ਸਕੂਲ ਬੱਸ ''ਚੋਂ ਉਤਰਨ ਸਮੇਂ ਹੋਏ ਹਾਦਸੇ ''ਚ ਬੱਚਾ ਜ਼ਖ਼ਮੀ
Sunday, May 20, 2018 - 12:25 AM (IST)

ਹੁਸ਼ਿਆਰਪੁਰ, (ਅਮਰਿੰਦਰ)- ਅੱਜ ਦੁਪਹਿਰੇ ਕਰੀਬ 1.15 ਵਜੇ ਮੁਹੱਲਾ ਨਵੀਂ ਆਬਾਦੀ 'ਚ 10 ਸਾਲਾ ਮਾਸੂਮ ਬੱਚਾ ਆਰਿਅਨ ਸੂਦ ਇਕ ਮੋਟਰਸਾਈਕਲ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ, ਜਦੋਂ ਉਹ ਸਕੂਲ ਬੱਸ ਵਿਚੋਂ ਉਤਰਨ ਪਿੱਛੋਂ ਸੜਕ ਪਾਰ ਕਰ ਰਿਹਾ ਸੀ। ਸੜਕ 'ਤੇ ਹੀ ਮੌਜੂਦ ਆਰਿਅਨ ਦੀ ਮਾਤਾ ਈਸ਼ਾ ਸੂਦ ਨੇ ਇਸ ਸਬੰਧੀ ਸੂਚਨਾ ਆਪਣੇ ਪਤੀ ਵਿਕਾਸ ਸੂਦ ਨੂੰ ਦਿੱਤੀ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ ਵਿਚ ਵਿਕਾਸ ਸੂਦ ਨੇ ਦੋਸ਼ ਲਾਇਆ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ 'ਚ ਅਟੈਂਡੈਂਟ ਤਾਇਨਾਤ ਨਹੀਂ ਕਰ ਰਹੇ, ਜਦਕਿ ਸੁਪਰੀਮ ਕੋਰਟ ਦੇ ਸਾਫ਼ ਨਿਰਦੇਸ਼ ਹਨ ਕਿ ਬੱਚਿਆਂ ਨੂੰ ਬੱਸ 'ਚੋਂ ਉਤਾਰਨ ਤੋਂ ਬਾਅਦ ਅਟੈਂਡੈਂਟ ਸੜਕ ਪਾਰ ਕਰਵਾਵੇ। ਉਨ੍ਹਾਂ ਮੈਡੀਕਲ ਰਿਪੋਰਟ ਦੇ ਨਾਲ ਥਾਣਾ ਸਿਟੀ ਨੂੰ ਸ਼ਿਕਾਇਤ ਦੇ ਕੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।