''ਰੱਬ ਆਸਰੇ'' ਹੀ ਚੱਲ ਰਹੀ ਸੀ ਜਲੰਧਰ ਨਿਗਮ ਦੀ ਬਿਲਡਿੰਗ ਬ੍ਰਾਂਚ, ਕਈ ਗੜਬੜੀਆਂ ਆਈਆਂ ਸਾਹਮਣੇ

Tuesday, Jan 31, 2023 - 12:24 PM (IST)

ਜਲੰਧਰ (ਖੁਰਾਣਾ) : ਕਿਸੇ ਵੀ ਨਗਰ ਨਿਗਮ ਵਿਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਡਰ ਅਤੇ ਖ਼ੌਫ਼ ਉਸ ਨਿਗਮ ਦੀ ਬਿਲਡਿੰਗ ਬ੍ਰਾਂਚ ਤੋਂ ਹੁੰਦਾ ਹੈ, ਜਿਸ ਦੇ ਅਧਿਕਾਰੀ ਕਿਸੇ ਵੀ ਨਾਜਾਇਜ਼ ਕਾਲੋਨੀ ਨੂੰ ਤੋੜਨ ਅਤੇ ਕਿਸੇ ਵੀ ਨਾਜਾਇਜ਼ ਨਿਰਮਾਣ ਨੂੰ ਮਲੀਆਮੇਟ ਕਰਨ ਵਿਚ ਸਮਰੱਥ ਹੁੰਦੇ ਹਨ। ਨਿਗਮ ਵਿਚ ਬਿਲਡਿੰਗ ਵਿਭਾਗ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਿਵਭਾਗ ਦੇ ਅਧਿਕਾਰੀਆਂ ਦੀ ਮੁਸਤੈਦੀ ’ਤੇ ਹੀ ਸ਼ਹਿਰ ਦੀ ਪਲਾਨਿੰਗ, ਸਿਸਟਮ ਆਦਿ ਨਿਰਭਰ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਨਿਗਮ ਵਿਚ ਬਿਲਡਿੰਗ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੂੰ ਜ਼ਿਆਦਾ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਪਰ ਜਲੰਧਰ ਨਿਗਮ ਵਿਚ ਅਜਿਹਾ ਨਹੀਂ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ

ਬੀਤੇ ਦਿਨ ਨਿਗਮ ਕਮਿਸ਼ਨਰ ਨੇ ਜਦੋਂ ਕੁਝ ਸੂਚਨਾਵਾਂ ਦੇ ਆਧਾਰ ’ਤੇ ਨਿਗਮ ਦੇ ਬਿਲਡਿੰਗ ਵਿਭਾਗ ਦੀ ਕਾਰਜਪ੍ਰਣਾਲੀ ਦਾ ਨੇੜਿਓਂ ਜਾਇਜ਼ਾ ਲਿਆ ਅਤੇ ਉਸ ਬਿਲਡਿੰਗ ਵਿਚ ਛਾਪੇਮਾਰੀ ਕੀਤੀ, ਜਿੱਥੇ ਵਿਭਾਗ ਨਾਲ ਜੁੜੇ ਵਧੇਰੇ ਅਧਿਕਾਰੀ ਅਤੇ ਕਰਮਚਾਰੀ ਬੈਠਦੇ ਹਨ ਤਾਂ ਕਈ ਗੜਬੜੀਆਂ ਸਾਹਮਣੇ ਆਈਆਂ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਲੰਧਰ ਨਿਗਮ ਦਾ ਬਿਲਡਿੰਗ ਵਿਭਾਗ ਰੱਬ ਆਸਰੇ ਹੀ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਸਾਬਕਾ ਕਮਿਸ਼ਨਰਾਂ ਨੇ ਨਿਗਮ ਦੇ ਸਿਸਟਮ ਨੂੰ ਸੁਧਾਰਨ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਚ ਲਾਪ੍ਰਵਾਹੀ ਦੀ ਇੰਨੀ ਜ਼ਿਆਦਾ ਭਾਵਨਾ ਆ ਗਈ ਕਿ ਕਲਰਕਾਂ ਦਾ ਕੰਮ ਸੇਵਾਦਾਰਾਂ ਤੋਂ ਲਿਆ ਜਾਣ ਲੱਗਾ।

ਇਹ ਵੀ ਪੜ੍ਹੋ : ਅਧਿਆਪਕਾਂ ਲਈ ਸਿਰਦਰਦੀ ਬਣੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ, ਪੱਲਿਓਂ ਖ਼ਰਚਣੇ ਪੈ ਰਹੇ ਪੈਸੇ

ਵਧੇਰੇ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਸੀਟਾਂ ਤੋਂ ਗਾਇਬ ਰਹਿਣ ਲੱਗੇ ਅਤੇ ਲੋਕਾਂ ਨੂੰ ਕੰਮ ਆਦਿ ਕਰਵਾਉਣ ਵਿਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿਚ ਨਿਗਮ ਕਮਿਸ਼ਨਰ ਨੇ ਕਈ ਘੰਟੇ ਲਾ ਕੇ ਬਿਲਡਿੰਗ ਵਿਭਾਗ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਲਾਸ ਲਾਈ ਅਤੇ ਸਿਸਟਮ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ।


ਵਧੇਰੇ ਫਾਈਲਾਂ ਦਾ ਹੀ ਅਤਾ-ਪਤਾ ਨਹੀਂ, ਰਿਕਾਰਡ ਕੀਪਿੰਗ ’ਚ ਗੜਬੜੀ

ਨਿਗਮ ਕਮਿਸ਼ਨਰ ਦੀ ਇਸ ਛਾਪੇਮਾਰੀ ਦੌਰਾਨ ਸਭ ਤੋਂ ਵੱਡਾ ਤੱਥ ਇਹ ਸਾਹਮਣੇ ਆਇਆ ਕਿ ਰਿਕਾਰਡ ਕੀਪਿੰਗ ਵਿਚ ਗੜਬੜੀ ਹੈ ਅਤੇ ਕਈ ਮਹੱਤਵਪੂਰਨ ਬਿਲਡਿੰਗਾਂ ਦੀਆਂ ਫਾਈਲਾਂ ਹੀ ਨਹੀਂ ਮਿਲ ਰਹੀਆਂ। ਇਸ ਕੰਮ ਨਾਲ ਜੁੜੇ ਅਧਿਕਾਰੀ ਅਤੇ ਕਰਮਚਾਰੀ ਵੀ ਰਿਕਾਰਡ ਕੀਪਿੰਗ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਡਿਸਪੈਚ ਆਦਿ ਦਾ ਕੰਮ ਵੀ ਇਕ ਸੇਵਾਦਾਰ ਤੋਂ ਲਿਆ ਜਾ ਰਿਹਾ ਹੈ, ਜਦੋਂ ਕਿ ਇਸ ਦੇ ਲਈ ਵਿਸ਼ੇਸ਼ ਕਲਰਕ ਦੀ ਤਾਇਨਾਤੀ ਸੀ। ਅਜਿਹੇ ਵਿਚ ਨਿਗਮ ਕਮਿਸ਼ਨਰ ਨੇ ਅੱਗੇ ਤੋਂ ਰਿਕਾਰਡ ਨੂੰ ਸਹੀ ਢੰਗ ਨਾਲ ਮੇਨਟੇਨ ਕਰਨ ਦੇ ਨਿਰਦੇਸ਼ ਦਿੱਤੇ ਅਤੇ ਰਿਕਾਰਡ ਗੁੰਮ ਆਦਿ ਹੋ ਜਾਣ ਦੀ ਸਥਿਤੀ ਵਿਚ ਜਵਾਬਤਲਬੀ ਬਾਰੇ ਵੀ ਚਿਤਾਵਨੀ ਦਿੱਤੀ। ਨਿਰਦੇਸ਼ ਦਿੱਤੇ ਗਏ ਕਿ ਹਰ ਫਾਈਲ ਸਿਸਟਮ ਨਾਲ ਚੱਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼,ਪੜ੍ਹੋ ਪੂਰਾ ਵੇਰਵਾ

ਸ਼ੁਰੂ ਹੋ ਸਕਦੈ ਬਾਇਓ-ਮੈਟ੍ਰਿਕ ਹਾਜ਼ਰੀ ਸਿਸਟਮ

ਕਿਉਂਕਿ ਬਿਲਡਿੰਗ ਵਿਭਾਗ ਦਾ ਕੰਮ ਫੀਲਡ ਨਾਲ ਸਬੰਧਤ ਹੈ, ਇਸ ਲਈ ਇਸ ਆੜ ਵਿਚ ਵਧੇਰੇ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਸੀਟਾਂ ਤੋਂ ਗਾਇਬ ਰਹਿੰਦੇ ਹਨ। ਨਿਗਮ ਕਮਿਸ਼ਨਰ ਨੇ ਅੱਜ ਨਿਰਦੇਸ਼ ਦਿੱਤੇ ਕਿ ਬਿਲਡਿੰਗ ਬ੍ਰਾਂਚ ਦੇ ਸਟਾਫ ਦੀ ਹਾਜ਼ਰੀ ਬਾਇਓ-ਮੈਟ੍ਰਿਕ ਢੰਗ ਨਾਲ ਲਾਉਣੀ ਸ਼ੁਰੂ ਕੀਤੀ ਜਾਵੇ ਤਾਂ ਕਿ ਹਰ ਕਰਮਚਾਰੀ ਅਤੇ ਅਧਿਕਾਰੀ ਬਾਰੇ ਰਿਕਾਰਡ ਰੱਖਿਆ ਜਾ ਸਕੇ। ਜ਼ਿਕਰਯੋਗ ਹੈ ਕਿ ਬਾਇਓ-ਮੈਟ੍ਰਿਕ ਹਾਜ਼ਰੀ ਦੀ ਸ਼ੁਰੂਆਤ ਕੋਰੋਨਾ ਕਾਲ ਤੋਂ ਪਹਿਲਾਂ ਪੂਰੇ ਨਿਗਮ ਸਟਾਫ਼ ਲਈ ਹੋਈ ਸੀ ਪਰ ਬਾਅਦ ਵਿਚ ਉਸਨੂੰ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਕਾਲਜ ਅਧਿਆਪਕਾਂ ਵੱਲੋਂ ਅੰਦੋਲਨ ਦਾ ਐਲਾਨ

ਬ੍ਰਾਂਚ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ

ਨਿਗਮ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਪੂਰੀ ਬਿਲਡਿੰਗ ਬ੍ਰਾਂਚ ਕੋਲ ਇਕ ਹੀ ਗੱਡੀ ਹੈ, ਜਿਸ ਨੂੰ ਸ਼ੇਅਰਿੰਗ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਸਟਾਫ਼ ਦੇ ਬੈਠਣ ਲਈ ਕਮਰਿਆਂ ਅਤੇ ਫਰਨੀਚਰ ਦੀ ਘਾਟ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ ਗਿਆ, ਜਿਸ ਨੂੰ ਕਮਿਸ਼ਨਰ ਨੇ ਤੁਰੰਤ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਬ੍ਰਾਂਚ ਲਈ ਕੁਝ ਵਾਹਨ ਖ਼ਰੀਦਣ ਅਤੇ ਨਵੇਂ ਕੰਪਿਊਟਰ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ। ਪੈਂਡਿੰਗ ਪਏ ਕੰਮ ਨੂੰ ਵੀ ਜਲਦ ਨਿਪਟਾਉਣ ਲਈ ਕਿਹਾ ਗਿਆ।


Harnek Seechewal

Content Editor

Related News