ਜ਼ੇਲੇਂਸਕੀ ਜਾਪਾਨੀ ਸੰਸਦ ਨੂੰ ਕਰਨਗੇ ਸੰਬੋਧਿਤ, ਅੰਤਰਰਾਸ਼ਟਰੀ ਸਮਰਥਨ ਦੀ ਕਰਨਗੇ ਮੰਗ

03/22/2022 1:03:29 PM

ਟੋਕੀਓ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਰੂਸੀ ਹਮਲੇ ਵਿਰੁੱਧ ਸੰਘਰਸ਼ ਲਈ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਜਾਪਾਨ ਦੀ ਸੰਸਦ ਨੂੰ ਵਰਚੁਅਲ ਮਾਧਿਅਮ ਨਾਲ ਸੰਬੋਧਿਤ ਕਰਨਗੇ। ਅਤੀਤ ਦੇ ਉਲਟ ਇਸ ਵਾਰ ਜਾਪਾਨ ਜੀ-7 ਸਮੂਹ ਦੇ ਹੋਰ ਦੇਸ਼ਾਂ ਵਾਂਗ ਰੂਸ ਖ਼ਿਲਾਫ਼ ਸਖ਼ਤ ਕਦਮ ਚੁੱਕ ਰਿਹਾ ਹੈ। ਹਾਲਾਂਕਿ ਮਾਸਕੋ ਨੇ ਟੋਕੀਓ ਦੀਆਂ ਪਾਬੰਦੀਆਂ ਦਾ ਸਖ਼ਤ ਵਿਰੋਧ ਕੀਤਾ ਹੈ। 

ਰੂਸ ਖ਼ਿਲਾਫ਼ ਕਾਰਵਾਈ ਨਾਲ ਕੋਈ ਵੀ ਸਮਝੌਤਾ ਪੂਰਬੀ ਏਸ਼ੀਆ ਵਿੱਚ ਇੱਕ ਬੁਰੀ ਮਿਸਾਲ ਕਾਇਮ ਕਰ ਸਕਦਾ ਹੈ, ਜਿੱਥੇ ਚੀਨ ਤੇਜ਼ੀ ਨਾਲ ਜ਼ੋਰਦਾਰ ਫ਼ੌਜੀ ਕਾਰਵਾਈ ਕਰ ਰਿਹਾ ਹੈ। ਜ਼ੇਲੇਂਸਕੀ ਦਾ ਤਕਰੀਬਨ ਦਸ ਮਿੰਟ ਦਾ ਸੰਬੋਧਨ ਜਾਪਾਨੀ ਸੰਸਦ ਦੇ ਹੇਠਲੇ ਸਦਨ ਦੇ ਮੀਟਿੰਗ ਕਮਰੇ ਵਿੱਚ ਦਿਖਾਇਆ ਜਾਵੇਗਾ। ਹੇਠਲੇ ਸਦਨ ਨੂੰ ਜਾਪਾਨੀ ਸੰਸਦ ਦੇ ਦੋ ਸਦਨਾਂ ਵਿੱਚੋਂ ਵਧੇਰੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਵੀ ਇਸ ਦੇ ਮੈਂਬਰ ਹਨ। ਅਮਰੀਕੀ ਕਾਂਗਰਸ ਤੋਂ ਇਲਾਵਾ, ਜ਼ੇਲੇਂਸਕੀ ਨੇ ਵਰਚੁਅਲ ਮਾਧਿਅਮ ਰਾਹੀਂ ਯੂਰਪ, ਕੈਨੇਡਾ ਅਤੇ ਇਜ਼ਰਾਈਲ ਦੀਆਂ ਸੰਸਦਾਂ ਨੂੰ ਵੀ ਸੰਬੋਧਨ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਯੂਰਪੀ ਸੰਘ, ਨਾਟੋ ਅਤੇ G7 ਨੇਤਾਵਾਂ ਨਾਲ ਯੂਕ੍ਰੇਨ ਯੁੱਧ 'ਤੇ ਚਰਚਾ ਲਈ ਜਾਣਗੇ ਬੈਲਜੀਅਮ 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਅਤੇ ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ਗਲੋਰੀਆ ਮੈਕਾਪੈਗਲ ਐਰੋਯੋ ਸਮੇਤ ਕਈ ਵਿਦੇਸ਼ੀ ਸ਼ਖਸੀਅਤਾਂ ਨੇ ਜਾਪਾਨ ਦੀ ਆਪਣੀ ਯਾਤਰਾ 'ਤੇ ਸੰਸਦ ਨੂੰ ਸੰਬੋਧਨ ਕੀਤਾ ਹੈ ਪਰ ਕਿਸੇ ਨੇਤਾ ਲਈ ਵਰਚੁਅਲ ਮਾਧਿਅਮ ਰਾਹੀਂ ਭਾਸ਼ਣ ਦੇਣਾ ਬੇਮਿਸਾਲ ਹੈ। ਸੋਮਵਾਰ ਨੂੰ ਮਾਸਕੋ ਨੇ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਜਵਾਬ ਵਿੱਚ ਜਾਪਾਨ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿੱਚ ਵਿਵਾਦਿਤ ਕੁਰਿਲ ਟਾਪੂ ਨੂੰ ਲੈ ਕੇ ਟੋਕੀਓ ਨਾਲ ਸ਼ਾਂਤੀ ਵਾਰਤਾ ਰੱਦ ਕਰ ਦਿੱਤੀ ਅਤੇ ਸਾਂਝੇ ਆਰਥਿਕ ਪ੍ਰਾਜੈਕਟਾਂ ਤੋਂ ਆਪਣੇ ਹਟਣ ਦਾ ਐਲਾਨ ਕੀਤਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News