ਦਿਲ ਦੇ ਦੌਰੇ 'ਤੋਂ ਬਚਣ ਲਈ 'ਐਸਪਿਰਿਨ' ਲੈਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਨੇ ਮਾਹਿਰ

05/16/2022 5:30:11 PM

ਜਲੰਧਰ (ਨੈਸ਼ਨਲ ਡੈਸਕ): ਅਮਰੀਕੀ ਪ੍ਰਿਵੈਂਟਿਵ ਸਰਵਸਿਜ਼ ਟਾਸਕ ਫੋਰਸ (ਯੂ. ਐੱਸ. ਪੀ. ਐੱਸ. ਟੀ. ਐੱਫ.) ਨੇ ਕਿਹਾ ਹੈ ਕਿ ਹਾਰਟ ਅਟੈਕ ਤੋਂ ਬਚਣ ਲਈ ਖ਼ੂਨ ਨੂੰ ਪਤਲਾ ਕਰਨ ਵਾਲੀ ਦਵਾਈ ਐਸਪਿਰਿਨ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬਜ਼ੁਰਗ ਨਾ ਲੈਣ। ਜਰਨਲ ਆਫ ਅਮੈਰਿਕਨ ਮੈਡੀਕਲ ਐਸੋਸੀਏਸ਼ਨ (ਜੇ. ਏ. ਐੱਮ. ਏ.) ’ਚ ਪ੍ਰਕਾਸ਼ਿਤ ਇਕ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ 40 ਤੋਂ 59 ਸਾਲ ਦੀ ਉਮਰ ਦੇ ਲੋਕ, ਜੋ 10 ਸਾਲ ਤੋਂ ਜ਼ਿਆਦਾ ਦਿਲ ਦੀਆਂ ਬੀਮਾਰੀਆਂ (ਸੀ. ਵੀ. ਡੀ.) ਤੋਂ ਪੀੜਤ ਹਨ, ਉਨ੍ਹਾਂ ਨੂੰ ਆਪਣੇ ਡਾਕਟਰਾਂ ਤੋਂ ਰਾਏ ਲੈ ਕੇ ਹੀ ਐਸਪਿਰਿਨ ਲੈਣੀ ਸ਼ੁਰੂ ਕਰਨੀ ਚਾਹੀਦੀ ਹੈ। ਇਸ ਬਿਆਨ ਨੂੰ ਲੈ ਕੇ ਭਾਰਤ ’ਚ ਵੀ ਕਾਫ਼ੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ

ਰਿਸਕ ਨਾਲੋਂ ਜ਼ਿਆਦਾ ਹਨ ਫ਼ਾਇਦੇ
ਭਾਰਤ ’ਚ ਮਾਹਿਰ ਸਾਵਧਾਨੀ ਵਰਤਣ ਦਾ ਸੁਝਾਅ ਦਿੰਦੇ ਹੋਏ ਕਹਿੰਦੇ ਹਨ ਕਿ ਸਾਨੂੰ ਪੱਛਮੀ ਦਿਸ਼ਾ-ਨਿਰਦੇਸ਼ਾਂ ਦੀ ਅੱਖਾਂ ਬੰਦ ਕਰ ਕੇ ਪਾਲਣਾ ਨਹੀਂ ਕਰਨੀ ਚਾਹੀਦੀ ਹੈ। ਦਵਾਈ ਦੇ ਫ਼ਾਇਦੇ ਕਈ ਮਾਮਲਿਆਂ ’ਚ ਰਿਸਕ ਨਾਲੋਂ ਕਿਤੇ ਵੱਧ ਹਨ। ਮਾਹਿਰਾਂ ਦੀ ਮੰਨੀਏ ਤਾਂ ਐਸਪਿਰਿਨ ਦੀ ਘੱਟ ਮਾਤਰਾ ’ਚ ਰੋਜ਼ਾਨਾ ਖੁਰਾਕ ਲੈਣ ਨਾਲ ਖ਼ੂਨ ਘੱਟ ਚਿਪਚਿਪਾ ਹੁੰਦਾ ਹੈ ਅਤੇ ਹਾਰਟ ਅਟੈਕ ਅਤੇ ਸਟ੍ਰੋਕ ਨੂੰ ਰੋਕਣ ’ਚ ਮਦਦ ਕਰਦਾ ਹੈ। ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ (ਐੱਫ. ਈ. ਐੱਚ. ਆਈ.) ਦੇ ਪ੍ਰਧਾਨ ਡਾ. ਅਸ਼ੋਕ ਸੇਠ ਨੇ ਕਿਹਾ ਕਿ ਪੱਛਮੀ ਆਬਾਦੀ ਦੇ ਮੁਕਾਬਲੇ ਭਾਰਤੀਆਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਸਟ੍ਰੋਕ ਵਿਕਸਿਤ ਹੋਣ ਦਾ ਜ਼ਿਆਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਮਰੀਕਾ ’ਚ ਆਬਾਦੀ ਲਈ ਬਣਾਏ ਗਏ ਯੂ. ਐੱਸ. ਪੀ. ਐੱਸ. ਟੀ. ਐੱਫ. ਦਿਸ਼ਾ-ਨਿਰਦੇਸ਼ਾਂ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ:  ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ

ਉੱਚ ਖ਼ਤਰੇ ਵਾਲੇ ਵੀ ਲੈ ਸਕਦੇ ਹਨ ਦਵਾਈ
ਏਮਸ ’ਚ ਕਾਰਡੀਔਲਾਜੀ ਦੇ ਪ੍ਰੋਫ਼ੈਸਰ ਡਾ. ਅੰਬੁਜ ਰਾਏ ਨੇ ਕਿਹਾ ਕਿ ਐਸਪਿਰਿਨ ਦੀ ਘੱਟ ਖ਼ੁਰਾਕ ਦੀ ਦਿਲ ਦੀਆਂ ਬੀਮਾਰੀਆਂ ਦੀ ਮੁਢਲੀ ਰੋਕਥਾਮ ’ਚ ਬਹੁਤ ਸੀਮਿਤ ਭੂਮਿਕਾ ਸੀ। ਐੱਫ. ਈ. ਐੱਚ. ਆਈ. ਦੇ ਪ੍ਰਧਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕਦੇ ਹਾਰਟ ਅਟੈਕ ਜਾਂ ਸਟ੍ਰੋਕ ਹੋਇਆ ਹੈ, ਜਿਨ੍ਹਾਂ ਦੀ ਐਂਜੀਓਪਲਾਸਟੀ ਜਾਂ ਬਾਈਪਾਸ ਸਰਜਰੀ ਹੋਈ ਹੈ ਅਤੇ ਹੋਰ , ਜੋ ਪਹਿਲਾਂ ਤੋਂ ਹੀ ਰੋਜ਼ਾਨਾ ਐਸਪਿਰਿਨ ਲੈ ਰਹੇ ਹਨ, ਉਨ੍ਹਾਂ ਨੂੰ ਇਲਾਜ ਬੰਦ ਕਰਨ ਦੀ ਲੋੜ ਨਹੀਂ ਹੈ। ਉੱਥੇ ਹੀ ਪੀ. ਐੱਸ. ਆਰ. ਆਈ. ਹਾਰਟ ਇੰਸਟੀਚਿਊਟ ਦੇ ਪ੍ਰਧਾਨ ਡਾ. ਕੇ. ਕੇ. ਤਲਵਾਰ ਦਾ ਕਹਿਣਾ ਹੈ ਕਿ ਉੱਚ ਖ਼ਤਰੇ ਵਾਲੇ ਵੀ ਐਸਪਿਰਿਨ ਦਵਾਈ ਲੈ ਸਕਦੇ ਹਨ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਰਾਏ


Harnek Seechewal

Content Editor

Related News