ਇਸਲਾਮਿਕ ਸਟੇਟ ਦੇ ਕਬਜ਼ੇ 'ਚੋਂ ਭੱਜੀ ਲੜਕੀ ਨੇ ਸੁਣਾਈ ਹੱਡ-ਬੀਤੀ, ਭੱਜਦੇ ਫੜੇ ਜਾਣ 'ਤੇ ਹੁੰਦਾ ਸੀ ਸਮੁਹਿਕ ਬਲਾਤਕਾਰ

11/19/2017 9:38:50 PM

ਬਰਲਿਨ— ਅਸੀਂ-ਤੁਸੀਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੀ ਕਰੂਰਤਾ ਦੀ ਸਿਰਫ ਕਲਪਨਾ ਹੀ ਕਰ ਸਕਦੇ ਹਾਂ। ਪਰ ਇਸਲਾਮਿਕ ਸਟੇਟ ਦੇ ਅੱਤਿਆਚਾਰਾਂ ਨੂੰ ਸਹਿਣ ਵਾਲੀ ਯਜੀਦੀ ਔਰਤ ਨਾਦੀਆ ਮੁਰਾਦ ਨੇ ਆਪਣੀ ਕਿਤਾਬ ਰਾਹੀਂ ਇਸਲਾਮਿਕ ਸਟੇਟ ਦੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੇ ਕਾਰਨਾਮਿਆਂ ਦਾ ਖੁਲਾਸਾ ਕੀਤਾ ਹੈ।
ਮੁਰਾਦ ਕਿਸੇ ਤਰ੍ਹਾਂ ਇਸਲਾਮਿਕ ਸਟੇਟ ਦੇ ਕਬਜ਼ੇ 'ਚੋਂ ਭੱਜਣ 'ਚ ਸਫਲ ਰਹੀ ਤੇ ਹੁਣ ਉਹ ਜਰਮਨੀ 'ਚ ਰਹਿੰਦੀ ਹੈ। ਪਿਛਲੇ ਹਫਤੇ ਮੁਰਾਦ ਦੀ ਕਿਤਾਬ ਰਿਲੀਜ਼ ਹੋਈ, ਜਿਸ 'ਚ ਉਸ ਨੇ ਇਸਲਾਮਿਕ ਸਟੇਟ ਦੇ ਕਬਜ਼ੇ 'ਚ ਰਹਿਣ ਦੌਰਾਨ ਆਪਣੀ ਦਰਦਨਾਕ ਆਪ ਬੀਕੀ ਬਿਆਨ ਕੀਤੀ ਹੈ। ਮੁਰਾਦ ਨੇ ਆਪਣੀ ਕਿਤਾਬ 'ਦ ਲਾਸਟ ਗਰਲ : ਮਾਈ ਸਟੋਰੀ ਆਫ ਕੈਪਟੀਵਿਟੀ ਐਂਡ ਮਾਈ ਫਾਈਟ ਅਗੇਂਸਟ ਦ ਇਸਲਾਮਿਕ ਸਟੇਟ' 'ਚ ਆਪਣੇ ਨਾਲ ਹੋਈ ਕਰੂਰਤਾ ਦਾ ਦਿਲ ਦਹਿਲਾਉਣ ਵਾਲਾ ਵਰਣਨ ਕੀਤਾ ਹੈ।
ਭੱਜਦੇ ਫੜੇ ਜਾਣ 'ਤੇ ਹੁੰਦਾ ਸੀ ਗੈਂਗਰੇਪ
ਮੁਰਾਦ ਨੇ ਆਪਣੀ ਕਿਤਾਬ 'ਚ ਦੱਸਿਆ ਕਿ ਉਸ ਨੇ ਕਈ ਵਾਰ ਇਸਲਾਮਿਕ ਸਟੇਟ ਦੇ ਕਬਜ਼ੇ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਕਈ ਵਾਰ ਫੜੀ ਗਈ। ਜਦ ਵੀ ਉਹ ਭੱਜਦੇ ਹੋਏ ਫੜੀ ਜਾਂਦੀ ਉਸ ਨਾਲ ਸਮੁਹਿਕ ਬਲਾਤਕਾਰ ਕੀਤਾ ਜਾਂਦਾ। ਉਸ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਇਕ ਵਾਰ ਮੈਂ ਮੁਸਲਿਮ ਔਰਤਾਂ ਵਾਲੇ ਲਿਬਾਜ਼ 'ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਕ ਗਾਰਡ ਨੇ ਮੈਨੂੰ ਫੜ ਲਿਆ। ਉਸ ਨੇ ਮੈਨੂੰ ਮਾਰਿਆ ਤੇ 6 ਲੜਾਕਿਆਂ ਦੇ ਹਵਾਲੇ ਕਰ ਦਿੱਤਾ, ਉਨ੍ਹਾਂ ਨੇ ਮੇਰਾ ਉਸ ਵੇਲੇ ਤੱਕ ਬਲਾਤਕਾਰ ਕੀਤਾ ਜਦ ਤੱਕ ਮੈਂ ਬੇਹੋਸ਼ ਨਹੀਂ ਹੋ ਗਈ। ਇਸ ਤੋਂ ਬਾਅਦ ਉਸ ਨੂੰ ਇਕ ਲੜਾਕੇ ਨੂੰ ਸੌਪ ਦਿੱਤਾ ਗਿਆ ਤੇ ਉਹ ਉਸ ਨੂੰ ਲੈ ਕੇ ਸੀਰੀਆ ਆ ਗਿਆ।
ਮਦਦ ਦੀ ਥਾਂ ਵਾਪਸ ਇਸਲਾਮਿਕ ਸਟੇਟ ਨੂੰ ਸੌਪ ਦਿੰਦੇ ਸਨ ਲੋਕ
ਮੁਰਾਦ ਦੱਸਦੀ ਹੈ ਕਿ ਮੌਸੂਲ 'ਚ ਉਸ ਨੂੰ ਇਕ ਵਾਰ ਭੱਜਣ ਦਾ ਮੌਕਾ ਮਿਲਿਆ ਪਰ ਮੌਸੂਲ ਦੀਆਂ ਗਲੀਆਂ 'ਚ ਉਸ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰੇ ਤੇ ਉਸ ਨੇ ਇਕ ਅਣਜਾਣ ਘਰ ਦੀ ਘੰਟੀ ਵਜਾ ਦਿੱਤੇ ਤੇ ਮਦਦ ਮੰਗੀ। ਉਸ ਨੇ ਦੱਸਿਆ ਕਿ ਪਹਿਲਾਂ 6 ਵਾਰ ਭੱਜਣ 'ਤੇ ਉਸ ਨੂੰ ਵਾਪਸ ਇਸਲਾਮਿਕ ਸਟੇਟ ਨੂੰ ਸੌਪ ਦਿੱਤਾ ਜਾਂਦਾ। ਮੌਸੂਲ 'ਚ ਉਸ ਦਾ ਸਾਹਸੀ ਕਦਮ ਕੰਮ ਆਇਆ ਤੇ ਉਹ ਕਿਸੇ ਤਰ੍ਹਾਂ ਸ਼ਰਣਾਰਥੀ ਕੈਂਪ ਤੱਕ ਪਹੁੰਚਣ 'ਚ ਸਫਲ ਰਹੀ।
ਇਸਲਾਮਿਕ ਸਟੇਟ ਨੇ ਢਾਏ ਜ਼ੁਲਮ
ਮੁਰਾਦ ਦੱਸਦੀ ਹੈ ਕਿ ਇਰਾਕ ਤੇ ਸੀਰੀਆ 'ਚ ਉਸ ਨੇ ਦੇਖਿਆ ਕਿ ਸੁੰਨੀ ਮੁਸਲਮਾਨ ਆਮ ਜ਼ਿੰਦਗੀ ਜੀਅ ਰਹੇ ਹਨ, ਜਦਕਿ ਯਜੀਦੀਆਂ ਨੂੰ ਇਸਲਾਮਿਕ ਸਟੇਟ ਦੇ ਸਾਰੇ ਜ਼ੁਲਮ ਸਹਿਣੇ ਪੈ ਰਹੇ ਹਨ। ਮੁਰਾਦ ਦੱਸਦੀ ਹੈ ਕਿ ਸਾਡੇ ਲੋਕਾਂ ਦੇ ਕਤਲ ਹੁੰਦੇ ਰਹੇ, ਔਰਤਾਂ ਦੇ ਰੇਪ ਹੁੰਦੇ ਰਹੇ ਤੇ ਸੁੰਨੀ ਮੁਸਲਮਾਨ ਜ਼ੁਬਾਨ ਬੰਦ ਕਰਕੇ ਸਭ ਦੇਖਦੇ ਰਹੇ।


Related News