ਮੁੰਬਈ ਹਮਲੇ ਦਾ ਮਾਸਟਰਮਾਈਂਡ ਜ਼ਕੀ-ਉਰ-ਰਹਿਮਾਨ ਲਖਵੀ ਅੱਤਵਾਦੀ ਫੰਡਿੰਗ ਮਾਮਲੇ ''ਚ ਗ੍ਰਿਫ਼ਤਾਰ

Sunday, Jan 03, 2021 - 06:03 PM (IST)

ਇਸਲਾਮਾਬਾਦ (ਬਿਊਰੋ):  26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦੇ ਮੁਖੀ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਲਖਵੀ ਅੱਤਵਾਦੀਆਂ ਨੂੰ ਆਰਥਿਕ ਮਦਦ ਪਹੁੰਚਾਉਣ ਦੇ ਦੋਸ਼ ਵਿਚ ਪਾਕਿਸਤਾਨ ਦੇ ਪੰਜਾਬ ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਗ੍ਰਿਫ਼ਤਾਰੀ ਦਾ ਮੁੰਬਈ ਹਮਲੇ ਨਾਲ ਕੋਈ ਸੰਬੰਧ ਨਹੀਂ ਹੈ।

ਪਾਕਿਸਤਾਨ ਦੇ ਪੰਜਾਬ ਅੱਤਵਾਦ ਵਿਰੋਧੀ ਵਿਭਾਗ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਖਵੀ ਨੂੰ ਲਾਹੌਰ ਵਿਚ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਉਹ ਡਿਸਪੈਂਸਰੀ ਦੇ ਨਾਮ 'ਤੇ ਮਿਲੇ ਫੰਡ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕਰਦਾ ਸੀ। ਉਸ ਨੂੰ ਸਾਲ 2008 ਵਿਚ ਮੁੰਬਈ ਹਮਲਿਆਂ ਦੇ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦੀ ਕਰਾਰ ਦਿੱਤਾ ਸੀ। ਗੌਰਤਲਬ ਹੈ ਕਿ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਵੱਲੋਂ ਬਲੈਕਲਿਸਟ ਕੀਤੇ ਜਾਣ ਤੋਂ ਬਚਣ ਲਈ ਪਾਕਿਸਤਾਨ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦਾ ਰਹਿੰਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਤੋਂ ਭੈਣ ਨੂੰ ਮਿਲਣ ਆਏ ਆਨੰਦਪੁਰ ਸਾਹਿਬ ਦੇ ਇਕ ਨੌਜਵਾਨ ਦੀ ਅਮਰੀਕਾ 'ਚ ਮੌਤ

ਅੱਤਵਾਦ ਦੇ ਖਿਲਾਫ ਕਾਰਵਾਈ ਦੇ ਨਾਮ 'ਤੇ ਇਸਲਾਮਾਬਾਦ ਕਾਰਵਾਈ ਦਾ ਦਿਖਾਵਾ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਮੋਸਟ ਵਾਂਟੇਡ ਦੀ ਨਵੀਂ ਸੂਚੀ ਵਿਚ ਮੁੰਬਈ ਹਮਲੇ ਵਿਚ ਸ਼ਾਮਲ 11 ਅੱਤਵਾਦੀਆਂ ਦੇ ਨਾਮ ਨੂੰ ਦਰਜ ਕੀਤਾ ਸੀ। ਇੱਥੇ ਦੱਸ ਦਈਏ ਕਿ 26 ਨਵੰਬਰ, 2008 ਨੂੰ ਪਾਕਿਸਤਾਨੀ ਸੈਨਾ ਅਤੇ ਖੁਫੀਆ ਏਜੰਸੀ ਦੀ ਹੱਲਾਸ਼ੇਰੀ ਨਾਲ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਮੁੰਬਈ ਵਿਚ ਕਈ ਥਾਵਾਂ 'ਤੇ ਹਮਲੇ ਕੀਤੇ ਸਨ। ਇਸ ਅੱਤਵਾਦੀ ਹਮਲੇ ਵਿਚ ਕਈ ਵਿਦੇਸ਼ੀਆਂ ਸਮੇਤ ਕਰੀਬ 155 ਲੋਕਾਂ ਦੀ ਮੌਤ ਹੋਈ ਸੀ। ਇਸ ਹਮਲੇ ਦਾ ਮਾਸਟਰਮਾਈਂਡ ਜ਼ਕੀਉਰ ਰਹਿਮਾਨ ਲਖਵੀ ਹੈ ਜਿਸ ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰੀ ਦੇ ਬਾਅਦ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।


Vandana

Content Editor

Related News