ਨੋਟਬੰਦੀ ਤੇ ਜੀ. ਐੱਸ. ਟੀ. ਨੇ ਦੇਸ਼ ’ਚ ਆਰਥਕ ਅਰਾਜਕਤਾ ਦਾ ਮਾਹੌਲ ਬਣਾਇਆ : ਡਾ. ਜਸਲੀਨ ਸੇਠੀ
Wednesday, Dec 05, 2018 - 01:26 PM (IST)

ਜਲੰਧਰ (ਚੋਪੜਾ)—ਮਹਿਲਾ ਕਾਂਗਰਸੀ ਆਗੂਆਂ ਨੇ ਰਾਸ਼ਟਰੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਮਮਤਾ ਭੁਪੇਸ਼ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੈ। ਸੂਬਾ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤ, ਸੂਬਾ ਮਹਿਲਾ ਕਾਂਗਰਸ ਦੀ ਬੁਲਾਰਨ ਤੇ ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ, ਲੁਧਿਆਣਾ ਮਹਿਲਾ ਕਾਂਗਰਸ ਦੀ ਪ੍ਰਧਾਨ ਲੀਨਾ ਟਪਾਰੀਆ ਅਤੇ ਹੋਰ ਅਹੁਦੇਦਾਰਾਂ ਨਾਲ ਰਾਜਸਥਾਨ ਦੇ ਦੋਸਾ ਜ਼ਿਲੇ ਦੇ ਸੀਕਰੀ ਵਿਧਾਨ ਸਭਾ ਹਲਕੇ ਵਿਚ ਘਰ-ਘਰ ਜਾ ਕੇ ਕਾਂਗਰਸੀ ਉਮੀਦਵਾਰ ਮਮਤਾ ਭੁਪੇਸ਼ ਦੇ ਪੱਖ ਵਿਚ ਪ੍ਰਚਾਰ ਕਰ ਰਹੀਆਂ ਹਨ। ਡਾ. ਜਸਲੀਨ ਨੇ ਦੱਸਿਆ ਕਿ ਰਾਜਸਥਾਨ ਵਿਚ ਕਾਂਗਰਸ ਸਪੱਸ਼ਟ ਬਹੁਮਤ ਲੈ ਕੇ ਸਰਕਾਰ ਬਣਾਏਗੀ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਸਾਬਕਾ ਵਸੁੰਧਰਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਹਰੇਕ ਵਰਗ ਪ੍ਰੇਸ਼ਾਨ ਹੈ ਅਤੇ ਲੋਕਾਂ ਵਿਚ ਭਾਜਪਾ ਦੇ ਖਿਲਾਫ ਬੇਹੱਦ ਰੋਸ ਹੈ। ਡਾ. ਜਸਲੀਨ ਨੇ ਦੱਸਿਆ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਨੇ ਦੇਸ਼ ਭਰ ਵਿਚ ਆਰਥਕ ਅਰਾਜ਼ਕਤਾ ਦਾ ਮਾਹੌਲ ਬਣਾ ਦਿੱਤਾ ਹੈ।