ਭਾਰਤ ਤੋਂ ਭਗੌੜੇ ਜ਼ਾਕਿਰ ਨਾਇਕ ਨੇ ਉਗਲਿਆ ਜ਼ਹਿਰ; ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
Sunday, Oct 13, 2024 - 05:13 AM (IST)

ਇਸਲਾਮਾਬਾਦ, (ਇੰਟ)- ਪਾਕਿਸਤਾਨ ਵਿਚ ਸਰਕਾਰੀ ਮਹਿਮਾਨ ਬਣੇ ਘੁੰਮ ਰਹੇ ਵਿਵਾਦਤ ਇਸਲਾਮਿਕ ਉਪਦੇਸ਼ਕ ਜ਼ਾਕਿਰ ਨਾਇਕ ਦੇ ਜਬਰ-ਜ਼ਨਾਹ ਅਤੇ ਹੱਤਿਆ ’ਤੇ ਬਿਆਨ ਨਾਲ ਨਵਾਂ ਵਿਵਾਦ ਖੜਾ ਹੋ ਗਿਆ ਹੈ।
ਉਸ ਨੇ ਫਿਰ ਔਰਤਾਂ ਵਿਰੁੱਧ ਜ਼ਹਿਰ ਉਗਲਿਆ ਅਤੇ ਕਿਹਾ ਕਿ ਅਸ਼ਲੀਲ ਕੱਪੜੇ ਪਹਿਨਣ ਵਾਲੀ ਔਰਤ ਜਬਰ-ਜ਼ਨਾਹ ਲਈ ਖੁਦ ਜ਼ਿੰਮੇਵਾਰ ਹੈ। ਉਸ ਨੇ ਕਿਹਾ ਕਿ ਔਰਤਾਂ ਨੂੰ ਵੀ ਜਿਨਸੀ ਹਿੰਸਾ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ‘ਅੱਲ੍ਹਾ ਨੇ ਔਰਤਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਨ੍ਹਾਂ ਨੂੰ ਸਾਦੇ ਕੱਪੜੇ ਪਹਿਨਣੇ ਚਾਹੀਦੇ ਹਨ, ਸਰੀਰ ਢੱਕਣਾ ਚਾਹੀਦਾ ਹੈ, ਸਿਰਫ ਉਨ੍ਹਾਂ ਦਾ ਚਿਹਰਾ ਦਿਖਾਈ ਦੇਣਾ ਚਾਹੀਦਾ ਹੈ।
ਜ਼ਾਕਿਰ ਨਾਇਕ ਨੇ ਕਿਹਾ ਕਿ ਜੇਕਰ ਜਬਰ-ਜ਼ਨਾਹ ਤੇ ਹੱਤਿਆ ਕਰਨ ਵਾਲੇ ਅਪਰਾਧੀ ਪਛਤਾਵਾ ਕਰਦੇ ਹਨ ਤਾਂ ਅੱਲ੍ਹਾ ਉਨ੍ਹਾਂ ਨੂੰ ਮੁਆਫ ਕਰ ਸਕਦਾ ਹੈ। ਸੋਸ਼ਲ ਮੀਡੀਆ ’ਤੇ ਭਗੌੜੇ ਜ਼ਾਕਿਰ ਨਾਇਕ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧ ਲਈ ਵੀ ਮੁਆਫੀ ਦੀਆਂ ਸ਼ਰਤਾਂ ਦੱਸਦੇ ਹੋਏ ਦਿਖਾਈ ਦੇ ਰਿਹਾ ਹੈ।