ਬੱਸ ਨੇ ਵੈਨ ਤੇ ਸਾਈਕਲ ਸਵਾਰਾਂ ਨੂੰ ਲਿਆ ਲਪੇਟ ''ਚ, 5 ਜ਼ਖਮੀ

05/13/2018 7:00:50 AM

ਕੁਰਾਲੀ,  (ਬਠਲਾ)-  ਸ਼ਹਿਰ ਦੇ ਮੋਰਿੰਡਾ ਮਾਰਗ 'ਤੇ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਵੈਨ ਤੇ ਸਾਈਕਲ ਸਵਾਰਾਂ ਨੂੰ ਲਪੇਟ ਵਿਚ ਲੈ ਲਿਆ, ਜਿਸ ਕਾਰਨ 5 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਨੈਸ਼ਨਲ ਪਬਲਿਕ ਸਕੂਲ ਦੇ ਸਾਹਮਣੇ ਹਾਦਸਾ ਉਸ ਸਮੇਂ ਹੋਇਆ, ਜਦੋਂ ਮੋਰਿੰਡਾ ਵਲੋਂ ਆ ਰਹੀ ਤੇਜ ਰਫ਼ਤਾਰ ਬੱਸ ਨੇ ਓਵਰਟੇਕ ਕਰਨ ਦੇ ਚੱਕਰ ਵਿਚ ਸੜਕ ਦੇ ਦੂਜੇ ਪਾਸੇ ਖੜ੍ਹੀ ਮਾਰੂਤੀ ਵੈਨ ਤੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ।  ਮਾਰੂਤੀ ਵੈਨ ਦੇ ਚਾਲਕ ਦੀਪਕ ਗੁਪਤਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਬੱਚਿਆਂ ਦੀ ਨੈਸ਼ਨਲ ਸਕੂਲ ਵਿਚ ਹੋਣ ਵਾਲੀ ਪੇਰੈਂਟਸ-ਟੀਚਰਜ਼ ਮੀਟਿੰਗ ਵਿਚ ਆਇਆ ਸੀ। ਉਹ ਅਜੇ ਵੈਨ ਨੂੰ ਆਪਣੀ ਸਾਈਡ 'ਤੇ ਖੜ੍ਹੀ ਕਰਕੇ ਉਤਰਨ ਹੀ ਲੱਗਾ ਸੀ ਕਿ ਦੂਜੇ ਪਾਸੇ ਤੋਂ ਓਵਰਟੇਕ ਕਰਕੇ ਆਈ ਪ੍ਰਾਈਵੇਟ ਬੱਸ ਨੇ ਉਨ੍ਹਾਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ।
ਇਸੇ ਦੌਰਾਨ ਸੜਕ 'ਤੇ ਜਾ ਰਹੇ ਇਕ ਮੋਟਰਸਾਈਕਲ ਨੂੰ ਵੀ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਵੈਨ ਸਵਾਰ ਦੀਪਕ ਗੁਪਤਾ, ਰੀਮਾ ਰਾਣੀ, ਅਰਪਿਤਾ ਗੁਪਤਾ ਤੇ ਗੋਬਿੰਦ ਗੁਪਤਾ ਵਾਸੀ ਖਿਜ਼ਰਾਬਾਦ ਅਤੇ ਮੋਟਰਸਾਈਕਲ ਸਵਾਰ ਸਤਨਾਮ ਸਿੰਘ ਨੱਥਲਪੁਰ ਜ਼ਖਮੀ ਹੋ ਗਏ। ਜ਼ਖਮੀ ਕਾਰ ਸਵਾਰਾਂ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਦੀਪਕ ਕੁਮਾਰ ਗੁਪਤਾ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News