ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਆਂਗਣਵਾਡ਼ੀ ਵਰਕਰਾਂ ਦਾ ਗੁੱਸਾ ਹੋਇਆ ਸ਼ਾਂਤ
Friday, May 18, 2018 - 01:55 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਦੀਆਂ 54 ਹਜ਼ਾਰ ਆਂਗਣਵਾਡ਼ੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ-ਭੱਤੇ ਵਿਚ ਵਾਧੇ ਤੇ ਹੋਰ ਮੰਗਾਂ ਸਬੰਧੀ 14 ਮਈ ਤੋਂ ਸੂਬੇ ਭਰ ’ਚ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਭੁੱਖ ਹਡ਼ਤਾਲ ਸ਼ੁਰੂ ਕੀਤੀ ਗਈ ਸੀ, ਜੋ 19 ਮਈ ਤੱਕ ਜਾਰੀ ਰਹਿਣੀ ਸੀ ਪਰ ਅੱਜ ਸਵੇਰੇ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਯੂਨੀਅਨ ਨੇ ਮੰਤਰੀਆਂ ਦੇ ਘਰਾਂ ਅੱਗੇ 18 ਅਤੇ 19 ਮਈ ਨੂੰ ਭੁੱਖ ਹਡ਼ਤਾਲ ਰੱਖਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਅਤੇ ਦੁਪਹਿਰ ਵੇਲੇ ਧਰਨਾ ਚੁੱਕ ਲਿਆ।
ਅੱਜ ਪਿੰਡ ਬਾਦਲ ਵਿਖੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਅੱਗੇ ਚੌਥੇ ਦਿਨ ਭੁੱਖ ਹਡ਼ਤਾਲ ’ਤੇ ਬੈਠੀਆਂ ਵਰਕਰਾਂ ਤੇ ਹੈਲਪਰਾਂ ਦੀ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਜੋ ਸੂਬਾ ਦਫ਼ਤਰ ਸਕੱਤਰ ਹੈ, ਨੇ ਉਕਤ ਜਾਣਕਾਰੀ ਦਿੱਤੀ।
ਇਸ ਦੌਰਾਨ ਨਰਿੰਦਰ ਕੌਰ ਕੋਟਲੀ ਸੰਘਰ, ਰਾਜਪਾਲ ਕੌਰ ਚੜ੍ਹੇਵਾਨ, ਕਿਰਨਪਾਲ ਕੌਰ ਮਹਾਬੱਧਰ, ਰਜਿੰਦਰ ਕੌਰ ਮੁਕਤਸਰ, ਮਧੂ ਬਾਲਾ, ਸੰਦੀਪ ਕੌਰ ਝੁੱਗੇ, ਪ੍ਰਭਜੀਤ ਕੌਰ ਰਣਜੀਤਗੜ੍ਹ, ਇਕਬਾਲ ਕੌਰ ਲੌਹਾਰਾ, ਗੁਰਚਰਨ ਕੌਰ ਭੰਗਚਡ਼੍ਹੀ, ਓਂਕਾਰ ਮਲੋਟ, ਪਰਮਿੰਦਰ ਕੌਰ ਛਾਪਿਆਂਵਾਲੀ, ਰਜਿੰਦਰ ਕੌਰ ਮਲੋਟ, ਇੰਦਰਜੀਤ ਕੌਰ ਸਰਵਰ ਖੂਹੀਆ, ਦੇਸ਼ਾ ਬਾਈ, ਕੁਲਦੀਪ ਕੌਰ, ਵਿਜੈ ਲਛਮੀ, ਸੁਨੀਤਾ, ਪ੍ਰਮੋਦ ਰਾਣੀ, ਪ੍ਰਨੀਤਾ ਰਾਣੀ ਆਦਿ ਮੌਜੂਦ ਸਨ।
ਬਠਿੰਡਾ ਵਿਖੇ ਧਰਨਾ ਰਹੇਗਾ ਜਾਰੀ : ਹਰਗੋਬਿੰਦ ਕੌਰ
ਆਂਗਣਵਾਡ਼ੀ ਇੰਪਲਾਈਜ਼ ਫੈੱਡਰੇਸ਼ਨ ਆਫ਼ ਇੰਡੀਆ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਦੇਣ ਦਾ ਪੂਰਾ ਭਰੋਸਾ ਦਿੱਤਾ ਹੈ ਅਤੇ ਮੀਟਿੰਗ ਕਰਨ ਲਈ ਵੀ ਕਿਹਾ ਹੈ ਪਰ ਜਦੋਂ ਤੱਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ, ਉਦੋਂ ਤੱਕ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਚੱਲ ਰਿਹਾ ਦਿਨ-ਰਾਤ ਦਾ ਧਰਨਾ ਜਾਰੀ ਰਹੇਗਾ, ਜਦਕਿ ਯੂਨੀਅਨ ਵੱਲੋਂ ਬਾਕੀ ਸਾਰੇ ਪ੍ਰੋਗਰਾਮ ਇਕ ਵਾਰ ਮੁਲਤਵੀ ਕਰ ਦਿੱਤੇ ਗਏ ਹਨ।