 ਫ਼ੀਸਦੀ ਹਿੱਸੇਦਾਰੀ ਦੇ ਨਾਲ ਥੋੜ੍ਹੇ ਹਿੱਸੇ ਦੀ ਸ਼ੇਅਰਧਾਰਕ ਰਹੇਗੀ।


Related News