ਸਾਵਧਾਨ! ਕਿਤੇ ਤੁਹਾਡੇ ਸਿਹਤ ’ਤੇ ਭਾਰੀ ਨਾ ਪੈਣ ਜਾਵੇ ਤੁਹਾਡੀ ਹੀ ਗਲਤੀ

Monday, Feb 12, 2024 - 11:30 AM (IST)

ਸਾਵਧਾਨ! ਕਿਤੇ ਤੁਹਾਡੇ ਸਿਹਤ ’ਤੇ ਭਾਰੀ ਨਾ ਪੈਣ ਜਾਵੇ ਤੁਹਾਡੀ ਹੀ ਗਲਤੀ

ਜਲੰਧਰ (ਰੱਤਾ) – ਅੱਜਕਲ ਦੀ ਭੱਜ-ਦੌੜ ਤੇ ਤਣਾਅਗ੍ਰਸਤ ਜ਼ਿੰਦਗੀ ਕਾਰਨ ਵਧੇਰੇ ਲੋਕਾਂ ਨੂੰ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਲੋਕ ਸਮੇਂ ਤੇ ਕੁਝ ਪੈਸੇ ਬਚਾਉਣ ਲਈ ਆਪਣੀ ਮਰਜ਼ੀ ਨਾਲ ਦਵਾਈ ਖਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬਾਅਦ ’ਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਨਾਲ ਸੈਲਫ ਮੈਡੀਕੇਸ਼ਨ ਦਾ ਚੱਲਣ ਵੀ ਅੱਜਕਲ ਕਾਫ਼ੀ ਵਧ ਗਿਆ ਹੈ ਅਤੇ ਹਰ ਆਦਮੀ ਹੀ ਡਾਕਟਰ ਬਣਿਆ ਹੋਇਆ ਹੈ। ਲੋਕਾਂ ਨੂੰ ਇਸ ਗੱਲ ਦਾ ਜ਼ਰਾ ਵੀ ਗਿਆਨ ਨਹੀਂ ਹੁੰਦਾ ਕਿ ਮਾਹਰ ਡਾਕਟਰ ਦੀ ਮਰਜ਼ੀ ਤੋਂ ਬਿਨਾਂ ਦਵਾਈ ਖਾਣਾ ਕਦੇ-ਕਦੇ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ ਤੇ ਉਨ੍ਹਾਂ ਦੀ ਇਹ ਗਲਤੀ ਉਨ੍ਹਾਂ ਦੀ ਸਿਹਤ ’ਤੇ ਭਾਰੀ ਪੈ ਸਕਦੀ ਹੈ। ਕੁਝ ਲੋਕ ਪੈਸੇ ਬਚਾਉਣ ਦੇ ਚੱਕਰ ’ਚ ਮਾਹਰ ਤੋਂ ਜਾਂਚ ਕਰਵਾਏ ਬਿਨਾਂ ਆਲੇ-ਦੁਆਲੇ ਦੇ ਹੀ ਕਿਸੇ ਕੈਮਿਸਟ ਤੋਂ ਦਵਾਈ ਲੈ ਕੇ ਖਾ ਲੈਂਦੇ ਹਨ ਤੇ ਫਿਰ ਜਦੋਂ ਕੋਈ ਫਰਕ ਨਹੀਂ ਪੈਂਦਾ ਤਾਂ ਆਖਰ ਉਨ੍ਹਾਂ ਨੂੰ ਡਾਕਟਰ ਕੋਲ ਹੀ ਭੱਜਣਾ ਪੈਂਦਾ ਹੈ। ਅਜਿਹੇ ’ਚ ਜਿੱਥੇ ਉਨ੍ਹਾਂ ਦੇ ਪੈਸਿਆਂ ਦੀ ਬਰਬਾਦੀ ਹੁੰਦੀ ਹੈ ਉੱਥੇ ਕਈ ਵਾਰ ਛੋਟੀ ਜਿਹੀ ਬੀਮਾਰੀ ਵੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੁੰਦੀ ਹੈ।

ਸੈਲਫ ਮੈਡੀਕੇਸ਼ਨ ਦੇ ਨੁਕਸਾਨ ਬਾਰੇ ਮਾਹਰ ਕੀ ਕਹਿੰਦੇ ਹਨ। ਆਓ ਉਨ੍ਹਾਂ ਦੇ ਵਿਚਾਰ ਪੜ੍ਹੀਏ।


ਕੁਝ ਦਵਾਈਆਂ ਦੇ ਸਾਈਡ ਇਫੈਕਟ ਵੀ ਹੁੰਦੇ ਹਨ : ਡਾ. ਨਿਪੁੰਨ ਮਹਾਜਨ
ਟੈਗੋਰ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ ਦੇ ਮੁੱਖ ਹਿਰਦੇ ਰੋਗ ਮਾਹਿਰ ਡਾ. ਨਿਪੁੰਨ ਮਹਾਜਨ ਦਾ ਕਹਿਣਾ ਹੈ ਕਿ ਜਿੱਥੇ ਹਰ ਦਵਾਈ ਦਾ ਚੰਗਾ ਪ੍ਰਭਾਵ ਹੁੰਦਾ ਹੈ, ਉੱਥੇ ਕੁਝ ਦਵਾਈਆਂ ਦੇ ਸਾਈਡ ਇਫੈਕਟ ਵੀ ਹੁੰਦੇ ਹਨ, ਜਿਸ ਸਬੰਧੀ ਆਮ ਆਦਮੀ ਜਾਗਰੂਕ ਨਹੀਂ ਹੁੰਦਾ। ਕਈ ਵਾਰ ਰੋਗੀ ਨੂੰ ਬੀਮਾਰੀ ਤਾਂ ਗੰਭੀਰ ਹੁੰਦੀ ਹੈ ਪਰ ਉਸ ਦੇ ਲੱਛਣ ਨਾਰਮਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮਿਸਾਲ ਦੇ ਤੌਰ ’ਤੇ ਕਈ ਵਾਰ ਰੋਗੀ ਨੂੰ ਢਿੱਡ ਦੇ ਉਪਰੀ ਹਿੱਸੇ ’ਚ ਦਰਦ ਜਾਂ ਛਾਤੀ ’ਚ ਜਲਣ ਹੁੰਦੀ ਹੈ ਤਾਂ ਉਸ ਇਸ ਨੂੰ ਢਿੱਡ ਦੀ ਗੈਸ ਦੀ ਸਮੱਸਿਆ ਸਮਝ ਕੇ ਖੁਦ ਹੀ ਦਵਾਈ ਖਾਣਾ ਸ਼ੁਰੂ ਕਰ ਦਿੰਦਾ ਹੈ, ਜਦੋਂਕਿ ਇਹ ਹਾਰਟ ਅਟੈਕ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਦਵਾਈ ਖਾਣ ਤੋਂ ਪਹਿਲੇ ਡਾਕਟਰ ਨਾਲ ਸਲਾਹ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਦਰਦ ਰੋਕੂ ਦਵਾਈ ਦਾ ਜ਼ਿਆਦਾ ਸੇਵਨ ਕਿਡਨੀਆਂ ਖਰਾਬ ਕਰ ਸਕਦਾ ਹੈ : ਡਾ. ਸੰਦੀਪ ਗੋਇਲ
ਐੱਨ. ਐੱਚ. ਐੱਸ (ਨਾਸਾ ਤੇ ਹਬ ਸੁਪਰ ਸਪੈਸ਼ਲਿਟੀ) ਹਸਪਤਾਲ ਦੇ ਡਾਇਰੈਕਟਰ ਤੇ ਮੁੱਖ ਨਿਊਰੋਲਾਜਿਸਟ ਡਾ. ਸੰਦੀਪ ਗੋਇਲ ਦਾ ਕਹਿਣਾ ਹੈ ਕਿ ਹਰ ਇਨਸਾਨ ਜ਼ਿੰਦਗੀ ਦੇ ਕਈ ਵਾਰ ਸਿਰਦਰਦ ਦਾ ਸ਼ਿਕਾਰ ਹੁੰਦਾ ਹੈ ਤੇ ਸਿਰਦਰਦ ਇਕ ਅਜਿਹੀ ਬੀਮਾਰੀ ਹੈ, ਜਿਸ ਨੂੰ ਆਮ ਤੌਰ ’ਤੇ ਲੋਕ ਬੀਮਾਰੀ ਨਹੀਂ ਸਮਝਦੇ ਤੇ ਸਿਰਦਰਦ ਹੋਣ ਦੀ ਸਥਿਤੀ ’ਚ ਆਪਣੀ ਮਰਜ਼ੀ ਨਾਲ ਦਵਾਈ ਖਾ ਲੈਂਦੇ ਹਨ, ਜਿਸ ਨਾਲ ਬਾਅਦ ’ਚ ਕਈ ਵਾਰ ਇਹ ਗੰਭੀਰ ਬੀਮਾਰੀ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਦਰਦ ਰੋਕੂ ਦਵਾਈ ਦਾ ਵਧ ਸੇਵਨ ਕਿਡਨੀਆਂ ਖਰਾਬ ਕਰ ਸਕਦਾ ਹੈ।

ਗਰਭ ਅਵਸਥਾ ਦੌਰਾਨ ਮਰਜ਼ੀ ਨਾਲ ਕਿਸੇ ਵੀ ਦਵਾਈ ਦਾ ਸੇਵਨ ਨਾ ਕਰੋ : ਡਾ. ਆਰਤੀ ਗੁਪਤਾ
ਆਰਤੀ ਹਸਪਤਾਲ ਦੀ ਮੁੱਖ ਬਾਂਝਪਣ ਅਤੇ ਮਹਿਲਾ ਰੋਗ ਮਾਹਰ ਡਾ. ਆਰਤੀ ਗੁਪਤਾ ਦਾ ਕਹਿਣਾ ਹੈ ਕਿ ਕੁਝ ਔਰਤਾਂ ਗਰਭ ਅਵਸਥਾ ਦੌਰਾਨ ਬੁਖਾਰ ਤੇ ਦਰਦ ਆਦਿ ਦੀ ਕੋਈ ਅਜਿਹੀ ਦਵਾਈ ਆਪਣੀ ਮਰਜ਼ੀ ਨਾਲ ਖਾ ਲੈਂਦੀਆਂ ਹਨ, ਜੋ ਕਿ ਕਈ ਵਾਰ ਇੰਨੀ ਖ਼ਤਰਨਾਕ ਸਾਬਤ ਹੁੰਦੀਆਂ ਹਨ ਕਿ ਉਸ ਨਾਲ ਜਿੱਥੇ ਉਨ੍ਹਾਂ ਦੇ ਢਿੱਡ ’ਚ ਪਲ ਰਹੇ ਬੱਚੇ ’ਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋ ਜਾਂਦੇ ਹਨ ਉੱਥੇ ਗਰਭਪਾਤ ਤਕ ਦੀ ਨੌਬਤ ਵੀ ਆ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਆਪਣੀ ਮਰਜ਼ੀ ਨਾਲ ਕਿਸੇ ਵੀ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਬੱਚਿਆਂ ਨੂੰ ਨਾ ਦਿਓ ਆਪਣੀ ਮਰਜ਼ੀ ਅਨੁਸਾਰ ਦਵਾਈ : ਡਾ. ਅਸ਼ਵਨੀ ਮਲਹੋਤਰਾ
ਸਿਗਮਾ ਚਿਲਡਰਨ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਅਸ਼ਵਨੀ ਮਲਹੋਤਰਾ ਦਾ ਕਹਿਣਾ ਹੈ ਕਿ ਜਿੱਥੇ ਵੱਡੇ ਲੋਕ ਆਪਣੀ ਮਰਜ਼ੀ ਨਾਲ ਦਵਾਈ ਖਾ ਲੈਂਦੇ ਹਨ, ਉੱਥੇ ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵੀ ਬੁਖਾਰ ਆਦਿ ਦੀ ਸਥਿਤੀ ’ਚ ਘਰ ’ਚ ਪਈ ਕੋਈ ਦਵਾਈ ਚੁੱਕ ਕੇ ਦਿੰਦੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਦਵਾਈ ਖੁਆਉਣ ਤੋਂ ਪਹਿਲੇ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਖਰ ਉਸ ਨੂੰ ਸਮੱਸਿਆ ਕੀ ਹੈ? ਛੋਟੇ ਬੱਚੇ ਪੇਟ, ਕੰਨ, ਬਾਂਹ ਜਾਂ ਹੋਰ ਕਿਸੇ ਹਿੱਸੇ ’ਚ ਹੋ ਰਹੀ ਦਰਦ ਨੂੰ ਦੱਸ ਨਹੀਂ ਪਾਉਂਦੇ। ਇਸ ਲਈ ਮਾਹਰ ਤੋਂ ਜਾਂਚ ਕਰਵਾਉਣ ਤੋਂ ਬਾਅਦ ਹੀ ਬੱਚਿਆਂ ਨੂੰ ਦਵਾਈ ਦੇਣੀ ਚਾਹੀਦੀ।
 


author

sunita

Content Editor

Related News