ਨਹੀਂ ਦਿੱਤਾ ਸਾਈਲੈਂਟ ਜਨਰੇਟਰ, ਹੁਣ ਵਿਕਰੇਤਾ ਦੇਵੇਗਾ ਹਰਜਾਨਾ

Sunday, Jun 03, 2018 - 01:58 AM (IST)

ਨਹੀਂ ਦਿੱਤਾ ਸਾਈਲੈਂਟ ਜਨਰੇਟਰ, ਹੁਣ ਵਿਕਰੇਤਾ ਦੇਵੇਗਾ ਹਰਜਾਨਾ

ਹੁਸ਼ਿਆਰਪੁਰ— ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਖਪਤਕਾਰ ਨੂੰ ਰਾਹਤ ਦਿੰਦੇ ਹੋਏ ਜਨਰੇਟਰ ਵਿਕਰੇਤਾ ਨੂੰ ਸਪੈਸੀਫਿਕੇਸ਼ਨ ਦੇ ਮੁਤਾਬਕ ਜਨਰੇਟਰ ਦੇਣ ਅਤੇ ਹਰਜਾਨਾ 30 ਦਿਨ ਦੇ ਅੰਦਰ ਵਾਪਸ ਕਰਨ ਦਾ ਹੁਕਮ ਦਿੱਤਾ।
ਕੀ ਹੈ ਮਾਮਲਾ
ਸ਼ੰਕਰ ਨਗਰ ਫਤਿਹਗੜ੍ਹ ਰੋਡ ਦੀ ਗਲੀ ਨੰਬਰ-3 ਦੇ ਨਿਵਾਸੀ ਦੇਵ ਰਾਜ ਸੈਣੀ ਨੇ 7 ਫਰਵਰੀ 2018 ਨੂੰ ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ 'ਚ ਕੀਤੀ ਸ਼ਿਕਾਇਤ 'ਚ ਕਿਹਾ ਸੀ ਕਿ ਉਸਨੇ ਸੋਹਨ ਲਾਲ ਮਾਲਕ ਫਗਵਾੜਾ ਮਿੱਲ ਸਟੋਰ ਕੋਰਟ ਰੋਡ ਹੁਸ਼ਿਆਰਪੁਰ ਤੋਂ 7 ਕੇ. ਵੀ. ਦਾ ਜਨਰੇਟਰ 9 ਨਵੰਬਰ 2016 ਨੂੰ ਆਪਣੀ ਲੜਕੀ ਦੇ ਈਸ਼ਾ ਡੈਂਟਲ ਕਲੀਨਿਕ ਲਈ ਖਰੀਦਿਆ ਸੀ। ਉਸ ਨੇ ਇਸਦੀ 75 ਹਜ਼ਾਰ ਰੁਪਏ ਦੀ ਅਦਾਇਗੀ ਕਰ ਦਿੱਤੀ ਸੀ। ਜਨਰੇਟਰ ਕਲੀਨਿਕ 'ਚ 16 ਸਤੰਬਰ 2016 ਨੂੰ ਇੰਸਟਾਲ ਕੀਤਾ ਗਿਆ। ਇਹ ਜਨਰੇਟਰ ਉਸ ਸਪੈਸੀਫਿਕੇਸ਼ਨ ਦੇ ਮੁਤਾਬਕ ਨਹੀਂ ਸੀ, ਜਿਸਦਾ ਉਸ ਨੇ ਆਰਡਰ ਦਿੱਤਾ ਸੀ, ਨਾ ਹੀ ਇਹ ਸਾਈਲੈਂਟ ਜਨਰੇਟਰ ਸੀ। ਉਸ ਨੇ ਜਨਰੇਟਰ ਦੇ ਠੀਕ ਢੰਗ ਨਾਲ ਨਾ ਚੱਲਣ ਦੇ ਸਬੰਧ 'ਚ ਦੁਕਾਨਦਾਰ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਉਸ ਨੇ ਕੋਈ ਧਿਆਨ ਨਾ ਦਿੱਤਾ ਤੇ ਨਾ ਹੀ ਉਸ ਨੂੰ 75 ਹਜ਼ਾਰ ਰੁਪਏ ਦਾ ਪੱਕਾ ਬਿੱਲ ਦਿੱਤਾ। ਉਸ ਨੂੰ ਸਿਰਫ 15 ਨਵੰਬਰ 2017 ਨੂੰ 75 ਹਜ਼ਾਰ ਰੁਪਏ ਦੀ ਰਾਸ਼ੀ ਦੀ ਰਸੀਦ ਦਿੱਤੀ ਗਈ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਕਰਨੈਲ ਸਿੰਘ ਤੇ ਮੈਂਬਰ ਹਰਵਿਮਲ ਡੋਗਰਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫਗਵਾੜਾ ਮਿੱਲ ਸਟੋਰ ਦੇ ਮਾਲਕ ਸੋਹਨ ਲਾਲ ਨੂੰ ਇਹ ਹੁਕਮ ਦਿੱਤਾ ਕਿ ਖਰਾਬ ਜਨਰੇਟਰ ਵਾਪਸ ਕੀਤਾ ਜਾਵੇ ਤੇ ਸ਼ਿਕਾਇਤਕਰਤਾ ਨੂੰ 70 ਹਜ਼ਾਰ ਰੁਪਏ ਦੀ ਰਾਸ਼ੀ 15 ਨਵੰਬਰ 2017 ਤੋਂ ਲੈ ਕੇ 9 ਫੀਸਦੀ ਵਿਆਜ ਦੀ ਦਰ ਨਾਲ ਅਦਾ ਕੀਤੀ ਜਾਵੇ। ਖਪਤਕਾਰ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 30 ਦਿਨ ਦੇ ਅੰਦਰ-ਅੰਦਰ ਹਰਜਾਨੇ ਦੇ ਤੌਰ 'ਤੇ 15,000 ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇ।


Related News