ਬੈਂਕ ਗਾਹਕਾਂ ਦੇ ਵੀ ਹੁੰਦੇ ਹਨ ਕਈ ਅਧਿਕਾਰ, ਪਰੇਸ਼ਾਨੀ ਹੋਣ ''ਤੇ ਕਰੋ ਇਨ੍ਹਾਂ ਦਾ ਇਸਤੇਮਾਲ

01/13/2020 2:09:21 PM

ਨਵੀਂ ਦਿੱਲੀ — ਭਾਰਤ ਦੇਸ਼ 'ਚ ਅਜੇ ਵੀ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੇ ਬੈਂਕ ਖਾਤੇ ਨਹੀਂ ਖੁੱਲਵਾਏ ਹਨ। ਅਜਿਹਾ ਜਾਣਕਾਰੀ ਦੀ ਘਾਟ ਜਾਂ ਸਮੇਂ ਦੀ ਘਾਟ ਕਾਰਨ ਸੰਭਵ ਹੋ ਰਿਹਾ ਹੈ। ਸਰਕਾਰ ਵਲੋਂ ਖਾਸ ਤੌਰ 'ਤੇ ਅਜਿਹੇ ਲੋਕਾਂ ਨੂੰ ਬੈਂਕ 'ਚ ਖਾਤਾ ਖੁੱਲਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਜ਼ਿਆਦਾਤਰ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਬੈਂਕ ਵਿਚ ਖਾਤਾ ਖੁੱਲ੍ਹਵਾਉਣਾ ਕਿਸੇ ਝੰਜਟ ਤੋਂ ਘੱਟ ਨਹੀਂ ਹੈ। ਇਸ ਲਈ ਬੈਂਕਾਂ ਵਲੋਂ ਕਈ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਕਿ ਲੋਕ ਖਾਤਾ ਖੁੱਲ੍ਹਵਾਉਣ ਤੋਂ ਹੀ ਤੋਬਾ ਕਰਨ ਲੱਗ ਜਾਂਦੇ ਹਨ। ਹਾਲਾਂਕਿ ਅਧੂਰੀ ਜਾਣਕਾਰੀ ਹੋਣ ਕਾਰਨ ਹੀ ਬੈਂਕ ਗਾਹਕਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੈਂਕ ਗਾਹਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਿਹਤਰ ਸਹੂਲਤਾਂ ਮਿਲਣ ਇਸ ਲਈ ਰਿਜ਼ਰਵ ਬੈਂਕ ਵਲੋਂ ਗਠਿਤ ਬੈਂਕਿੰਗ ਕੋਡਸ ਐਂਡ ਸਟੈਂਡਰਡਸ ਬੋਰਡ ਆਫ ਇੰਡੀਆ(ਬੀਸੀਐਸਬੀਆਈ) ਨੇ ਗਾਹਕਾਂ ਲਈ ਅਧਿਕਾਰ ਬਣਾਏ ਹਨ। 

ਜੇਕਰ ਬੈਂਕ ਦਾ ਕੋਈ ਕਰਮਚਾਰੀ ਬਿਨਾਂ ਕਾਰਨ ਪਰੇਸ਼ਾਨ ਕਰੇ ਜਾਂ ਸਰਵਿਸ ਨਾ ਦੇਵੇ ਤਾਂ ਗਾਹਕ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਉਸ ਅਧਿਕਾਰੀ ਦੀ ਸ਼ਿਕਾਇਤ ਕਰ ਸਕਦਾ ਹੈ। ਸੰਬੰਧਿਤ ਅਧਿਕਾਰੀ ਨੂੰ ਗਾਹਕ ਦੀ ਸ਼ਿਕਾਇਤ ਦਾ ਨਿਪਟਾਰਾ ਤੈਅ ਸਮੇਂ ਦੇ ਅੰਦਰ ਕਰਨਾ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਸ਼ਿਕਾਇਤ ਦੀ ਇਕ ਰੀਸੀਵਿੰਗ ਕਾਪੀ ਵੀ ਦੇਣੀ ਹੋਵੇਗੀ। 

ਆਓ ਜਾਣਦੇ ਹਾਂ ਬੈਂਕ ਗਾਹਕਾਂ ਦੇ ਅਧਿਕਾਰਾਂ ਬਾਰੇ

ਖਾਤਾ ਖੋਲ੍ਹਣ ਦਾ ਅਧਿਕਾਰ

ਬੀਐਸਬੀਡੀ(BSBD) ਯਾਨੀ ਬੇਸਿਕ ਜਾਂ ਛੋਟਾ ਖਾਤਾ ਖੋਲ੍ਹਣਾ ਹਰ ਭਾਰਤੀ ਵਿਅਕਤੀ ਦਾ ਅਧਿਕਾਰ ਹੈ। ਇਕ ਫੋਟੋ ਅਤੇ ਬੈਂਕ ਦੇ ਖਾਤਾ ਖੋਲ੍ਹਣ ਦੇ ਫਾਰਮ 'ਤੇ ਦਸਤਖਤ ਕਰਕੇ ਜਾਂ ਅੰਗੂਠਾ ਲਗਾ ਕੇ ਇਸ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਖਾਤੇ ਲਈ ਲੈਣ-ਦੇਣ ਦੀ ਹੱਦ ਹੁੰਦੀ ਹੈ। ਹਾਲਾਂਕਿ ਕੋਈ ਵੀ ਬੈਂਕ ਸਿਰਫ ਸਥਾਈ ਪਤੇ ਦੇ ਸਬੂਤ ਦੀ ਕਮੀ ਕਾਰਨ ਦੇਸ਼ ਦੇ ਕਿਸੇ ਵੀ ਇਲਾਕੇ 'ਚ ਰਹਿਣ ਵਾਲੇ ਭਾਰਤੀ ਨਾਗਰਿਕ ਦਾ ਖਾਤਾ ਖੋਲ੍ਹਣ ਤੋਂ ਇਨਕਾਰ ਨਹੀਂ ਕਰ ਸਕਦੇ।

ਸ਼ਰਤਾਂ ਦੀ ਜਾਣਕਾਰੀ ਲੈਣ ਦਾ ਹੱਕ

- ਬੈਂਕਾਂ ਲਈ ਜ਼ਰੂਰੀ ਹੈ ਕਿ ਉਹ ਡਿਪਾਜ਼ਿਟ ਖਾਤੇ ਦੀਆਂ ਵਿਸ਼ੇਸ਼ ਸ਼ਰਤਾਂ ਦੀ ਜਾਣਕਾਰੀ ਗਾਹਕਾਂ ਨੂੰ ਖਾਤਾ ਖੋਲ੍ਹਣ ਸਮੇਂ ਦੇਣ। ਇਹ ਕਿਸੇ ਵੀ ਗਾਹਕ ਦਾ ਹੱਕ ਹੈ। ਜੇਕਰ ਬੈਂਕ ਕਰਮਚਾਰੀ ਅਜਿਹਾ ਨਹੀ ਕਰਦਾ ਤਾਂ ਤੁਸੀ ਸ਼ਿਕਾਇਤ ਕਰ ਸਕਦੇ ਹੋ।

- ਜ਼ੀਰੋ ਬੈਲੇਂਸ 'ਤੇ ਵੀ ਬੰਦ ਨਹੀਂ ਹੋ ਸਕਦਾ ਖਾਤਾ

- BSBD ਖਾਤੇ ਵਿਚ ਜੇਕਰ ਜ਼ੀਰੋ ਰਾਸ਼ੀ ਹੈ ਤਾਂ ਵੀ ਬੈਂਕ ਤੁਹਾਡਾ ਖਾਤਾ ਬੰਦ ਨਹੀਂ ਕਰ ਸਕਦਾ।

- ਮੁਫਤ 'ਚ ਦੁਬਾਰਾ ਖਾਤਾ ਚਾਲੂ ਕਰਨਾ

- ਬੈਂਕ ਖਾਤੇ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਬੈਂਕ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦਾ ਚਾਰਜ ਲੈਣ ਦਾ ਹੱਕਦਾਰ ਨਹੀਂ ਹੈ। ਜੇਕਰ ਕੋਈ ਚਾਰਜ ਲੈਂਦਾ ਹੈ ਤਾਂ ਇਹ ਕਾਨੂੰਨ ਦੀ ਉਲੰਘਣਾ ਹੈ।

ਫੱਟੇ-ਪੁਰਾਣੇ ਨੋਟ ਬਦਲਣਾ

ਜੇਕਰ ਤੁਹਾਨੂੰ ਕਿਸੇ ਕੋਲੋਂ ਫਟਿਆ-ਪੁਰਾਣਾ ਨੋਟ ਮਿਲ ਗਿਆ ਹੈ ਤਾਂ ਤੁਸੀਂ ਬੈਂਕ ਦੀ ਕਿਸੇ ਵੀ ਸ਼ਾਖਾ ਵਿਚ ਜਾ ਕੇ ਆਪਣੇ ਫਟੇ-ਪੁਰਾਣੇ ਨੋਟ ਬਦਲ ਸਕਦੇ ਹੋ। ਬੈਂਕ ਨੋਟ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ।

ਸ਼ਿਕਾਇਤ ਕਰਨ ਦਾ ਅਧਿਕਾਰ

ਜੇਕਰ ਤੁਸੀਂ ਬੈਂਕ ਦੀ ਕਿਸੇ ਸੇਵਾ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਬੈਂਕ ਦੇ ਬ੍ਰਾਂਚ ਮੈਨੇਜਰ ਜਾਂ ਟੋਲ ਫਰੀ ਨੰਬਰ 'ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਕੋਈ ਬੈਂਕ ਅਧਿਕਾਰੀ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਭੱਦਾ ਵਿਵਹਾਰ ਜਾਂ ਬੇਇਮਾਨੀ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਹਰੇਕ ਬੈਂਕ ਬ੍ਰਾਂਚ ਵਿਚ ਸ਼ਿਕਾਇਤ ਸੁਣਨ ਵਾਲੇ ਅਧਿਕਾਰੀ ਦਾ ਨਾਮ ਅਤੇ ਪਤਾ ਲਿਖਿਆ ਹੁੰਦਾ ਹੈ। ਅਦਿਕਾਰੀ ਨੂੰ ਤੁਹਾਡੀ ਸ਼ਿਕਾਇਤ ਦੀ ਰਿਸੀਟ ਕਾਪੀ ਵੀ ਦੇਣੀ ਹੁੰਦੀ ਹੈ।

ਬਜ਼ੁਰਗ ਜਾਂ ਅਪਾਹਜ ਨੂੰ ਇਕ ਹੀ ਵਿੰਡੋ 'ਤੇ ਹਰੇਕ ਸਰਵਿਸ

ਬਜ਼ੁਰਗ ਜਾਂ ਅਪਾਹਜ ਲੋਕਾਂ ਨੂੰ ਇਕ ਹੀ ਖਿੜਕੀ(ਜਗ੍ਹਾਂ) 'ਤੇ ਸਾਰੀਆਂ ਸਹੂਲਤਾਂ ਦੇਣਾ ਬੈਂਕਾਂ ਲਈ ਜ਼ਰੂਰੀ ਹੈ।

ਫੰਡ ਟਰਾਂਸਫਰ ਦਾ ਅਧਿਕਾਰ

ਕੋਈ ਵੀ ਵਿਅਕਤੀ ਕਿਸੇ ਵੀ ਬੈਂਕ ਨਾਲ ਨੈਸ਼ਨਲ ਇਲੈਕਟ੍ਰਾਨਿਕ ਫੰਡ(NEF) ਦੇ ਜ਼ਰੀਏ 50,000 ਰੁਪਏ ਤੱਕ ਦੀ ਰਕਮ ਕਿਸੇ ਹੋਰ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਸਕਦੇ ਹਨ। ਇਸ ਲਈ ਜ਼ਰੂਰੀ ਨਹੀਂ ਕਿ ਸੰਬੰਧਿਤ ਬੈਂਕ ਵਿਚ ਉਸ ਵਿਅਕਤੀ ਦਾ ਖਾਤਾ ਹੋਵੇ।

ਚੈੱਕ ਕਲੈਕਸ਼ਨ 'ਚ ਦੇਰੀ 'ਤੇ ਮੁਆਵਜ਼ਾ

ਚੈੱਕ ਕਲੈਕਸ਼ਨ 'ਚ ਬੈਂਕ ਵਲੋਂ ਨਿਰਧਾਰਤ ਸਮੇਂ ਤੋਂ ਜ਼ਿਆਦਾ ਸਮਾਂ ਲੱਗਣ 'ਤੇ ਗਾਹਕਾਂ ਨੂੰ ਮੁਆਵਜ਼ਾ ਲੈਣ ਦਾ ਅਧਿਕਾਰ ਹੈ। ਮੁਆਵਜ਼ੇ ਦੀ ਰਕਮ ਸਾਧਾਰਨ ਵਿਆਜ ਦਰ ਦੇ ਹਿਸਾਬ ਨਾਲ ਚੁਕਾਈ ਜਾਵੇਗੀ।

ਸਕਿਊਰਿਟੀ ਵਾਪਸ ਲੈਣ ਦਾ ਹੱਕ

ਜੇਕਰ ਕਿਸੇ ਗਾਹਕ ਨੇ ਬੈਂਕ ਤੋਂ ਲੋਨ ਲਿਆ ਹੈ, ਜਿਸ ਲਈ ਸਕਿਊਰਿਟੀ ਦਿੱਤੀ ਹੋਈ ਹੈ ਤਾਂ ਇਸ ਮਾਮਲੇ ਵਿਚ ਗਾਹਕ ਵਲੋਂ ਬੈਂਕ ਦੀ ਪੂਰੀ ਦੇਣਦਾਰੀ ਚੁਕਾਏ ਜਾਣ 15 ਦੇ ਅੰਦਰ ਸਕਿਊਰਿਟੀ ਵਾਪਸ ਮਿਲਣੀ ਚਾਹੀਦੀ ਹੈ।


Related News