ਝੂਠ ਦੀ ਰਾਜਨੀਤੀ ਤੋਂ ਪੰਜਾਬ ਨੂੰ ਬਚਾਉਣ ਲਈ ਯੂਥ ਨੂੰ ਕਰਾਂਗੇ ਲਾਮਬੰਦ : ਸਰਬਜੀਤ ਝਿੰਜਰ

Tuesday, Jun 20, 2023 - 12:55 PM (IST)

ਝੂਠ ਦੀ ਰਾਜਨੀਤੀ ਤੋਂ ਪੰਜਾਬ ਨੂੰ ਬਚਾਉਣ ਲਈ ਯੂਥ ਨੂੰ ਕਰਾਂਗੇ ਲਾਮਬੰਦ : ਸਰਬਜੀਤ ਝਿੰਜਰ

ਜਲੰਧਰ (ਰਮਨਦੀਪ ਸੋਢੀ) : ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਪਿਛਲੀਆਂ ਦੋ ਟਰਮਾਂ ਤੋਂ ਸੱਤਾ ਤੋਂ ਬਾਹਰ ਹੈ ਪਰ ਉਹ ਫਿਰ ਤੋਂ ਆਪਣਾ ਢਾਂਚਾ ਉਸਾਰਨ ਅਤੇ ਆਪਣੀ ਸਿਆਸੀ ਤੌਰ ’ਤੇ ਖੁੱਸੀ ਜ਼ਮੀਨ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਵਿਚ ਅਕਾਲੀ ਦਲ ਨੇ ਆਪਣੇ ਯੂਥ ਨੂੰ ਇੰਪਾਵਰ ਕੀਤਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਨੇ ਪਿਛਲੀਆਂ ਚੋਣਾਂ ’ਚ ਜੇ ਮਾਰ ਖਾਧੀ ਹੈ ਤਾਂ ਉਸ ਦਾ ਕਾਰਨ ਯੂਥ ਦਾ ਟੁੱਟਣਾ ਹੈ। ਸੱਤਾ ਧਿਰ ਨੂੰ ਇਸ ਗੱਲ ਦਾ ਕਾਫ਼ੀ ਫਾਇਦਾ ਮਿਲਿਆ ਹੈ। ਇਸੇ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰ ਰਹੇ ਹਨ ਕਿ ਯੂਥ ਨੂੰ ਇੰਪਾਵਰ ਕੀਤਾ ਜਾਵੇ, ਜਿਸ ਦੇ ਲਈ ਉਨ੍ਹਾਂ ਨੇ ਬੀਤੇ ਦਿਨ ਇਕ ਸਾਧਾਰਨ ਕਿਸਾਨ ਪਰਿਵਾਰ ਦੇ ਲੜਕੇ ਸਰਬਜੀਤ ਸਿੰਘ ਝਿੰਜਰ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ, ਜੋ ਫਤਿਹਗੜ੍ਹ ਸਾਹਿਬ ਨਾਲ ਸਬੰਧ ਰੱਖਦੇ ਹਨ। ਪੇਸ਼ ਹਨ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਦੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–

ਇਹ ਵੀ ਪੜ੍ਹੋ :  ਕਿਸਾਨਾਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਲਿਆ ਅਹਿਮ ਫ਼ੈਸਲਾ

ਪਾਰਟੀ ਦੇ ਗ੍ਰਾਫ ਨੂੰ ਲੈ ਕੇ ਕੀ ਪਲਾਨਿੰਗ ਹੈ?

ਜਿਸ ਸਮੇਂ ਪਾਰਟੀ ਦੇ ਯੂਥ ਵਿੰਗ ਦੀ ਸੇਵਾ ਕਰਨ ਦੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ, ਚੁਣੌਤੀ ਬਹੁਤ ਵੱਡੀ ਹੈ, ਇਸ ’ਚ ਕੋਈ ਦੋ ਰਾਵਾਂ ਨਹੀਂ। ਇਸ ਦੇ ਲਈ ਪੂਰੇ ਪੰਜਾਬ ਦੇ ਹਰ ਪਿੰਡ ’ਚ ਬੂਥ ਲੈਵਲ ਤਕ ਪਹੁੰਚ ਕਰਨੀ ਪਵੇਗੀ। ਹਰ ਨੌਜਵਾਨ ਤਕ ਪਹੁੰਚ ਬਣਾਉਣੀ ਪੈਣੀ ਹੈ ਕਿਉਂਕਿ ਨੌਜਵਾਨ ਵਰਗ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ। ਝੂਠ ਦੀ ਰਾਜਨੀਤੀ ਤੋਂ ਪੰਜਾਬ ਨੂੰ ਬਚਾਉਣ ਲਈ ਯੂਥ ਨੂੰ ਲਾਮਬੰਦ ਕੀਤਾ ਜਾਵੇਗਾ। ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ ਸਮੇਂ ’ਚ ਇਕ ਬਹੁਤ ਵੱਡਾ ਝੂਠ ਚੱਲਿਆ ਅਤੇ ਨੌਜਵਾਨਾਂ ਨੂੰ ਲੱਗਾ ਕਿ ਉਹ ਉਸ ਝੂਠ ’ਚ ਵਹਿ ਗਏ। ਨੌਜਵਾਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਤੇ ਪੰਜਾਬੀਅਤ ਲਈ ਜੇ ਕੋਈ ਕੰਮ ਕਰ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ। ਯੂਥ ਇਕੱਠਾ ਹੋ ਕੇ ਹੀ ਆਪਣੇ ਹੱਕ ਲੈ ਸਕਦਾ ਹੈ। ਧੱਕੇਸ਼ਾਹੀ ਖ਼ਿਲਾਫ਼ ਯੂਥ ਹੀ ਇਕਮੁੱਠ ਹੋ ਕੇ ਜਵਾਬ ਦੇ ਸਕਦਾ ਹੈ।

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ

ਯੂਥ ਦਾ ਭਰੋਸਾ ਅਕਾਲੀ ਦਲ ’ਚ ਕਿਵੇਂ ਬਹਾਲ ਕਰੋਗੇ?

ਦੋ ਗੱਲਾਂ ਹੁੰਦੀਆਂ ਹਨ, ਇਕ ਹੁੰਦਾ ਹੈ ਕਿ ਅਕਾਲੀ ਦਲ ਤੋਂ ਭਰੋਸਾ ਸ਼ਾਇਦ ਨਾ ਉੱਠਿਆ ਹੋਵੇ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਕੁਝ ਜ਼ਿਆਦਾ ਵਧੀਆ ਦਿਖਾਈ ਦਿੱਤਾ ਹੋਵੇ। ਦੂਜੇ ਪਾਸੇ ਦਿਖਾਇਆ ਹੀ ਇੰਨਾ ਕੁਝ ਗਿਆ ਜਿਵੇਂ 2017 ’ਚ ਕਾਂਗਰਸ ਵੱਲੋਂ ਬਹੁਤ ਵੱਡਾ ਝੂਠ ਬੋਲਿਆ ਗਿਆ ਕਿ ਹਰ ਘਰ ਨੌਕਰੀ, ਜਿਸ ਨਾਲ ਹਰ ਮਾਂ ਤੇ ਪਿਓ ਨੂੰ ਲੱਗਿਆ ਕਿ ਜੇ ਕਾਂਗਰਸ ਦੀ ਸਰਕਾਰ ਆ ਜਾਏਗੀ ਤਾਂ ਮੇਰੇ ਪੁੱਤ ਨੂੰ ਨੌਕਰੀ ਮਿਲ ਜਾਵੇਗੀ। ਹਰ ਨੌਜਵਾਨ ਦੇ ਦਿਲ ਵਿਚ ਉਮੀਦ ਜਾਗ ਗਈ ਕਿ ਹਰ ਘਰ ਨੌਕਰੀ ਮਿਲੇਗੀ। ਨੌਜਵਾਨਾਂ ’ਚ ਉਮੀਦ ਜਾਗੀ ਸੀ ਕਿ ਸ਼ਾਇਦ ਜੋ ਵਾਅਦਾ ਕੀਤਾ ਹੈ, ਉਹ ਕੈਪਟਨ ਪੂਰਾ ਕਰਨਗੇ। ਇਕ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕਰਜ਼ਾ ਕੁਰਕੀ ਖ਼ਤਮ-ਫਸਲ ਦੀ ਪੂਰੀ ਰਕਮ, ਇਨ੍ਹਾਂ ਦੋ ਗੱਲਾਂ ’ਤੇ ਜਦੋਂ ਬਹੁ਼ਤ ਵੱਡਾ ਝੂਠ ਕੈਪਟਨ ਅਮਰਿੰਦਰ ਸਿੰਘ ਨੇ ਬੋਲਿਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਦਿੱਤੀਆਂ। ਅਕਾਲੀ ਦਲ ਦੇ ਉਲਟ ਪਾਈਆਂ ਇਹ ਵੱਖਰੀ ਗੱਲ ਹੈ, ਉਸ ਝੂਠ ਨੂੰ ਦੇਖ ਕੇ ਉਧਰ ਪਾਈਆਂ ਦੂਜੀ ਗੱਲ ਹੈ। ਉਹ ਝੂਠ ’ਚ ਵਹਿ ਗਏ। 5 ਸਾਲ ਯੂਥ ਨੂੰ ਲੱਗਿਆ ਕਿ ਅਸੀਂ ਤਾਂ ਠੱਗੇ ਗਏ ਕਿਉਂਕਿ ਨਾ ਤਾਂ ਘਰ-ਘਰ ਨੌਕਰੀ ਮਿਲੀ ਅਤੇ ਨਾ ਹੀ ਆੜ੍ਹਤੀਆਂ ਤੇ ਕੋਆਪ੍ਰੇਟਿਵ ਬੈਂਕਾਂ ਦਾ ਕਰਜ਼ਾ ਮੁਆਫ਼ ਹੋਇਆ।

5 ਸਾਲ ਬਾਅਦ ਵੀ ਲੋਕਾਂ ਨੇ ਤੁਹਾਨੂੰ ਯਾਦ ਕਿਉਂ ਨਹੀਂ ਕੀਤਾ?

ਜਦੋਂ ਕੈਪਟਨ ਨੇ ਪੰਜਾਬ ਦਾ ਵਿਕਾਸ ਠੱਪ ਹੀ ਕਰ ਦਿੱਤਾ ਤਾਂ ਪੰਜਾਬ ਬਹੁਤ ਹੇਠਾਂ ਆ ਗਿਆ। ਪੰਜਾਬੀਆਂ ਨਾਲ ਇੰਨੇ ਵੱਡੇ ਝੂਠ ਬੋਲੇ ਗਏ, ਜਿਸ ਨਾਲ ਨੌਜਵਾਨ ਵਰਗ ਦਾ ਭਰੋਸਾ ਟੁੱਟ ਗਿਆ। ਨੌਜਵਾਨਾਂ ਨੇ ਸੋਚਿਆ ਕਿ ਉਨ੍ਹਾਂ ਨਾਲ ਠੱਗੀ ਹੋ ਗਈ। ਕੈਪਟਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੋਚਿਆ ਕਿ ਪਹਿਲਾਂ ਨਾਲੋਂ ਵੱਡਾ ਝੂਠ ਬੋਲਿਆ ਜਾਵੇ। ਇਕ ਛੋਟੇ ਝੂਠ ਤੋਂ ਇਕ ਵੱਡਾ ਝੂਠ ਬੋਲਣ ’ਤੇ ਹੀ ਗੱਲ ਜਚੇਗੀ। ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਬਦਲਾਅ ਲਿਆਉਣ ਦੇ ਨਾਂ ’ਤੇ ਝੂਠ ਬੋਲਿਆ ਗਿਆ। ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਪੰਜਾਬ ’ਚੋਂ ਪਰਿਵਾਰਵਾਦ, ਭ੍ਰਿਸ਼ਟਾਚਾਰ ਸਣੇ ਕਈ ਮੁੱਦਿਆਂ ਨੂੰ ਲੈ ਕੇ ਝੂਠੇ ਸਬਜ਼ਬਾਗ ਦਿਖਾਏ।

ਇਹ ਵੀ ਪੜ੍ਹੋ : ਪੰਜਾਬ 'ਚ Monsoon ਨੂੰ ਲੈ ਕੇ ਆਈ ਵੱਡੀ ਖ਼ਬਰ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਅਪਡੇਟ

ਕਦੇ ਵੀ ਝੂਠ ਬੋਲ ਕੇ ਸਰਕਾਰ ਨਹੀਂ ਬਣਾਏਗਾ ਸ਼੍ਰੋਮਣੀ ਅਕਾਲੀ ਦਲ

ਇਕ ਗੱਲ ਮੇਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਸਪਸ਼ਟ ਹੈ ਕਿ ਸਰਕਾਰ ਆਵੇ ਜਾਂ ਨਾ ਆਵੇ ਪਰ ਜੋ ਅਸੀਂ ਕਹਾਂਗੇ, ਉਹੀ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਨੇ 1997 ਤੋਂ 2002 ਤਕ ਅਤੇ 2007 ਤੋਂ 2017 ਤਕ ਜੋ ਕਿਹਾ ਹੈ, ਉਹੀ ਕੀਤਾ ਹੈ। ਕੋਈ ਵੀ ਨਹੀਂ ਕਹਿ ਸਕਦਾ ਕਿ ਇਕ ਵੀ ਵਾਅਦਾ ਕਰ ਕੇ ਇਹ ਸਰਕਾਰ ਮੁੱਕਰ ਗਈ। ਉਨ੍ਹਾਂ ਕਿਹਾ ਕਿ ਸਰਕਾਰ ਆਵੇ ਜਾਂ ਨਾ ਆਵੇ ਸ਼੍ਰੋਮਣੀ ਅਕਾਲੀ ਦਲ ਝੂਠ ਬੋਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰੇਗਾ ਅਤੇ ਇਸ ਨੂੰ ਅੱਜ ਹਰ ਵਰਗ ਮੰਨਣ ਵੀ ਲੱਗ ਪਿਆ ਹੈ। ਜਲੰਧਰ ਜ਼ਿਮਨੀ ਚੋਣ ਨੂੰ ਤੁਸੀਂ ਜਿੱਤਾਂ-ਹਾਰਾਂ ਨਾਲ ਨਾ ਦੇਖੋ। ਇਸ ਚੋਣ ਦੌਰਾਨ ਸਰਕਾਰ ਨੇ ਆਪਣੀ ਪਾਵਰ ਦੀ ਦੁਰਵਰਤੋਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਅਸੀਂ ਸਾਰੀਆਂ ਜ਼ਿਮਨੀ ਚੋਣਾਂ ਜਿੱਤਦੇ ਰਹੇ ਹਾਂ ਪਰ ਇਸ ਜਲੰਧਰ ਜ਼ਿਮਨੀ ਚੋਣ ਨੂੰ ਜਿੱਤ-ਹਾਰ ਨਾਲ ਨਾ ਦੇਖੋ। ਸਰਕਾਰ ਨੇ ਆਪਣਾ ਹਰ ਦਾਅ ਖੇਡਿਆ। ਉਨ੍ਹਾਂ ਕਿਹਾ ਕਿ ਅਸੀਂ ਸੱਚ ਬੋਲਾਂਗੇ ਤੇ ਸੱਚ ’ਤੇ ਚੱਲਾਂਗੇ। ਪੰਜਾਬ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜਦਾ ਰਹੇਗਾ।

10 ਸਾਲ ਪੁਰਾਣੇ ਮੁੱਦੇ ਵੀ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ?

ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਤੇ ਏਜੰਡਾ ਦਿੱਲੀ ਹੈ। ਇਕੋ-ਇਕ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਪੰਜਾਬ ਤੇ ਪੰਜਾਬੀ ਦਾ ਹੈ। ਦਿੱਲੀ ਏਜੰਡੇ ਦੀ ਕਾਟ ਕਰਨੀ ਹੈ, ਉਸ ਦੇ ਅੱਗੇ ਖੜ੍ਹਨਾ ਹੈ ਅਤੇ ਪੰਜਾਬ ਦੇ ਹੱਕਾਂ ਲਈ ਲੜਨਾ ਹੈ, ਉਸ ਲਈ ਸਿਰਫ ਅਕਾਲੀ ਦਲ ਹੀ ਲੜੇਗਾ।

ਕੀ ਅਕਾਲੀ ਦਲ ਵੀ ਪੰਥਕ ਮੁੱਦਿਆਂ ਤੋਂ ਖੁੰਝ ਗਿਆ ਸੀ?

ਬਿਲਕੁਲ ਨਹੀਂ ਖੁੰਝਿਆ। ਅਸੀਂ ਕਦੇ ਝੂਠ ਨਹੀਂ ਬੋਲਿਆ ਅਤੇ ਨਾ ਹੀ ਡਰਾਮਾ ਕੀਤਾ। ਇਨ੍ਹਾਂ ਨੇ ਡਰਾਮੇ ਕੀਤੇ ਪਰ ਕਈ ਵਾਰ ਕੁਦਰਤ ਵੀ ਖੇਡ ਰਚਦੀ ਹੈ। ਕੈਪਟਨ ਨੇ ਝੂਠ ਬੋਲਿਆ ਤੇ ਡਰਾਮਾ ਕੀਤਾ, ਅੱਜ ਉਨ੍ਹਾਂ ਦੇ ਹਾਲਾਤ ਦੇਖ ਲਓ। ਅਕਾਲੀ ਦਲ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਨਹੀਂ ਬਣਾਏਗਾ, ਜੋ ਕਹਾਂਗੇ, ਉਹੀ ਕਰਾਂਗੇ।

ਇਹ ਵੀ ਪੜ੍ਹੋ : 8.49 ਕਰੋੜ ਦੀ ਲੁੱਟ ਮਾਮਲੇ 'ਚ CP ਮਨਦੀਪ ਸਿੱਧੂ ਦੇ ਅਹਿਮ ਖ਼ੁਲਾਸੇ, 2 ਹੋਰ ਬੰਦੇ ਕੀਤੇ ਕਾਬੂ

ਯੂਥ ਨੂੰ ਲਾਮਬੰਦ ਕਿਵੇਂ ਕਰੋਗੇ ?

ਯੂਥ ਦਾ ਕੰਮ ਰੈਲੀਆਂ ’ਚ ਜਾ ਕੇ ਝੰਡੀਆਂ ਲਾਉਣੀਆਂ ਜਾਂ ਇਕੱਠ ਕਰ ਰੋਡ ਸ਼ੋਅ ਕਰਨੇ ਨਹੀਂ ਹੈ। ਯੂਥ ਨੂੰ ਕੰਮ ਕਰਨ ਦਾ ਸ਼ੌਕ ਹੈ। ਬਾਕੀ ਪਾਰਟੀਆਂ ਦੇ ਨਾਲੋਂ ਯੂਥ ਅਕਾਲੀ ਨਾਲ ਜੁੜੇ ਨੌਜਵਾਨਾਂ ’ਚ ਜੋਸ਼ ਹਮੇਸ਼ਾ ਵੱਧ ਰਿਹਾ ਹੈ। ਅੱਜ ਦੇ ਸਮੇਂ ’ਚ ਲੋੜ ਹੈ ਕਿ ਪੋਲੀਟੀਕਲ ਸਿਸਟਮ ਦੇ ਨਾਲ-ਨਾਲ ਯੂਥ ਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲੜਨ ਲਈ ਇਕਮੁੱਠ ਕੀਤਾ ਜਾਵੇ। ਪੰਜਾਬ ’ਚ ਹਵਾ, ਪਾਣੀ ਤੇ ਧਰਤੀ ਸਭ ਕੁਝ ਖਰਾਬ ਹੁੰਦਾ ਜਾ ਰਿਹਾ ਹੈ, ਉਸ ਲਈ ਯੂਥ ਨੂੰ ਬਹੁਤ ਵੱਡਾ ਕੰਮ ਕਰਨ ਦੀ ਲੋੜ ਹੈ। ਯੂਥ ਨੂੰ ਇਕਮੁੱਠ ਕਰ ਕੇ ਪੌਦੇ ਲਾਉਣੇ ਚਾਹੀਦੇ ਹਨ। ਨਸ਼ਿਆਂ ਖ਼ਿਲਾਫ਼ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਸਮਾਜਿਕ ਮੁੱਦਿਆਂ ’ਤੇ ਅਕਾਲੀ ਦਲ ਬਰਾਬਰ ਕੰਮ ਕਰੇਗਾ। ਪੰਜਾਬ ਦੀ ਹਵਾ, ਮਿੱਟੀ ਤੇ ਪਾਣੀ ਤੋਂ ਇਲਾਵਾ ਸਮਾਜਿਕ ਮੁੱਦੇ ਵੀ ਉਜਾਗਰ ਕੀਤੇ ਜਾਣਗੇ।

ਪਾਰਟੀ ਦਾ ਯੂਥ ਪ੍ਰਧਾਨ ਬਣਨ ਤਕ ਦਾ ਸਫ਼ਰ

ਮੈਂ ਇਕ ਸਾਧਾਰਨ ਪਰਿਵਾਰ ਤੋਂ ਹਾਂ। ਮੇਰਾ ਕੋਈ ਸਿਆਸੀ ਪਿਛੋਕੜ ਨਹੀਂ ਹੈ। ਮੈਂ 2006 ’ਚ ਕਾਲਜ ਦਾ ਪ੍ਰਧਾਨ ਬਣਿਆ, 2008 ’ਚ ਜ਼ਿਲਾ ਪ੍ਰਧਾਨ ਬਣਿਆ, 2015 ’ਚ ਜ਼ੋਨ ਦਾ ਪ੍ਰਧਾਨ ਬਣਿਆ ਤੇ 2021 ’ਚ ਯੂਥ ਅਕਾਲੀ ਦਲ ਦਾ ਜ਼ਿਲਾ ਪ੍ਰਧਾਨ ਬਣਿਆ। ਹੋਰ ਵੀ ਤਜਰਬੇਕਾਰ ਨੌਜਵਾਨ ਹੋ ਸਕਦੇ ਹਨ ਪਰ ਅਕਾਲ ਪੁਰਖ ਨੇ ਮੇਰੇ ’ਤੇ ਕ੍ਰਿਪਾ ਕਰਨੀ ਸੀ। ਪਾਰਟੀ ਨੇ ਮੇਰੇ ’ਤੇ ਵਿਸ਼ਵਾਸ ਜਤਾਇਆ, ਉਸ ਲਈ ਦਿਨ-ਰਾਤ ਇਕ ਕਰ ਕੇ ਕੰਮ ਕਰਾਂਗਾ। ਵਿੰਗ ਨੂੰ ਤਕੜਾ ਕਰਨਾ ਮਕਸਦ ਨਹੀਂ ਸਗੋਂ ਪੰਜਾਬੀਆਂ ਲਈ ਕੰਮ ਕਰਨਾ ਹੈ। ਪੰਜਾਬ ਦੇ ਹੱਕਾਂ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ। ਰਾਜ ਸ਼ਕਤੀ ਵੀ ਜ਼ਰੂਰੀ ਹੈ ਤਾਂ ਹੀ ਅਸੀਂ ਕੋਈ ਕੰਮ ਕਰ ਸਕਦੇ ਹਾਂ।

ਸਿੱਖਿਅਕ ਯੋਗਤਾ ਤੇ ਕਾਰੋਬਾਰ ਕੀ ਹੈ?

ਸਾਡਾ ਕਾਰੋਬਾਰ ਖੇਤੀਬਾੜੀ ਹੈ। ਸਾਡਾ ਸਾਂਝਾ ਪਰਿਵਾਰ ਹੈ। ਸਾਡੇ ਕੋਲ 35 ਕਿੱਲੇ ਜ਼ਮੀਨ ਹੈ ਅਤੇ ਮੇਰੇ ਹਿੱਸੇ 9 ਕਿੱਲੇ ਜ਼ਮੀਨ ਆਉਂਦੀ ਹੈ। ਮੈਂ ਗ੍ਰੈਜੂਏਸ਼ਨ ਤੇ ਡੀ. ਪੀ. ਐੱਡ ਕੀਤੀ ਹੋਈ ਹੈ।


author

Harnek Seechewal

Content Editor

Related News