ਜਲੰਧਰ-ਲੁਧਿਆਣਾ ਹਾਈਵੇਅ ''ਤੇ ਭਿਆਨਕ ਹਾਦਸਾ, 3 ਵਾਹਨਾਂ ਦੀ ਟੱਕਰ ਤੋਂ ਬਾਅਦ ਲੱਗਿਆ ਲੰਬਾ ਜਾਮ

Thursday, Apr 02, 2026 - 09:11 PM (IST)

ਜਲੰਧਰ-ਲੁਧਿਆਣਾ ਹਾਈਵੇਅ ''ਤੇ ਭਿਆਨਕ ਹਾਦਸਾ, 3 ਵਾਹਨਾਂ ਦੀ ਟੱਕਰ ਤੋਂ ਬਾਅਦ ਲੱਗਿਆ ਲੰਬਾ ਜਾਮ

ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਫਿਲੌਰ ਵਿੱਚ ਨੈਸ਼ਨਲ ਹਾਈਵੇਅ-44 (NH-44) 'ਤੇ ਤਿੰਨ ਵਾਹਨਾਂ ਦੀ ਆਪਸੀ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਕਾਰਨ ਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਕਈ ਘੰਟਿਆਂ ਤੱਕ ਵਾਹਨਾਂ ਦਾ ਲੰਬਾ ਜਾਮ ਲੱਗਿਆ ਰਿਹਾ।

ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਾਹਨ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਹਾਈਵੇਅ 'ਤੇ ਇੱਕ ਕਾਰ ਜਾ ਰਹੀ ਸੀ, ਜਿਸ ਦੇ ਪਿੱਛੇ ਇੱਕ ਆਈਸ਼ਰ ਟਰੱਕ ਚੱਲ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟਿੱਪਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਬੇਕਾਬੂ ਹੋ ਕੇ ਅੱਗੇ ਜਾ ਰਹੀ ਕਾਰ ਨਾਲ ਜਾ ਟਕਰਾਇਆ। 

ਇਸ ਦਰਦਨਾਕ ਹਾਦਸੇ ਵਿੱਚ ਖ਼ੁਸ਼ਕਿਸਮਤੀ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ, ਪਰ ਟੱਕਰ ਕਾਰਨ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਫਿਲੌਰ ਥਾਣੇ ਦੇ ਐੱਸ.ਆਈ. ਨਿਸ਼ਾਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਅਤੇ ਜਾਮ ਖੁਲ੍ਹਵਾ ਕੇ ਆਵਾਜਾਈ ਨੂੰ ਦੁਬਾਰਾ ਸੁਚਾਰੂ ਕਰਵਾਇਆ। ਪੁਲਸ ਨੇ ਤਿੰਨੋਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾ ਦਿੱਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਿਸ ਵੀ ਵਾਹਨ ਚਾਲਕ ਦੀ ਗਲਤੀ ਪਾਈ ਗਈ, ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
 


author

Inder Prajapati

Content Editor

Related News