5 ਵੱਡੇ ਸੂਬਿਆਂ ’ਚ ਚੰਗਾ ਨਹੀਂ ਰਿਹਾ ਭਾਜਪਾ ਦਾ ਪ੍ਰਦਰਸ਼ਨ

06/07/2024 5:11:16 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਦੇ ਇਸ ਵਾਰ ਦੇ ਨਤੀਜਿਆਂ ਤੋਂ ਕਈ ਲੋਕ ਹੈਰਾਨ ਹਨ। ਸਭ ਤੋਂ ਵੱਡਾ ਘਾਟਾ ਉਸ ਨੂੰ 5 ਵੱਡੇ ਸੂਬਿਆਂ ਯੂ. ਪੀ., ਬਿਹਾਰ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਰਾਜਸਥਾਨ ਨੇ ਦਿੱਤਾ ਹੈ। ਇਨ੍ਹਾਂ ਸੂਬਿਆਂ ’ਚ ਕੁੱਲ ਮਿਲਾ ਕੇ ਔਸਤਨ 5 ਫੀਸਦੀ ਘੱਟ ਵੋਟਾਂ ਮਿਲਣ ਦਾ ਖਮਿਆਜ਼ਾ ਭਾਜਪਾ ਨੂੰ 61 ਸੀਟਾਂ ਗੁਆਉਣ ਦੇ ਰੂਪ ’ਚ ਭੁਗਤਣਾ ਪਿਆ।

ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲੇ 5 ਸੂਬਿਆਂ ’ਚੋਂ 4 ’ਚ ਇਸ ਵਾਰ ਭਾਜਪਾ ਕੁਝ ਖਾਸ ਨਹੀਂ ਕਰ ਸਕੀ। ਉੱਤਰ ਪ੍ਰਦੇਸ਼ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਦੀ ਗਿਣਤੀ 62 ਤੋਂ ਘਟ ਕੇ 33 ਰਹਿ ਗਈ (ਕੁੱਲ 80 ਸੀਟਾਂ), ਮਹਾਰਾਸ਼ਟਰ ’ਚ ਇਹ 23 ਤੋਂ ਘਟ ਕੇ 10 ਰਹਿ ਗਈ (ਕੁੱਲ 48 ਸੀਟਾਂ), ਬੰਗਾਲ ’ਚ 18 ਤੋਂ ਘਟ ਕੇ 12 ਰਹਿ ਗਈ (ਕੁੱਲ 42 ਸੀਟਾਂ) ਅਤੇ ਤਾਮਿਲਨਾਡੂ ’ਚ 39 ਸੀਟਾਂ (ਕੁੱਲ 39 ਸੀਟਾਂ) ’ਚ ਇਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਬਿਹਾਰ ’ਚ ਵੀ ਉਸ ਨੂੰ 5 ਸੀਟਾਂ ਦਾ ਨੁਕਸਾਨ ਹੋਇਆ ਹੈ। ਪਿਛਲੀ ਵਾਰ ਪੂਰੇ ਦੇਸ਼ ’ਚ 131 ਐੱਸ. ਸੀ./ਐੱਸ. ਟੀ. ਸੀਟਾਂ ’ਚੋਂ ਭਾਜਪਾ ਦੇ ਖਾਤੇ ’ਚ 77 ਗਈਆਂ ਸਨ, ਜਦਕਿ ਕਾਂਗਰਸ ਨੂੰ ਸਿਰਫ਼ 11 ਸੀਟਾਂ ਮਿਲੀਆਂ ਸਨ।

ਇਸ ਵਾਰ ਭਾਜਪਾ ਦਾ ਇਨ੍ਹਾਂ ਸੀਟਾਂ ’ਤੇ ਅੰਕੜਾ ਘਟ ਕੇ 53 ’ਤੇ ਆ ਗਿਆ ਤੇ ਉੱਥੇ ਹੀ ਕਾਂਗਰਸ ਦਾ ਅੰਕੜਾ 33 ’ਤੇ ਪਹੁੰਚ ਗਿਆ ਹੈ। 2019 ’ਚ, ਕਾਂਗਰਸ ਨੇ 190 ’ਚੋਂ ਸਿਰਫ਼ 15 ਸੀਟਾਂ ਹੀ ਜਿੱਤੀਆਂ ਸਨ, ਜਿੱਥੇ ਉਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਸੀ। ਫੀਸਦੀ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ 8 ਫੀਸਦੀ ਦੇ ਲੱਗਭਗ ਹੈ। ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ’ਚ 214 ਅਜਿਹੇ ਸਿੱਧੇ ਮੁਕਾਬਲਿਆਂ ’ਚੋਂ 61 ਸੀਟਾਂ ’ਤੇ ਜਿੱਤ ਮਿਲਦੀ ਹੈ। ਇਹ ਅੰਕੜਾ 28 ਫੀਸਦੀ ਦੇ ਲੱਗਭਗ ਹੈ।

2019 ’ਚ ਭਾਜਪਾ ਕੋਲ ਐੱਨ. ਡੀ. ਏ. ਦੀਆਂ 352 ਸੀਟਾਂ ’ਚੋਂ 303 ਸੀਟਾਂ ਸਨ। ਇਹ 86 ਫੀਸਦੀ ਦੇ ਲੱਗਭਗ ਸੀ। ਇਸ ਵਾਰ ਐੱਨ. ਡੀ. ਏ. ਦੀਆਂ 290 ’ਚੋਂ 240 ਸੀਟਾਂ ਭਾਜਪਾ ਕੋਲ ਹਨ। ਫੀਸਦੀ ਦੇ ਹਿਸਾਬ ਨਾਲ ਦੇਖਾਂਗੇ ਤਾਂ ਇਸ ’ਚ ਗਿਰਾਵਟ ਜ਼ਿਆਦਾ ਨਹੀਂ ਹੈ, ਇਹ 86 ਤੋਂ ਘਟ ਕੇ 83 ’ਤੇ ਆ ਗਈ ਪਰ ਇਸ ਵਾਰ ਉਸ ਕੋਲ ਬਹੁਮਤ ਨਹੀਂ ਹੈ ਅਤੇ ਸੀਟਾਂ ਦਾ ਨੁਕਸਾਨ ਜ਼ਿਆਦਾ ਹੈ।


Rakesh

Content Editor

Related News