ਹਥਿਆਰਬੰਦਾਂ ਨੇ ਪਿੰਡ ਲਿੱਦੜ ਦੇ ਘਰਾਂ ''ਤੇ ਕੀਤਾ ਹਮਲਾ, ਕਈ ਜ਼ਖਮੀ
Sunday, May 20, 2018 - 06:02 AM (IST)

ਰਈਆ, (ਦਿਨੇਸ਼, ਹਰਜੀਪ੍ਰੀਤ)- ਬੀਤੀ ਰਾਤ ਇਥੋਂ ਦੇ ਨਜ਼ਦੀਕੀ ਪਿੰਡ ਲਿੱਦੜ ਵਿਖੇ ਹਥਿਆਰਾਂ ਨਾਲ ਲੈਸ 16-17 ਨੌਜਵਾਨਾਂ ਵੱਲੋਂ 4-5 ਘਰਾਂ 'ਤੇ ਹਮਲਾ ਕਰ ਕੇ ਕੁਝ ਨੌਜਵਾਨਾਂ ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਬਿਆਸ ਵਿਖੇ ਦਰਜ ਐੱਫ. ਆਈ. ਆਰ. ਮੁਤਾਬਕ ਸੰਦੀਪ ਸਿੰਘ ਗੁੱਲੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਲਿੱਦੜ ਨੇ ਦੱਸਿਆ ਕਿ ਕੱਲ ਰਾਤ ਕਰੀਬ 7.30 ਵਜੇ ਮੈਂ, ਉਂਕਾਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਸੁਖਬੀਰ ਸਿੰਘ ਹੀਰੋ ਪੁੱਤਰ ਮੁਖਤਿਆਰ ਸਿੰਘ ਆਪਣੇ ਪਿੰਡ ਲਿੱਦੜ ਦੀ ਗਰਾਊਂਡ 'ਚੋਂ ਕਬੱਡੀ ਖੇਡ ਕੇ ਘਰ ਵੱਲ ਵਾਪਸ ਆ ਰਹੇ ਸੀ ਕਿ ਇੰਨੀ ਦੇਰ ਨੂੰ ਚਿੱਟੇ ਰੰਗ ਦੀ ਇਨੋਵਾ ਗੱਡੀ ਜਿਸ ਵਿਚ ਸਵਾਰ ਰਾਜਾ, ਵਿੱਕੀ ਤੇ ਅਜੇ ਤਿੰਨੇ ਵਾਸੀ ਡੁੱਬਗੜ੍ਹ ਰਈਆ ਅਤੇ ਚੁੰਜਾ ਵਾਸੀ ਪੱਤੀ ਛੀਨੇ ਮਾਨ ਰਈਆ ਸਾਡੇ ਲਾਗੇ ਆ ਕੇ ਹਾਰਨ ਮਾਰਨ ਲੱਗ ਪਏ ਤੇ ਸ਼ੀਸ਼ਾ ਹੇਠਾਂ ਕਰ ਕੇ ਮੈਨੂੰ ਗਾਲ੍ਹ-ਮੰਦਾ ਕਰਨ ਲੱਗ ਪਏ ਤੇ ਇੰਨੇ ਨੂੰ ਗਾਲ੍ਹਾਂ ਸੁਣ ਕੇ ਗਰਾਊਂਡ 'ਚ ਖੇਡਦੇ ਹੋਰ ਮੁੰਡੇ ਸਾਡੇ ਵੱਲਆਏ ਤਾਂ ਉਹ ਗੱਡੀ ਲੈ ਕੇ ਚਲੇ ਗਏ ਤੇ ਅਸੀਂ ਵੀ ਆਪਣੇ ਘਰਾਂ ਨੂੰ ਆ ਗਏ।
ਇਸ ਤੋਂ ਬਾਅਦ ਰਾਤ ਕਰੀਬ 10.30 ਵਜੇ ਅਸੀਂ ਆਪਣੇ ਘਰਾਂ 'ਚ ਸੁੱਤੇ ਪਏ ਸੀ ਤਾਂ ਮੇਰੇ ਘਰ ਦਾ ਦਰਵਾਜ਼ਾ ਖੜਕਾਉਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੇਰੀ ਭਰਜਾਈ ਰਮਨਦੀਪ ਕੌਰ ਨੇ ਲਾਈਟ ਜਗਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਮੋਟਰਸਾਈਕਲਾਂ 'ਤੇ 7-8 ਲੜਕੇ ਮੇਰੀ ਪਛਾਣ ਵਾਲੇ ਤੇ 7-8 ਜਿਨ੍ਹਾਂ ਨੂੰ ਮੈਂ ਦੇਖਣ 'ਤੇ ਪਛਾਣ ਸਕਦਾ ਹਾਂ, ਸਾਰੇ ਪਿਸਤੌਲ, ਦਾਤਰ, ਬੇਸਬੈਟ ਤੇ ਡਾਂਗਾਂ-ਸੋਟਿਆਂ ਨਾਲ ਲੈਸ ਸਨ, ਘਰ ਦੇ ਅੰਦਰ ਦਾਖਲ ਹੋਏ ਤੇ ਉਨ੍ਹਾਂ 'ਚੋਂ ਪਿੰਡ ਲਿੱਦੜ ਦੇ ਇਕ ਨੌਜਵਾਨ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਓ ਤੇ ਇਨ੍ਹਾਂ ਨੂੰ ਸਾਡੇ ਮੁੰਡਿਆਂ ਨਾਲ ਲੜਾਈ ਕਰਨ ਦਾ ਮਜ਼ਾ ਚਿਖਾ ਦਿਓ ਤੇ ਉਨ੍ਹਾਂ ਸਾਡੇ ਘਰ ਦੇ ਸਾਮਾਨ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ ਤੇ ਇਕ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਮੈਂ ਡਰਦਾ ਮਾਰਿਆ ਕੰਧ ਟੱਪ ਕੇ ਉਂਕਾਰਜੀਤ ਸਿੰਘ ਦੇ ਘਰ ਚਲਾ ਗਿਆ ਤੇ ਮੈਂ ਅਜੇ ਉਸ ਨਾਲ ਗੱਲਬਾਤ ਹੀ ਕਰ ਰਿਹਾ ਸੀ ਕਿ ਇੰਨੇ ਨੂੰ ਇਹ ਸਾਰੇ ਉਸ ਦੇ ਘਰ ਅੱਗੇ ਆ ਕੇ ਉਂਕਾਰਜੀਤ ਦਾ ਨਾਂ ਲੈ ਕੇ ਲਲਕਾਰੇ ਮਾਰਨ ਲੱਗ ਪਏ ਕਿ ਜੇਕਰ ਤੂੰ ਮਾਂ ਦਾ ਦੁੱਧ ਪੀਤਾ ਤਾਂ ਬਾਹਰ ਨਿਕਲ, ਅੱਜ ਤੈਨੂੰ ਜਿਊਂਦਾ ਨਹੀਂ ਛੱਡਣਾ।
ਸੰਦੀਪ ਸਿੰਘ ਨੇ ਦੱਸਿਆ ਕਿ ਇਸ ਪਿੱਛੋਂ ਅਸੀਂ ਗੁਰਤੇਜਪ੍ਰੀਤ ਸਿੰਘ ਸੰਨੀ ਦੀ ਹਵੇਲੀ ਜਾ ਕੇ ਆਪਣੇ ਨਾਲ ਹੱਡਬੀਤੀ ਸੁਣਾਈ ਤਾਂ ਸਾਨੂੰ ਉਥੇ ਪਤਾ ਲੱਗਾ ਕਿ ਇਨ੍ਹਾਂ ਸਾਰੇ ਨੌਜਵਾਨਾਂ ਨੇ ਸਾਡੇ ਘਰ ਤੋਂ ਇਲਾਵਾ ਅਵਤਾਰ ਸਿੰਘ ਪੁੱਤਰ ਅਰਜੁਨ ਸਿੰਘ, ਹਰਜੀਤ ਸਿੰਘ ਪੁੱਤਰ ਦਲਬੀਰ ਸਿੰਘ, ਸਿਮਰਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਦਿਲਰਾਜ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰਾਂ 'ਤੇ ਵੀ ਹਮਲਾ ਕੀਤਾ ਤੇ ਦਾਤਰ ਮਾਰ-ਮਾਰ ਕੇ ਉਨ੍ਹਾਂ ਦੇ ਵੀ ਗੇਟ-ਦਰਵਾਜ਼ੇ ਭੰਨੇ ਹਨ। ਇੰਨੇ ਨੂੰ ਪਿੰਡ ਵਾਸੀਆਂ ਵੱਲੋਂ ਰੌਲਾ ਪਾਉਣ 'ਤੇ ਇਹ ਸਾਰੇ ਨੌਜਵਾਨ ਆਪਣੇ ਮੋਟਰਸਾਈਕਲਾਂ 'ਤੇ ਹਥਿਆਰਾਂ ਸਮੇਤ ਉਥੋਂ ਦੌੜ ਗਏ ਪਰ ਰਾਤ ਸਮਾਂ ਜ਼ਿਆਦਾ ਹੋਣ ਕਾਰਨ ਅਸੀਂ ਕਿਸੇ ਪਾਸੇ ਨਾ ਗਏ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 8.30 ਵਜੇ ਮੈਂ, ਉਂਕਾਰਜੀਤ ਸਿੰਘ ਤੇ ਸੁਖਬੀਰ ਸਿੰਘ ਹੀਰੋ ਰਾਤ ਦੀ ਸੂਚਨਾ ਦੇਣ ਲਈ ਸੰਨੀ ਦੇ ਘਰ ਜਾ ਰਹੇ ਸੀ ਤਾਂ ਜਦੋਂ ਅਸੀਂ ਸੁਬੇਗ ਸਿੰਘ ਦੇ ਘਰ ਦੇ ਸਾਹਮਣੇ ਗਲੀ ਵਿਚ ਪੁੱਜੇ ਤਾਂ ਸੁਬੇਗ ਸਿੰਘ ਤੇ ਉਸ ਦੇ ਭਤੀਜਿਆਂ ਨੇ ਸਾਡੇ ਇੱਟੇ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਇਕ ਰੋੜਾ ਮੇਰੇ ਸੱਜੇ ਹੱਥ 'ਤੇ ਲੱਗਾ ਤੇ 2 ਰੋੜੇ ਉਂਕਾਰਜੀਤ ਦੇ ਖੱਬੇ ਡੌਲ਼ੇ ਤੇ ਸੱਜੇ ਪੱਟ 'ਤੇ ਲੱਗੇ ਤਾਂ ਅਸੀਂ ਉਥੋਂ ਦੌੜ ਕੇ ਆਪਣੀ ਜਾਨ ਬਚਾਈ। ਇਸ ਲੜਾਈ ਬਾਰੇ ਉਨ੍ਹਾਂ ਦੱਸਿਆ ਕਿ 6-7 ਮਹੀਨੇ ਪਹਿਲਾਂ ਸਾਡਾ ਹਰਨੇਕ ਸਿੰਘ ਤੇ ਰਾਜਾ ਨਾਲ ਮਾਮੂਲੀ ਝਗੜਾ ਹੋਇਆ ਸੀ, ਉਦੋਂ ਦੀ ਹੀ ਇਹ ਰੰਜਿਸ਼ ਚੱਲਦੀ ਆ ਰਹੀ ਸੀ। ਪੁਲਸ ਚੌਕੀ ਰਈਆ ਦੇ ਇੰਚਾਰਜ ਆਗਿਆਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਕਾਰਵਾਈ ਪਾਉਂਦਿਆਂ ਥਾਣਾ ਬਿਆਸ ਵਿਖੇ ਹਰਨੇਕ ਸਿੰਘ, ਸੁਖਬੀਰ ਸਿੰਘ, ਸੁਬੇਗ ਸਿੰਘ, ਰਾਜਾ, ਅਜੇ, ਵਿੱਕੀ, ਜੁਗਰਾਜ ਸਿੰਘ, ਲਖਨਪਾਲ, ਮੰਨ, ਚੁੰਜਾ ਤੇ 8-9 ਅਣਪਛਾਤਿਆਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ।