ਜ਼ਿੰਬਾਬਵੇ ''ਚ ਸਿਆਸੀ ਸੰਕਟ, ਰਾਸ਼ਟਰਪਤੀ ਮੁਗਾਬੇ ਨੇ 41 ਸਾਲ ਛੋਟੀ ਔਰਤ ਨਾਲ ਕਰਵਾਇਆ ਸੀ ਦੂਜਾ ਵਿਆਹ

11/18/2017 1:07:46 PM

ਹਰਾਰੇ (ਬਿਊਰੋ)— ਜ਼ਿੰਬਾਬਵੇ ਵਿਚ ਇਨ੍ਹਾਂ ਦਿਨੀਂ ਸਿਆਸੀ ਹਲਚਲ ਚੱਲ ਰਹੀ ਹੈ। ਜ਼ਿੰਬਾਬਵੇ ਵਿਚ ਫੌਜ ਨੇ ਤਖਤਾ ਪਲਟ ਕਰ ਦਿੱਤਾ ਹੈ ਅਤੇ ਰਾਸ਼ਟਰਪਤੀ ਰਾਬਰਟ ਮੁਗਾਬੇ ਅਤੇ ਉਨ੍ਹਾਂ ਦੀ ਪਤਨੀ ਗਰੇਸ ਮੁਗਾਬੇ ਨੂੰ ਹਰਾਰੇ ਵਿਚ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ। ਨਜ਼ਰਬੰਦ ਕੀਤੇ ਗਏ ਰਾਸ਼ਟਰਪਤੀ ਰਾਬਰਟ ਮੁਗਾਬੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੁਝ ਦਿਨ ਪਹਿਲਾ ਇਹ ਮੰਨਿਆ ਜਾ ਰਿਹਾ ਸੀ ਕਿ ਰਾਬਰਟ ਮੁਗਾਬੇ ਦੀ ਪਤਨੀ ਗਰੇਸ ਮੁਗਾਬੇ ਆਉਣ ਵਾਲੇ ਸਮੇਂ ਵਿਚ ਜ਼ਿੰਬਾਬਵੇ ਦੀ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਬਣੇਗੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੁਗਾਬੇ ਦੇ ਕੱਦ ਵਿਚ ਆਈ ਗਿਰਾਵਟ ਲਈ ਉਨ੍ਹਾਂ ਦੀ ਪਤਨੀ ਗਰੇਸ ਜ਼ਿੰਮੇਵਾਰ ਮੰਨੀ ਜਾ ਰਹੀ ਹੈ। ਗਰੇਸ, ਰਾਸ਼ਟਰਪਤੀ ਰਾਬਰਟ ਮੁਗਾਬੇ ਦੀ ਦੂਜੀ ਪਤਨੀ ਹੈ।
ਮੁਗਾਬੇ ਦੀ ਪਹਿਲੀ ਪਤਨੀ ਦਾ ਨਾਂ ਸੈਲੀ ਹੇਫਰਾਨ ਸੀ। ਉਹ ਕੈਂਸਰ ਤੋਂ ਪੀੜਤ ਸੀ ਅਤੇ ਲੰਬੀ ਬੀਮਾਰੀ ਦੇ ਚੱਲਦੇ 1992 ਵਿਚ ਸੈਲੀ ਦੀ ਮੌਤ ਹੋ ਗਈ ਪਰ ਪਤਨੀ ਦੀ ਮੌਤ ਤੋਂ ਪਹਿਲਾਂ ਹੀ ਮੁਗਾਬੇ ਦਾ ਗਰੇਸ ਨਾਲ ਚੱਕਰ ਚੱਲ ਰਿਹਾ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਹਾ ਜਾਂਦਾ ਹੈ ਕਿ ਪਤਨੀ ਦੀ ਮੌਤ ਤੋਂ ਬਾਅਦ 1996 'ਚ ਦੋਹਾਂ ਨੇ ਧੂਮ-ਧਾਮ ਨਾਲ ਵਿਆਹ ਕੀਤਾ। ਗਰੇਸ ਦੀ ਉਮਰ 52 ਸਾਲ ਹੈ ਅਤੇ ਉਹ ਉਮਰ ਵਿਚ ਮੁਗਾਬੇ ਤੋਂ 41 ਸਾਲ ਛੋਟੀ ਹੈ। ਮੁਗਾਬੇ ਦੀ ਉਮਰ 93 ਸਾਲ ਹੈ। ਗਰੇਸ ਮੂਲ ਰੂਪ ਤੋਂ ਦੱਖਣੀ ਅਫਰੀਕਾ ਦੀ ਰਹਿਣ ਵਾਲੀ ਹੈ। 
ਗਰੇਸ ਮੁਗਾਬੇ ਦੇ ਦਫਤਰ ਵਿਚ ਟਾਈਪਿਸਟ ਹੋਈ ਕਰਦੀ ਸੀ। ਕੁਝ ਸਮੇਂ ਬਾਅਦ ਹੀ ਰਾਬਰਟ ਨੇ ਉਨ੍ਹਾਂ ਨੂੰ ਸਕੱਤਰ ਦਾ ਅਹੁਦਾ ਦੇ ਦਿੱਤਾ ਸੀ। ਇਸ ਦੌਰਾਨ ਦੋਹਾਂ ਵਿਚਾਲੇ ਨੇੜਤਾ ਵਧਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਮੁਗਾਬੇ ਨਾਲ ਵਿਆਹ ਕਰਨ ਤੋਂ ਬਾਅਦ ਗਰੇਸ ਦਾ ਜ਼ਿਆਦਾ ਸਮਾਂ ਵਿਦੇਸ਼ੀ ਦੌਰਿਆਂ ਅਤੇ ਸ਼ਾਪਿੰਗ ਵਿਚ ਬਤੀਤ ਹੁੰਦਾ ਸੀ ਪਰ ਸਮਾਂ ਬੀਤਦਾ ਗਿਆ ਅਤੇ ਉਨ੍ਹਾਂ ਨੇ ਖੁਦ ਨੂੰ ਸਿਆਸਤ ਵੱਲ ਸਰਗਰਮ ਕੀਤਾ।


Related News