Maha Shivaratri : ਮਹਾਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਲੋਕ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਕਰਨ ਸੇਵਨ
Friday, Mar 08, 2024 - 05:51 AM (IST)
ਜਲੰਧਰ (ਬਿਊਰੋ) - ਮਹਾਸ਼ਿਵਰਾਤਰੀ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਤੇ ਅਭਿਸ਼ੇਕ ਦਾ ਦਿਨ ਹੁੰਦਾ ਹੈ। ਹਿੰਦੂ ਕੈਲੰਡਰ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਵਰਤ 8 ਮਾਰਚ 2024 ਨੂੰ ਰੱਖਿਆ ਜਾਵੇਗਾ। ਮਹਾਸ਼ਿਵਰਾਤਰੀ ਦਾ ਵਰਤ 8 ਮਾਰਚ ਨੂੰ ਰਾਤ 9.57 ਵਜੇ ਸ਼ੁਰੂ ਹੋਵੇਗਾ, ਜੋ 9 ਮਾਰਚ ਨੂੰ ਸ਼ਾਮ 6.17 ਵਜੇ ਸਮਾਪਤ ਹੋਵੇਗਾ। ਧਾਰਮਿਕ ਮਾਨਤਾ ਅਨੁਸਾਰ ਮਹਾਸ਼ਿਵਰਾਤਰੀ ਦੇ ਦਿਨ ਦੇਵੀ ਪਾਰਵਤੀ ਤੇ ਭਗਵਾਨ ਸ਼ੰਕਰ ਦੀ ਸੱਚੇ ਮਨ ਨਾਲ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਭਗਵਾਨ ਸ਼ਿਵ ਨੂੰ ਸਮਰਪਿਤ ਮਹਾਸ਼ਿਵਰਾਤਰੀ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਸ਼ਿਵ ਨੂੰ ਦੇਵਤਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਮਹਾਸ਼ਿਵਰਾਤਰੀ ਦਾ ਵਰਤ ਸਾਲ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਵਰਤਾਂ ਵਿੱਚ ਗਿਣਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਿਵਰਾਤਰੀ ਦੇ ਦਿਨ ਮਹਾਦੇਵ ਦੀ ਪੂਜਾ ਪੂਰੀ ਸ਼ਰਧਾ ਨਾਲ ਕੀਤੀ ਜਾਵੇ ਤਾਂ ਭਗਵਾਨ ਸ਼ਿਵ ਹਰ ਮਨੋਕਾਮਨਾ ਪੂਰੀ ਕਰਦੇ ਹਨ। ਮਰਦ ਅਤੇ ਔਰਤਾਂ ਦੋਵੇਂ ਹੀ ਇਹ ਵਰਤ ਰੱਖਦੇ ਹਨ, ਜਦਕਿ ਲੜਕੀਆਂ ਚੰਗਾ ਲਾੜਾ ਪ੍ਰਾਪਤ ਕਰਨ ਲਈ ਇਹ ਵਰਤ ਰੱਖਦੀਆਂ ਹਨ। ਮਿਥਿਹਾਸ ਅਨੁਸਾਰ ਮਾਂ ਪਾਰਵਤੀ ਅਤੇ ਮਹਾਦੇਵ ਦਾ ਵਿਆਹ ਮਹਾਸ਼ਿਵਰਾਤਰੀ ਦੇ ਦਿਨ ਹੋਇਆ ਸੀ। ਇਸ ਕਾਰਨ ਇਸ ਲੋਕ ਮਹਾਸ਼ਿਵਰਾਤਰੀ ਦਾ ਵਰਤ ਰੱਖਦੇ ਹਨ, ਜਿਸ ਨਾਲ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਣ। ਇਸ ਵਰਤ ਦੌਰਾਨ ਤੁਸੀਂ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ, ਦੇ ਬਾਰੇ ਆਓ ਜਾਣਦੇ ਹਾਂ.....
ਆਲੂ ਦਾ ਸੇਵਨ
ਆਲੂ ਅਜਿਹੀ ਸਬਜ਼ੀ ਹੈ, ਜਿਸ ਦਾ ਸੇਵਨ ਤੁਸੀਂ ਵਰਤ ਦੌਰਾਨ ਕਰ ਸਕਦੇ ਹੋ। ਤੁਸੀਂ ਵਰਤ ਵਾਲੇ ਦਿਨ ਆਲੂ ਟਿੱਕੀ ਬਣਾ ਸਕਦੇ ਹੋ। ਇਸ ਲਈ ਉਬਲੇ ਹੋਏ ਆਲੂ 'ਚ ਹਰੀ ਮਿਰਚ ਅਤੇ ਲੂਣ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ। ਹੁਣ ਇਸ ਨੂੰ ਟਿੱਕੀ ਦਾ ਰੂਪ ਦਿਓ ਅਤੇ ਇੱਕ ਪੈਨ 'ਤੇ ਘੱਟ ਤੇਲ 'ਚ ਸੇਕ ਲਓ। ਤੁਸੀਂ ਇਸ ਨੂੰ ਦਹੀਂ ਨਾਲ ਵੀ ਖਾ ਸਕਦੇ ਹੋ।
ਫਲ ਅਤੇ ਸੁੱਕੇ ਮੇਵੇ
ਵਰਤ ਦੌਰਾਨ ਫਲਾਂ ਦੀ ਖੁਰਾਕ ਵਿੱਚ ਫਲ ਅਤੇ ਸੁੱਕੇ ਮੇਵੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਅਜਿਹੀ ਸਥਿਤੀ 'ਚ ਇਸ ਸ਼ਿਵਰਾਤਰੀ 'ਤੇ ਵਰਤ ਦੌਰਾਨ ਤੁਸੀਂ ਫਲ ਅਤੇ ਸੁੱਕੇ ਮੇਵੇ ਦੀ ਚਾਟ ਖਾ ਸਕਦੇ ਹੋ। ਇਸ ਲਈ ਮੌਸਮੀ ਫਲਾਂ ਨੂੰ ਕੱਟ ਕੇ ਇਕ ਕਟੋਰੀ 'ਚ ਪਾਓ ਅਤੇ ਫਿਰ ਇਸ 'ਚ ਭਿੱਜੇ ਹੋਏ ਡਰਾਈਫਰੂਟਸ ਮਿਲਾ ਲਓ। ਇਸ ਤੋਂ ਬਾਅਦ ਲੂਣ, ਕਾਲੀ ਮਿਰਚ ਪਾਓ ਅਤੇ ਇਸ ਚਾਟ ਦਾ ਆਨੰਦ ਲਓ।
ਡਰਾਈ ਫਰੂਟਸ ਸ਼ੇਕ
ਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਲੋਕ ਵਰਤ ਦੌਰਾਨ ਡਰਾਈ ਫਰੂਟਸ ਸ਼ੇਕ ਵੀ ਪੀ ਸਕਦੇ ਹੋ। ਬਣਾਉਣ 'ਚ ਆਸਾਨ ਇਹ ਨੁਸਖਾ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਲਈ ਤੁਸੀਂ ਵੱਖ-ਵੱਖ ਤਰ੍ਹਾਂ ਦੇ ਡਰਾਈ ਫਰੂਟਸ ਨੂੰ ਪੀਸ ਕੇ ਦੁੱਧ ਅਤੇ ਕਰੀਮ ਨਾਲ ਮਿਲਾ ਸਕਦੇ ਹੋ।
ਸਾਬੂਦਾਣਾ ਮਿੱਠੀ ਖਿਚੜੀ ਜਾਂ ਖੀਰ
ਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਲੋਕ ਮਿੱਠੀ ਖਿਚੜੀ ਜਾਂ ਖੀਰ ਦਾ ਸੇਵਨ ਵੀ ਕਰ ਸਕਦੇ ਹਨ। ਵਰਤ ਦੌਰਾਨ ਫਲਾਂ ਦੀ ਖੁਰਾਕ ਲਈ ਇੱਕ ਵਧੀਆ ਵਿਕਲਪ ਸਾਬਤ ਹੋਵੇਗੀ। ਜੇਕਰ ਤੁਸੀਂ ਵਰਤ ਵਾਲੇ ਦਿਨ ਲੂਣ ਨਹੀਂ ਖਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦੀ ਬਜਾਏ ਮਿੱਠੀ ਖਿਚੜੀ ਜਾਂ ਸਾਬੂਦਾਣੇ ਦੀ ਬਣੀ ਖੀਰ ਬਣਾ ਸਕਦੇ ਹੋ।
ਫਲ ਰਾਇਤਾ
ਫਰੂਟ ਰਾਇਤਾ ਵੀ ਵਰਤ ਰੱਖਣ ਲਈ ਵਧੀਆ ਆਪਸ਼ਨ ਹੈ। ਤੁਸੀਂ ਦਹੀਂ ਵਿੱਚ ਆਪਣੀ ਪਸੰਦ ਅਨੁਸਾਰ ਫਲ ਅਤੇ ਸੁੱਕੇ ਮੇਵੇ ਮਿਲਾ ਕੇ ਰਾਇਤਾ ਬਣਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਨੂੰ ਨਾ ਸਿਰਫ਼ ਭੁੱਖ ਤੋਂ ਰਾਹਤ ਮਿਲੇਗੀ ਸਗੋਂ ਤਾਕਤ ਵੀ ਮਿਲੇਗੀ।
ਮਹਾਸ਼ਿਵਰਾਤਰੀ 2024 ਪੂਜਾ ਦਾ ਸ਼ੁਭ ਸਮਾਂ
ਮਹਾਸ਼ਿਵਰਾਤਰੀ 2024 ਵਰਤ ਦੀ ਮਿਤੀ - 8 ਮਾਰਚ 2024
ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਦਸ਼ੀ ਤਿਥੀ ਸ਼ੁਰੂ ਹੁੰਦੀ ਹੈ - 8 ਮਾਰਚ, 2024 ਰਾਤ 9:57 ਵਜੇ ਤੋਂ
ਫੱਗਣ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਦਸ਼ੀ ਤਿਥੀ ਦੀ ਸਮਾਪਤੀ - 9 ਮਾਰਚ, 2024 ਸ਼ਾਮ 6:17 ਵਜੇ