ਅੱਜ ਤੋਂ 2 ਦਿਨ ਦੀ ਹੜਤਾਲ ''ਤੇ ਬੈਂਕ ਕਰਮਚਾਰੀ, ਲੋਕਾਂ ਨੂੰ ਹੋ ਸਕਦੀ ਹੈ ਵੱਡੀ ਪਰੇਸ਼ਾਨੀ

Wednesday, May 30, 2018 - 10:51 AM (IST)

ਅੱਜ ਤੋਂ 2 ਦਿਨ ਦੀ ਹੜਤਾਲ ''ਤੇ ਬੈਂਕ ਕਰਮਚਾਰੀ, ਲੋਕਾਂ ਨੂੰ ਹੋ ਸਕਦੀ ਹੈ ਵੱਡੀ ਪਰੇਸ਼ਾਨੀ

ਨਵੀਂ ਦਿੱਲੀ — ਦੇਸ਼ ਦੇ ਸਾਰੇ ਸਰਕਾਰੀ ਬੈਂਕਾਂ ਤੋਂ ਇਲਾਵਾ ਕੁਝ ਨਿੱਜੀ ਅਤੇ ਵਿਦੇਸ਼ੀ ਬੈਂਕਾਂ ਦੇ ਤਕਰੀਬਨ 10 ਲੱਖ ਕਰਮਚਾਰੀ ਅੱਜ ਤੋਂ ਦੋ ਦਿਨਾਂ ਦੀ ਹੜਤਾਲ 'ਤੇ ਜਾ ਰਹੇ ਹਨ। ਇਸ ਹੜਤਾਲ ਕਾਰਨ ਦੇਸ਼ ਦੀ ਬੈਂਕਿੰਗ ਪ੍ਰਣਾਲੀ 'ਤੇ ਬਹੁਤ ਬੁਰਾ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤੀ ਬੈਂਕ ਐਸੋਸੀਏਸ਼ਨ(ਆਈ.ਬੀ.ਏ.) ਦੀ ਤਨਖਾਹ 'ਚ ਸਿਰਫ 2 ਫੀਸਦੀ ਵਾਧੇ ਦੇ ਵਿਰੋਧ ਵਿਚ ਇਹ ਹੜਤਾਲ ਕੀਤੀ ਜਾ ਰਹੀ ਹੈ। 
ਤਨਖਾਹ ਵਿਚ ਹੋ ਸਕਦੀ ਹੈ ਦੇਰ
ਇਨ੍ਹਾਂ ਦੋ ਦਿਨਾਂ ਦੀ ਹੜਤਾਲ ਦਾ ਬੈਂਕ ਦੇ ਗਾਹਕਾਂ 'ਤੇ ਵੀ ਬੁਰਾ ਅਸਰ ਪੈਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਹੜਤਾਲ ਮਹੀਨੇ ਦੇ ਆਖਰੀ ਦੋ ਦਿਨ(30 ਮਈ ਅਤੇ 31 ਮਈ) ਨੂੰ ਹੋ ਰਹੀ ਹੈ, ਇਨ੍ਹਾਂ ਦੋ ਦਿਨਾਂ ਵਿਚ ਹੀ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਦੀ ਤਨਖਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕੀਤੀ ਜਾਂਦੀ ਹੈ। ਇਸ ਹੜਤਾਲ ਕਾਰਨ ਕਈ ਲੋਕਾਂ ਦੀਆਂ ਤਨਖਾਹਾਂ ਲੇਟ ਹੋ ਸਕਦੀਆਂ ਹਨ।
ਕਰਮਚਾਰੀਆਂ ਨੇ ਦਿਨ ਰਾਤ ਕੀਤਾ ਕੰਮ
ਤਨਖਾਹ ਵਾਧੇ ਨੂੰ ਲੈ ਕੇ 5 ਮਈ 2018 ਨੂੰ ਹੋਈ ਬੈਠਕ 'ਚ ਆਈ.ਬੀ.ਏ. ਨੇ ਦੋ ਫੀਸਦੀ ਵਾਧੇ ਦੀ ਪੇਸ਼ਕਸ਼ ਕੀਤੀ। ਬੈਠਕ ਵਿਚ ਇਹ ਵੀ ਕਿਹਾ ਗਿਆ ਕਿ ਅਧਿਕਾਰੀਆਂ ਦੀ ਮੰਗ 'ਤੇ ਇਹ ਵਾਧਾ ਸਿਰਫ ਸਕੇਲ ਤਿੰਨ ਤੱਕ ਦੇ ਅਧਿਕਾਰੀਆਂ ਤੱਕ ਸੀਮਿਤ ਹੋਵੇਗਾ। ਯੂਨਾਈਟਿਡ ਫੋਰਮ ਅਤੇ ਬੈਂਕ ਯੂਨੀਅਨਾਂ ਦੇ ਕਨਵੀਨਰ ਦੇਵਦਾਸ ਤੁਲਜਾਪੁਰਕਰ ਨੇ ਕਿਹਾ,' ਇਹ ਐੱਨ.ਪੀ.ਏ. ਦੇ ਬਦਲੇ ਕੀਤੇ ਗਏ ਪ੍ਰਬੰਧਾਂ ਦੇ ਕਾਰਨ ਹੈ ਜਿਸ ਕਾਰਨ ਬੈਂਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਲਈ ਕੋਈ ਬੈਂਕ ਕਰਮਚਾਰੀ ਜ਼ਿੰਮੇਵਾਰ ਨਹੀਂ ਹੈ।' ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲ 'ਚ ਬੈਂਕ ਅਧਿਕਾਰੀਆਂ ਨੇ ਜਨ-ਧਨ, ਨੋਟਬੰਦੀ ਮੁਦਰਾ ਅਤੇ ਅਟਲ ਪੈਨਸ਼ਨ ਯੋਜਨਾ ਸਮੇਤ ਸਰਕਾਰ ਦੀਆਂ ਮੁੱਖ ਸਕੀਮਾਂ ਨੂੰ ਲਾਗੂ ਕਰਨ ਲਈ ਦਿਨ ਰਾਤ ਕੰਮ ਕੀਤਾ ਹੈ।
ਪਿਛਲੀ ਵਾਰ ਹੋਇਆ ਸੀ ਤਨਖਾਹ ਵਿਚ ਵਾਧਾ
ਬੈਂਕ ਕਰਮਚਾਰੀਆਂ ਦੀ ਪਿਛਲੀ ਤਨਖਾਹ ਦੀ ਸਮੀਖਿਆ 'ਚ 15 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਇਹ ਤਨਖਾਹ ਸਮੀਖਿਆ 1 ਨਵੰਬਰ 2012 ਤੋਂ 31 ਅਕਤੂਬਰ 2017 ਤੱਕ ਕੀਤੀ ਗਈ ਸੀ। ਯ.ੂਐੱਫ.ਬੀ.ਯੂ. ਨੌ ਮਜ਼ਦੂਰਾਂ ਦੀਆਂ ਸੰਸਥਾਵਾਂ ਦਾ ਸੰਗਠਨ ਹੈ। ਇਸ ਵਿਚ ਆਲ ਇੰਡੀਆ ਬੈਂਕ ਅਫਸਰਾਂ ਦੇ ਕਨਫੈਡਰੇਸ਼ਨ (ਏ.ਆਈ.ਬੀ.ਓ.ਸੀ.), ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ (ਏ.ਆਈ.ਬੀ.ਈ.ਏ.) ਅਤੇ ਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਬੈਂਕ ਵਰਕਰਜ਼ ਸ਼ਾਮਲ ਹਨ।


Related News