ਸੁਪਰਡੈਂਟ ਨੇ ਜੇਲ ''ਚ 200 ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਭੇਜਿਆ ਪ੍ਰਸਤਾਵ

Tuesday, May 22, 2018 - 04:44 AM (IST)

ਲੁਧਿਆਣਾ(ਸਿਆਲ)-13 ਮਈ ਨੂੰ ਕੇਂਦਰੀ ਜੇਲ ਤੋਂ ਦੋ ਹਵਾਲਾਤੀ ਭਰਾਵਾਂ ਨੂੰ ਫਰਾਰ ਹੋਇਆਂ 216 ਘੰਟੇ ਦਾ ਸਮਾਂ ਬੀਤ ਜਾਣ 'ਤੇ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ। ਚਾਹੇ ਪੁਲਸ ਦੀਆਂ ਟੀਮਾਂ ਇਨ੍ਹਾਂ ਨੂੰ ਫੜਨ ਲਈ ਕੁਰੂਕਸ਼ੇਤਰ ਤੇ ਖੰਨਾ ਸਮੇਤ ਕਈ ਸਥਾਨਾਂ 'ਤੇ ਛਾਪੇ ਮਾਰ ਰਹੀਆਂ ਹਨ। ਉਧਰ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਤੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਜੇਲ ਅੰਦਰ ਐਡਮਨਿਸਟ੍ਰੇਸ਼ਨ ਬਲਾਕ, ਡਿਓਢੀ ਦੀ ਛੱਤ ਤੇ ਜੇਲ ਕੰਪਲੈਕਸ ਵਿਚ ਜਾ ਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਜੇਲ ਦੀਆਂ ਬੈਰਕਾਂ ਦੇ ਕੈਦੀਆਂ ਤੇ ਹਵਾਲਾਤੀਆਂ ਦੀ ਬੰਦੀ ਸਵੇਰੇ ਖੁੱਲ੍ਹਣ ਤੋਂ ਸ਼ਾਮ ਬੰਦ ਹੋਣ ਦੇ ਸਮੇਂ ਤਕ ਜੇਲ ਦੇ ਐਡਮਨਿਸਟ੍ਰੇਸ਼ਨ ਬਲਾਕ ਵਿਚ ਦੋ ਕਰਮਚਾਰੀ ਲਗਾਤਾਰ ਤਾਇਨਾਤ ਰਹਿਣ ਅਤੇ ਜੇਲ ਡਿਓਢੀ ਦੀ ਛੱਤ 'ਤੇ ਐੱਸ. ਐੱਲ. ਆਰ. ਨਾਲ ਚਾਰ ਜੇਲ ਗਾਰਦ ਕਰਮਚਾਰੀ ਹਰੇਕ ਬੰਦੀ ਦੇ ਆਉਣ-ਜਾਣ 'ਤੇ ਨਿਗਰਾਨੀ ਰੱਖਣ ਦੇ ਨਾਲ ਉਕਤ ਬਲਾਕ ਵਿਚ ਕਿਸੇ ਕੈਦੀ ਤੇ ਹਵਾਲਾਤੀ ਨੂੰ ਰੁਕਣ ਨਹੀਂ ਦੇਣਗੇ। ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਜੇਲ ਦੇ ਅੰਦਰ ਵੱਖ-ਵੱਖ ਸਥਾਨਾਂ 'ਤੇ 200 ਦੇ ਲਗਭਗ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਪ੍ਰਸਤਾਵ ਪੰਜਾਬ ਸਰਕਾਰ ਤੇ ਜੇਲ ਵਿਭਾਗ ਨੂੰ ਭੇਜ ਦਿੱਤਾ ਹੈ ਤਾਂ ਕਿ ਜੇਲ ਅੰਦਰ ਬੈਰਕਾਂ ਤੋਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ ਜਾ ਸਕੇ।  ਮੁਲਾਕਾਤ ਕਮਰੇ ਦੀ ਛੱਤ ਜਿਥੋਂ ਦੋ ਹਵਾਲਾਤੀ ਭਰਾ ਫਰਾਰ ਹੋਏ ਸਨ। ਉਸ ਦੇ ਠੀਕ ਸਾਹਮਣੇ ਮੁਲਾਕਾਤ ਦਰਜ ਕਮਰੇ ਦੀ ਛੱਤ 'ਤੇ ਅੱਠ ਫੁੱਟ ਉੱਚੀ ਪੁਲਸ ਸੁਰੱਖਿਆ ਪੋਸਟ ਦਾ ਨਿਰਮਾਣ ਇਕ ਦੋ ਦਿਨ ਵਿਚ ਸ਼ੁਰੂ ਹੋ ਜਾਵੇਗਾ। ਇਸ ਪੋਸਟ 'ਚ ਐੱਲ. ਐੱਮ. ਜੀ. ਵਾਲਾ ਜਵਾਨ ਤਾਇਨਾਤ ਰਹੇਗਾ, ਜੋ ਜੇਲ ਕੰਪਲੈਕਸ, ਆਉਣ ਜਾਣ ਵਾਲੇ ਮੁਲਾਕਾਤੀਆਂ ਤੇ ਮੁਲਾਕਾਤ ਕਮਰੇ ਦੀ ਕੰਧ ਦੇ ਨਾਲ ਖਾਲੀ ਪਏ ਪਲਾਟ ਦੀ ਨਿਗਰਾਨੀ ਰੱਖੇਗਾ।  ਜੇਲ ਅੰਦਰ ਰਿਜ਼ਰਵ ਗਾਰਦ ਦੇ 10 ਕਰਮਚਾਰੀ ਚੌਕਸ ਰਹਿਣਗੇ ਤਾਂ ਕਿ ਕਿਸੇ ਵੀ ਬੈਰਕ ਵਿਚ ਬੰਦੀਆਂ ਦੀ ਕਿਸੇ ਗੱਲ ਨੂੰ ਲੈ ਕੇ ਤਣਾਅ ਪੈਦਾ ਹੁੰਦਾ ਹੈ ਤਾਂ ਉਨ੍ਹਾਂ 'ਤੇ ਕਾਬੂ ਪਾਇਆ ਜਾ ਸਕੇ।


Related News