ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ''ਚ 4 ਮਹੀਨੇ ਦੀ ਬੱਚੀ ਦੀ ਮੌਤ, 3 ਜ਼ਖ਼ਮੀ
Thursday, May 31, 2018 - 05:12 AM (IST)
ਖੰਨਾ(ਸੁਨੀਲ)-ਖੰਨਾ ਦੇ ਨਜ਼ਦੀਕੀ ਪਿੰਡ ਮਾਨੂੰਪੁਰ ਕੋਲ ਹੋਏ ਇਕ ਸੜਕ ਹਾਦਸੇ 'ਚ ਇਕ ਚਾਰ ਮਹੀਨੇ ਦੀ ਬੱਚੀ ਤੇ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਅੱਜ ਜਦੋਂ ਗੁਰਪ੍ਰੀਤ ਸਿੰਘ (32) ਨਿਵਾਸੀ ਪਿੰਡ ਮਾਨੂੰਪੁਰ ਆਪਣੀ ਪਤਨੀ ਨਰਿੰਦਰ ਕੌਰ (23) ਤੇ ਆਪਣੀ 4 ਮਹੀਨੇ ਦੀ ਧੀ ਹਰਨੂਰ ਕੌਰ ਤੇ ਸਹਿਜਪ੍ਰੀਤ ਕੌਰ (3) ਪੁੱਤਰੀ ਤਰਸੇਮ ਲਾਲ ਨਿਵਾਸੀ ਪਿੰਡ ਅਲੂਣਾ ਪੱਲਾ ਤੋਂ ਵਾਪਸ ਮਾਨੂੰਪੁਰ ਜਾ ਰਹੇ ਸਨ ਤਾਂ ਜਿਵੇਂ ਹੀ ਇਹ ਲੋਕ ਪਿੰਡ ਮਾਨੂੰਪੁਰ ਕੋਲ ਪੁੱਜੇ ਤਾਂ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਨ ਸਮੇਂ ਇਨ੍ਹਾਂ ਦਾ ਮੋਟਰਸਾਈਕਲ ਟਰੈਕਟਰ-ਟਰਾਲੀ ਨਾਲ ਟਕਰਾ ਗਿਆ ਤੇ ਸੰਤੁਲਨ ਵਿਗੜ ਗਿਆ ਤੇ ਇਹ ਲੋਕ ਸੜਕ 'ਤੇ ਡਿੱਗ ਪਏ। ਇਨ੍ਹਾਂ ਚਾਰਾਂ ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਜਿਥੋਂ ਉਨ੍ਹਾਂ ਨੂੰ ਸੈਕਟਰ -32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਰਸਤੇ 'ਚ ਜਾਂਦੇ ਹਰਨੂਰ ਕੌਰ ਨੇ ਦਮ ਤੋੜਿਆ
ਜਦੋਂ 108 ਐਂਬੂਲੈਂਸ ਇਨ੍ਹਾਂ ਚਾਰਾਂ ਜ਼ਖਮੀਆਂ ਨੂੰ ਸੈਕਟਰ -32 ਚੰਡੀਗੜ੍ਹ ਲਈ ਲੈ ਜਾ ਰਹੀ ਸੀ ਤਾਂ ਉਦੋਂ ਮੰਡੀ ਗੋਬਿੰਦਗੜ੍ਹ ਕੋਲ ਜਿਵੇਂ ਹੀ ਹਰਨੂਰ ਕੌਰ ਦੀ ਤਬੀਅਤ ਵਿਗੜਨ ਲੱਗੀ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਖੰਨਾ ਸਿਵਲ ਹਸਪਤਾਲ 'ਚ ਫੋਨ ਕਰ ਕੇ ਜਾਣਕਾਰੀ ਦਿੱਤੀ। ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਸ ਨੂੰ ਨਜ਼ਦੀਕੀ ਕਿਸੇ ਸਰਕਾਰੀ ਹਸਪਤਾਲ 'ਚ ਲੈ ਜਾਣ ਦੀ ਸਲਾਹ ਦਿੱਤੀ। ਪਰਿਵਾਰ ਦੇ ਮੈਂਬਰ ਉਸ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ 'ਚ ਲੈ ਕੇ ਗਏ ਤਾਂ ਤੱਦ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
