ਰੋਮ ’ਚ ਸਜੀ 8ਵੀਂ ਵਿਸ਼ਾਲ ਭਗਵਾਨ ਜਗਨਨਾਥ ਰੱਥ ਯਾਤਰਾ, ‘ਹਰੇ ਕ੍ਰਿਸ਼ਨਾ, ਹਰੇ ਰਾਮਾ’ ਨਾਲ ਗੂੰਜੀ ਰਾਜਧਾਨੀ
06/05/2023 1:01:07 AM

ਰੋਮ (ਦਲਵੀਰ ਕੈਂਥ, ਟੇਕਚੰਦ ਜਗਤਪੁਰੀ) : ਇਟਲੀ ਦੀ ਰਾਜਧਾਨੀ ਰੋਮ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ 8ਵੀਂ ਵਿਸ਼ਾਲ ਰੱਥ ਯਾਤਰਾ ਅੰਤਰਰਾਸ਼ਟਰੀ ਸੁਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਵੱਲੋਂ ਇਟਲੀ ਦੇ ਸਮੂਹ ਬਾਸ਼ਿੰਦਿਆਂ ਦੇ ਸਹਿਯੋਗ ਨਾਲ ਸਜਾਈ ਗਈ, ਜਿਸ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਭਗਤਾਂ ਦਾ ਇਕੱਠ ਦੇਖਣਯੋਗ ਸੀ। ਭਗਵਾਨ ਜਗਨਨਾਥ ਸ਼੍ਰੀ ਕ੍ਰਿਸ਼ਨ ਜੀ, ਉਨ੍ਹਾਂ ਦੇ ਭਰਾ ਸ਼੍ਰੀ ਬਲਦੇਵ ਜੀ ਤੇ ਉਨ੍ਹਾਂ ਦੀ ਭੈਣ ਸੁਭੱਦਰਾ ਜੀ ਨਾਲ ਸੰਬੰਧਤ ਵਿਸ਼ੇਸ਼ ਝਾਕੀਆਂ ਵੀ ਰੱਥ ਯਾਤਰਾ ਦੀ ਸੋਭਾ ਨੂੰ ਚਾਰ ਚੰਦ ਲਗਾ ਰਹੀਆਂ ਸਨ। ਜਗਨਨਾਥ ਰੱਥ ਯਾਤਰਾ, ਜਿਸ ਨੇ ਰੋਮ ਸ਼ਹਿਰ ਦੇ ਮੱਧ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਵਿਸ਼ੇਸ਼ ਪਰਿਕਰਮਾ ਕੀਤੀ।
ਵਿਸ਼ਾਲ ਰੱਥ, ਜਿਸ ਵਿਚ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਬਿਰਾਜਮਾਨ ਸੀ, ਦੇ ਨਾਲ-ਨਾਲ ਸ਼ਰਧਾਲੂਆਂ ਵੱਲੋਂ ਜਿੱਥੇ ‘ਜੈ ਕ੍ਰਿਸ਼ਨਾ, ਹਰੇ ਰਾਮਾ’ ਦੇ ਜੈਕਾਰੇ ਲਗਾਏ ਜਾ ਰਹੇ ਸਨ, ਉੱਥੇ ਹੀ ਵਿਸ਼ੇਸ਼ ਤੌਰ ’ਤੇ ਸ਼ਰਧਾਲੂਆਂ ਵੱਲੋਂ ਭਗਤੀ ਦੀ ਲੋਰ ਵਿਚ ਨਾਚ ਵੀ ਕੀਤਾ ਗਿਆ। ਇਸ ਰੱਥ ਯਾਤਰਾ ਦਾ ਮੁੱਖ ਮਨੋਰਥ ਦੁਨੀਆ ਵਿਚ ਸ਼ਾਂਤੀ ਅਤੇ ਪਿਆਰ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿਚ ਇਟਾਲੀਅਨ ਲੋਕਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਭਾਰਤੀ ਭਾਈਚਾਰੇ ਵੱਲੋਂ ਇਸ ਰੱਥ ਯਾਤਰਾ ’ਚ ਇੰਡੋ ਇਟਾਲੀਅਨ ਐਂਡ ਕਲਚਰ ਦੇ ਵਿਸ਼ਨੂੰ ਲਵੀਨਿਓ ਨੇ ਵੀ ਹਾਜ਼ਰੀ ਭਰੀ।