ਪਨਬੱਸ ਤੇ PRTC ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗੁਲ, ਮਹੀਨੇ ’ਚ 9 ਦਿਨ ਹੋਣਗੇ ਰੋਸ ਪ੍ਰਦਰਸ਼ਨ
Tuesday, Aug 30, 2022 - 03:42 PM (IST)
ਜਲੰਧਰ (ਪੁਨੀਤ) : ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾਉਂਦੇ ਹੋਏ ਮਹੀਨੇ 'ਚ 9 ਦਿਨ ਰੋਸ-ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਕੜੀ 'ਚ ਮੁੱਖ ਮੰਤਰੀ ਦਾ ਘਿਰਾਓ ਅਤੇ ਤਿੰਨ ਦਿਨ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਸੰਘਰਸ਼ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਕੀਤੀ ਜਾ ਰਹੀ ਹੈ। ਇਹ ਐਲਾਨ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਵੱਲੋਂ 14 ਤੋਂ 16 ਅਗਸਤ ਤੱਕ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿਵਾ ਕੇ ਸੰਘਰਸ਼ ਨੂੰ ਰੁਕਵਾ ਦਿੱਤਾ ਗਿਆ। ਇਸ ਉਪਰੰਤ 18 ਅਗਸਤ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ 'ਚ ਵਿੱਤ ਮੰਤਰੀ ਨਾਲ ਮੀਟਿੰਗ ਕਰਵਾ ਕੇ ਯੂਨੀਅਨ ਆਗੂਆਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਗਿਆ, ਜਿਹੜਾ ਕਿ 11-12 ਦਿਨ ਬੀਤਣ ਦੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ। ਇਸ ਕਾਰਨ ਯੂਨੀਅਨ ਵਿਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਬੇਨਾਮੀ ਪ੍ਰਾਪਰਟੀ ’ਚ ਇਨਵੈਸਟ ਹੋ ਰਿਹੈ ਭ੍ਰਿਸ਼ਟ ਅਫ਼ਸਰਾਂ ਦਾ ਪੈਸਾ
ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਸਾਰੇ 27 ਡਿਪੂਆਂ ਦੇ ਅਹੁਦੇਦਾਰਾਂ ਨੇ ਹਿੱਸਾ ਲੈ ਕੇ ਆਪਣੇ ਵਿਚਾਰ ਰੱਖੇ। ਇਸ ਦੌਰਾਨ ਸਰਬਸੰਮਤੀ ਨਾਲ ਸੰਘਰਸ਼ ਦੀ ਰੂਪ-ਰੇਖਾ ਦਾ ਸਮਰਥਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਵਾਰ ਸਰਕਾਰ ਅਤੇ ਅਧਿਕਾਰੀਆਂ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨੂੰ ਨਹੀਂ ਮੰਨਿਆ ਜਾਵੇਗਾ। ਯੂਨੀਅਨ ਮੰਗਾਂ ਪੂਰੀਆਂ ਕਰਵਾਉਣ ’ਤੇ ਕਾਇਮ ਰਹੇਗੀ। ਯੂਨੀਅਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਕੁਮਾਰ ਵਿੱਕੀ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਭਰੋਸਾ ਦਿਵਾਇਆ ਸੀ, ਜਿਹੜਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਸਰਕਾਰ ਨਾਲ ਹੋਈ ਮੀਟਿੰਗ ਵਿਚ ਆਊਟਸੋਰਸ ਭਰਤੀ ’ਤੇ ਰੋਕ ਲਾਉਣ ’ਤੇ ਸਹਿਮਤੀ ਬਣੀ ਸੀ ਪਰ ਇਸਦੇ ਉਲਟ ਵਿਭਾਗ ਵਿਚ ਵੱਡੇ ਪੱਧਰ ’ਤੇ ਆਊਟਸੋਰਸ ਭਰਤੀ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦਫ਼ਤਰਾਂ ’ਚ ਤਾਇਨਾਤ ਟੈਕਨੀਕਲ ਸਟਾਫ : ਡਾਇਰੈਕਟਰ ਡਿਸਟਰੀਬਿਊਸ਼ਨ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ
ਨੌਜਵਾਨਾਂ ਨੂੰ ਝੂਠੇ ਲਾਲਚ ਦੇ ਕੇ ਭਰਮਾਇਆ ਜਾ ਰਿਹਾ ਹੈ ਅਤੇ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰ ਕੇ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕਰਮਚਾਰੀ ਖੁਦ ਹੀ ਕੰਮ ਛੱਡਣ ’ਤੇ ਮਜਬੂਰ ਹੋ ਜਾਣ। ਇਸ ਪੂਰੇ ਘਟਨਾਕ੍ਰਮ ਖ਼ਿਲਾਫ਼ 2 ਸਤੰਬਰ ਤੋਂ ਸੰਘਰਸ਼ ਦੀ ਸ਼ੁਰੂਆਤ ਕਰ ਕੇ ਪੰਜਾਬ ਦੇ ਸਾਰੇ ਡਿਪੂਆਂ ਸਾਹਮਣੇ ਰੋਸ-ਪ੍ਰਦਰਸ਼ਨ ਕੀਤੇ ਜਾਣਗੇ। 6 ਸਤੰਬਰ ਨੂੰ ਪਟਿਆਲਾ ਸਥਿਤ ਪੀ. ਆਰ. ਟੀ. ਸੀ. ਦੇ ਹੈੱਡ ਆਫਿਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਲੜੀ ਵਿਚ 16 ਸਤੰਬਰ ਨੂੰ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਹੋਣਗੇ, ਜਿਸ ਵਿਚ ਪਨਬੱਸ-ਪੀ. ਆਰ. ਟੀ. ਸੀ. ਦੀਆਂ ਹਮਾਇਤੀ ਯੂਨੀਅਨਾਂ ਵੱਲੋਂ ਸਮਰਥਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਚੋਰਾਂ ਨੇ ਬੋਲਿਆ NRI ਦੇ ਬੰਦ ਪਏ ਘਰ 'ਤੇ ਧਾਵਾ, ਮਹਿੰਗੀ ਵਿਦੇਸ਼ੀ ਸ਼ਰਾਬ ਸਣੇ ਹੋਰ ਵੀ ਸਾਮਾਨ ਚੋਰੀ
20 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਰੋਸ ਪ੍ਰਗਟਾਇਆ ਜਾਵੇਗਾ। 23 ਸਤੰਬਰ ਨੂੰ ਦੁਬਾਰਾ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਪ੍ਰਦਰਸ਼ਨਾਂ ਨਾਲ ਵੀ ਸਰਕਾਰ ਨਾ ਜਾਗੀ ਤਾਂ 27 ਤੋਂ 29 ਸਤੰਬਰ ਤੱਕ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸੇ ਲੜੀ ਵਿਚ ਚੱਕਾ ਜਾਮ ਉਪਰੰਤ ਦੁਬਾਰਾ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦਾ ਘਿਰਾਓ ਹੋਵੇਗਾ। ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਗੰਭੀਰਤਾ ਨਾ ਦਿਖਾਈ ਤਾਂ ਉਹ ਬੱਸਾਂ ਦਾ ਚੱਕਾ ਜਾਮ ਕਰਨ ’ਤੇ ਮਜਬੂਰ ਹੋ ਜਾਣਗੇ, ਜਿਸ ਦੇ ਲਈ ਸਰਕਾਰ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹੋਣਗੀਆਂ।