ਭਾਰਤ-ਪਾਕਿ ਸਰਹੱਦ ’ਤੇ ਵੰਡੀ GNA ਗਰੁੱਪ ਮੇਹਟੀਆਣਾ ਵੱਲੋਂ ਭਿਜਵਾਈ 673ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Jul 06, 2022 - 04:36 PM (IST)

ਜਲੰਧਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ’ਚ ਬੀਤੇ ਦਿਨ 673ਵੇਂ ਟਰੱਕ ਦੀ ਰਾਹਤ ਸਮੱਗਰੀ ਭਾਰਤ-ਪਾਕਿ ਸਰਹੱਦ (ਜੰਮੂ-ਕਸ਼ਮੀਰ) ਦੇ ਜ਼ਰੂਰਤਮੰਦ ਲੋਕਾਂ ਨੂੰ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡਰ ਸੁਰਜੀਤ ਸਿੰਘ ਦੀ ਪ੍ਰਧਾਨਗੀ ’ਚ ਕੰਦਰਾਲ ਚੌਕੀ (ਰਾਮਗੜ੍ਹ ਸੈਕਟਰ) ’ਚ ਆਯੋਜਿਤ ਸਮਾਰੋਹ ’ਚ ਭੇਟ ਕੀਤੀ ਗਈ, ਜੋ ਕਿ ਮੇਹਟੀਆਣਾ (ਫਗਵਾੜਾ) ਜੀ. ਐੱਨ. ਏ. ਗਰੁੱਪ ਦੇ ਚੇਅਰਮੈਨ ਗੁਰਸ਼ਰਨ ਸਿੰਘ ਸਿਹਰਾ, ਰਣਬੀਰ ਸਿੰਘ ਸਿਹਰਾ ਅਤੇ ਗੁਰਦੀਪ ਸਿੰਘ ਸਿਹਰਾ ਵੱਲੋਂ ਭਿਜਵਾਈ ਗਈ ਸੀ। ਇਸ ’ਚ 300 ਪਰਿਵਾਰਾਂ ਲਈ ਰਾਸ਼ਨ ਸੀ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਫਗਵਾੜਾ ਤੋਂ ਪੰਜਾਬ ਕੇਸਰੀ ਦੇ ਬਿਊਰੋ ਚੀਫ ਵਿਕਰਮ ਜਲੋਟਾ ਨੇ ਕਿਹਾ ਕਿ ਜੀ. ਐੱਨ. ਏ. ਗਰੁੱਪ ਸ਼ੁਰੂ ਤੋਂ ਹੀ ਸੇਵਾ ਕੰਮਾਂ ’ਚ ਮੋਹਰੀ ਰਿਹਾ ਹੈ। ਹੁਣ ਸਰਹੱਦੀ ਪ੍ਰਭਾਵਿਤ ਲੋਕਾਂ ਦੀ ਸੇਵਾ ’ਚ ਵੀ ਇਸ ਗਰੁੱਪ ਨੇ ਕਦਮ ਵਧਾਏ ਹਨ। ਉਨ੍ਹਾਂ ਦੱਸਿਆ ਕਿ ਛੇਤੀ ਹੀ ਰਾਹਤ ਸਮੱਗਰੀ ਦੇ 4 ਹੋਰ ਟਰੱਕ ਭਿਜਵਾਏ ਜਾਣਗੇ। ਕੰਪਨੀ ਕਮਾਂਡਰ ਸੁਰਜੀਤ ਸਿੰਘ ਨੇ ਕਿਹਾ ਕਿ ਸਰਹੱਦ ’ਤੇ ਰਹਿ ਰਹੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹ। ਅਜਿਹੇ ’ਚ ਪੰਜਾਬ ਕੇਸਰੀ ਗਰੁੱਪ ਦਾ ਸਹਾਇਤਾ ਲਈ ਅੱਗੇ ਆਉਣਾ ਚੰਗਾ ਕਦਮ ਹੈ।
ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਨਰ ਸੇਵਾ ਤੋਂ ਵੱਡਾ ਕੋਈ ਧਰਮ ਦੁਨੀਆ ’ਚ ਨਹੀਂ ਹੈ। ਜਦੋਂ ਤੱਕ ਸਰਹੱਦੀ ਲੋਕਾਂ ਦੀ ਸਹਾਇਤਾ ਦੀ ਲੋੜ ਹੈ, ਅਸੀਂ ਦਾਨੀਆਂ ਦੇ ਸਹਿਯੋਗ ਨਾਲ ਕਰਦੇ ਰਹਾਂਗੇ। ਡੀ. ਡੀ. ਸੀ. ਸਰਵਜੀਤ ਸਿੰਘ ਜੌਹਲ, ਭਾਜਪਾ ਮਹਿਲਾ ਆਗੂ ਮੀਨੂ ਸ਼ਰਮਾ, ਡਿੰਪਲ ਸੂਰੀ, ਇਕਬਾਲ ਸਿੰਘ ਅਰਨੇਜਾ ਨੇ ਵੀ ਵਿਚਾਰ ਪ੍ਰਗਟ ਕੀਤੇ। ਜ਼ਰੂਰਤਮੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਕੰਪਨੀ ਕਮਾਂਡੈਂਟ ਸੁਰਜੀਤ ਸਿੰਘ, ਵਿਕਰਮ ਜਲੋਟਾ, ਸਰਵਜੀਤ ਸਿੰਘ ਜੌਹਲ, ਲਲਿਤ ਸ਼ਰਮਾ, ਮੀਨੂ ਸ਼ਰਮਾ, ਡਿੰਪਲ ਸੂਰੀ, ਇਕਬਾਲ ਸਿੰਘ ਅਰਨੇਜਾ, ਬੀ . ਡੀ. ਸੀ. ਚੇਅਰਮੈਨ ਦਰਸ਼ਨ ਭਗਤ, ਸਰਪੰਚ ਰੂਪ ਚੰਦ, ਸਰਪੰਚ ਤਜਿੰਦਰ ਸਿੰਘ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।