ਅੱਜ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬਹੁਤ ਹਨ ਜ਼ਰੂਰੀ- ਰਾਜਬੀਰ ਸਿੰਘ ਗਿੱਲ

09/20/2017 2:39:11 PM

ਰੋਮ/ਇਟਲੀ(ਕੈਂਥ)— ਅਜੋਕੇ ਯੁੱਗ ਵਿਚ ਜਿਸ ਰਫ਼ਤਾਰ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀ ਦਲ-ਦਲ ਵਿਚ ਬਿਨਾਂ ਸੋਚੇ ਸਮਝੇ ਧੱਸਦੀ ਜਾ ਰਹੀ ਹੈ ਉਸ ਤੋਂ ਬਾਹਰ ਕੱਢਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵਕ ਅਤੇ ਬਿਜਨਸਮੈਨ ਸ. ਰਾਜਬੀਰ ਸਿੰਘ ਗਿੱਲ ਨੇ ਆਲ ਇਨ ਵਨ ਸਰਵਿਸ ਵੱਲੋਂ ਸ਼ਹਿਰ ਬੋਰਗੋ ਹਰਮਾਦਾ (ਲਾਤੀਨਾ) ਵਿਖੇ ਕਰਵਾਏ ਪਹਿਲੇ ਕ੍ਰਿਕਟ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਮੌਕੇ ਹਾਜ਼ਰੀਨ ਭਾਰਤੀ ਭਾਈਚਾਰੇ ਨਾਲ ਕੀਤਾ। ਸ.ਰਾਜਬੀਰ ਸਿੰਘ ਗਿੱਲ ਨੇ ਕ੍ਰਿਕਟ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਵਰਗ ਖਾਸਕਰ ਭਾਰਤੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬਹੁਤ ਜ਼ਰੂਰੀ ਹਨ। ਇਸ ਪਹਿਲੇ ਕ੍ਰਿਕਟ ਟੂਰਨਾਮੈਂਟ ਵਿਚ ਸ਼ੇਰ ਪੰਜਾਬੀ ਕਲੱਬ ਬੋਰਗੋ ਹਰਮਾਦਾ ਨੇ ਜਸਟ ਹਮਊਿਨਟੀ  ਕਲੱਬ ਫੌਂਦੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਕ੍ਰਿਕਟ ਟੂਰਨਾਮੈਂਟ ਵਿਚ ਮੈਨ ਆਫ਼ ਦਾ ਮੈਂਚ ਅਤੇ ਮੈਨ ਆਫ ਦਾ ਸੀਰੀਜ਼ ਸ਼੍ਰੀ ਮਨੋਜ ਕੁਮਾਰ ਨੂੰ ਐਲਾਨਿਆਂ ਗਿਆ। ਸ਼ੇਰ ਪੰਜਾਬੀ ਕਲੱਬ ਬੋਰਗੋ ਹਰਮਾਦਾ ਦੇ ਪ੍ਰਧਾਨ ਹਰਵਿੰਦਰ ਸਿੰਘ ਪਟਵਾਰ ਨੇ ਪ੍ਰੈੱਸ ਨੂੰ ਆਪਣੇ ਕਲੱਬ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ਦੇ ਭਾਰਤੀ ਨੌਜਵਾਨਾਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਖੇਡਾਂ ਨਾਲ ਜੋੜ ਕੇ ਰੱਖਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਵੀ ਬਹੁਤ ਉਤਸ਼ਾਹ ਨਾਲ ਕਲੱਬ ਦੀ ਹਰ ਗਤੀਵਿਧੀ ਵਿਚ ਵਧ ਚੜ੍ਹ ਕੇ ਸ਼ਾਮਲ ਹੋ ਰਹੇ ਹਨ ।ਸ਼੍ਰੀ ਪਟਵਾਰ ਨੇ ਪਹਿਲੇ ਕ੍ਰਿਕਟ ਟੂਰਨਾਮੈਂਟ ਵਿਚ ਸਹਿਯੋਗ ਦੇਣ ਵਾਲੇ ਸਭ ਪਤਵੰਤਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਇੰਝ ਹੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਹੋਣਹਾਰ ਖਿਡਾਰੀ ਮਨੋਜ ਕੁਮਾਰ, ਪ੍ਰਿੰਸ, ਜੋਨੀ, ਚਰਨਜੀਤ ਸਿੰਘ ਬਰਾੜ, ਗੁਰਦੀਪ ਗੁਰੀ, ਸਰਬਜੀਤ ਸਾਬਾ, ਹਰਪ੍ਰੀਤ ਹੈਪੀ, ਪੀਟਾ, ਸੋਨਾ ਆਦਿ ਤੋਂ ਇਲਾਵਾ ਬਿੱਟੂ ਲਾਂਬੜਾ ਆਦਿ ਵੀ ਮੌਜੂਦ ਸਨ।


Related News