ਸੀ. ਬੀ. ਆਈ. ਨੇ ਗੁੜੀਆ ਜਬਰ-ਜ਼ਨਾਹ ਮਾਮਲਾ ਕੀਤਾ ਹੱਲ

04/26/2018 4:50:16 AM

ਨਵੀਂ ਦਿੱਲੀ - ਹਿਮਾਚਲ ਪ੍ਰਦੇਸ਼ ਦੇ ਕੋਟ ਖਾਈ ਇਲਾਕੇ ਵਿਚ ਪਿਛਲੇ ਸਾਲ ਵਾਪਰੇ ਸਨਸਨੀਖੇਜ਼ ਗੁੜੀਆ ਜਬਰ-ਜ਼ਨਾਹ ਅਤੇ ਹੱਤਿਆ ਮਾਮਲੇ ਵਿਚ ਇਕ ਮੁਲਜ਼ਮ ਦੀ ਗ੍ਰਿਫਤਾਰੀ ਦੇ ਨਾਲ ਹੀ ਸੀ. ਬੀ. ਆਈ. ਨੇ ਇਸ ਗੁੱਥੀ ਨੂੰ ਹੱਲ ਕਰ ਲੈਣ ਦਾ ਦਾਅਵਾ ਕੀਤਾ ਹੈ। ਜਾਂਚ ਏਜੰਸੀ ਨੇ ਬੁੱਧਵਾਰ 25 ਸਾਲਾ ਮੁਲਜ਼ਮ ਅਨਿਲ ਕੁਮਾਰ ਉਰਫ ਨੀਲੂ ਨੂੰ ਰਾਜਧਾਨੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ 7 ਮਈ ਤਕ ਲਈ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ। ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਅਪਰਾਧਿਕ ਪਿਛੋਕੜ ਵਾਲੇ ਅਨਿਲ ਨੂੰ 13 ਅਪ੍ਰੈਲ ਨੂੰ ਸ਼ਿਮਲਾ ਦੇ ਰੋਹੜੂ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਸੀ।
40 ਮੈਂਬਰੀ ਟੀਮ ਨੇ 9 ਮਹੀਨਿਆਂ ਤਕ ਇਕੱਠੇ ਕੀਤੇ ਸਬੂਤ : ਸੀ. ਬੀ. ਆਈ. ਦੀ 40 ਮੈਂਬਰੀ ਟੀਮ ਅਪਰਾਧ ਵਾਲੀ ਥਾਂ ਦੇ ਆਲੇ-ਦੁਆਲੇ ਲਗਭਗ 9 ਮਹੀਨਿਆਂ ਤਕ ਲੁਕਵੇਂ ਢੰਗ ਨਾਲ ਸਥਾਨਕ ਲੋਕਾਂ ਕੋਲੋਂ ਸਬੂਤ ਇਕੱਠੇ ਕਰਨ ਵਿਚ ਲੱਗੀ ਰਹੀ। ਸੀ. ਬੀ. ਆਈ. ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ 'ਤੇ 22 ਜੁਲਾਈ 2017 ਨੂੰ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ।
1000 ਵਿਅਕਤੀਆਂ ਨਾਲ ਕੀਤੀ ਗੱਲਬਾਤ, 400 ਤੋਂ ਵੱਧ ਲੋਕਾਂ ਦੇ ਲਏ ਬਿਆਨ : ਸੀ. ਬੀ. ਆਈ. ਨੇ ਸੂਬਾਈ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਹੋਏ ਨਵੇਂ ਸਿਰੇ ਤੋਂ ਪੜਤਾਲ ਸ਼ੁਰੂ ਕੀਤੀ ਸੀ। ਏਜੰਸੀ ਨੇ ਕਈ ਮੋਰਚਿਆਂ 'ਤੇ ਕੰਮ ਕੀਤਾ। ਕੁਝ ਟੀਮਾਂ ਨੇ ਸਥਾਨਕ ਲੋਕਾਂ ਨਾਲ ਨੇੜਤਾ ਵਧਾਉਣ ਸੰਬੰਧੀ ਵੀ ਕੰਮ ਕੀਤਾ। ਕੁਝ ਟੀਮਾਂ ਨੇ ਆਲੇ-ਦੁਆਲੇ ਦੇ ਖੇਤਰਾਂ ਵਿਚ ਤਲਾਸ਼ੀਆਂ ਦੀ ਮੁਹਿੰਮ ਵੀ ਚਲਾਈ। ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਇਕ ਹਜ਼ਾਰ ਤੋਂ ਵੱਧ ਲੋਕਾਂ ਨਾਲ ਗੱਲਬਾਤ ਕੀਤੀ ਅਤੇ 400 ਤੋਂ ਵੱਧ ਦੇ ਬਿਆਨ ਲਏ।


Related News