ਸ਼ੀ ਜਿਨਪਿੰਗ ਨੇ ਚੀਨ ਦੀ ਕੋਵਿਡ-19 ਨੀਤੀ ਦਾ ਕੀਤਾ ਬਚਾਅ, ਕਹੀਆਂ ਇਹ ਗੱਲਾਂ
Friday, Apr 08, 2022 - 03:37 PM (IST)
ਬੀਜਿੰਗ (ਭਾਸ਼ਾ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਅਤੇ ਹੋਰ ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹੋਏ ਵਾਧੇ ਦਰਮਿਆਨ ਦੇਸ਼ ਦੀ ਸਖ਼ਤ ਕੋਵਿਡ ਨੀਤੀ ਦਾ ਬਚਾਅ ਕੀਤਾ। ਉਹਨਾਂ ਨੇ ਕਿਹਾ ਕਿ ਚੀਨ ਵਿੱਚ ਕੋਵਿਡ-19 ਤੋਂ ਬਚਾਅ ਅਤੇ ਰੋਕਥਾਮ ਦੇ ਪ੍ਰਭਾਵਸ਼ਾਲੀ ਉਪਾਵਾਂ ਕਾਰਨ ਹੀ ਵਿੰਟਰ ਓਲੰਪਿਕ ਖੇਡਾਂ ਦੀ ਸੁਰੱਖਿਅਤ ਅਤੇ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਜਾ ਸਕੀ। ਸ਼ੀ ਨੇ ਬੀਜਿੰਗ ਵਿੰਟਰ ਓਲੰਪਿਕ 2022 ਅਤੇ ਵਿੰਟਰ ਪੈਰਾਲੰਪਿਕ ਖੇਡਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਦੇ ਸਨਮਾਨ ਵਿੱਚ ਇੱਕ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਸ਼ਵ ਭਰ ਵਿੱਚ ਫੈਲੀ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅਸੀਂ ਸਾਰੇ ਭਾਗੀਦਾਰਾਂ ਦੀ ਸਿਹਤ ਨੂੰ ਤਰਜੀਹ ਦਿੱਤੀ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧਣ ਤੋਂ ਰੋਕਣ ਲਈ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ‘ਵਰਕ ਐਂਡ ਹੋਲੀਡੇ’ ਵੀਜ਼ਾ ਦਾ ਐਲਾਨ
ਉਹਨਾਂ ਨੇ ਜ਼ੋਰ ਦੇ ਕਿਹਾ ਕਿ ਚੀਨ ਦੀ ਐਂਟੀ ਕੋਵਿਡ ਨੀਤੀ ਇਕ ਵਾਰ ਫਿਰ ਸਮੇਂ ਦੀ ਕਸੌਟੀ 'ਤੇ ਖ਼ਰੀ ਉਤਰੀ ਹੈ ਜਿਸ ਨਾਲ ਦੁਨੀਆ ਨੂੰ ਵਾਇਰਸ ਨਾਲ ਲੜਨ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਦਾ ਲਾਭਦਾਇਕ ਤਜਰਬਾ ਪ੍ਰਾਪਤ ਹੋਇਆ ਹੈ। ਚੀਨ ਨੇ ਕੋਵਿਡ-19 ਨੀਤੀ ਦੇ ਤਹਿਤ 2020 ਦੇ ਬਾਅਦ ਤੋਂ ਵੀਜ਼ਾ ਰੱਦ ਕਰਕੇ ਅਤੇ ਉਡਾਣਾਂ 'ਤੇ ਪਾਬੰਦੀ ਲਗਾ ਕੇ ਅੰਤਰਰਾਸ਼ਟਰੀ ਯਾਤਰਾਵਾਂ 'ਚ ਭਾਰੀ ਕਟੌਤੀ ਕੀਤੀ ਹੈ। ਸ਼ੀ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ 2 ਕਰੋੜ 60 ਲੱਖ ਦੀ ਆਬਾਦੀ ਵਾਲਾ ਸ਼ਹਿਰ ਸ਼ੰਘਾਈ ਚੀਨ 'ਚ ਕੋਵਿਡ-19 ਦਾ ਨਵਾਂ ਕੇਂਦਰ ਬਣ ਕੇ ਉਭਰਿਆ ਹੈ। ਸ਼ਹਿਰ 'ਚ ਲਗਾਤਾਰ ਛੇਵੇਂ ਦਿਨ ਇਨਫੈਕਸ਼ਨ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਅਧਿਕਾਰੀਆਂ ਨੂੰ ਸ਼ਹਿਰ 'ਚ 7 ਦਿਨਾਂ ਦੀ ਤਾਲਾਬੰਦੀ ਲਗਾ ਕੇ ਵਿਆਪਕ ਜਾਂਚ ਕਰਨੀ ਪਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਸ਼ੁੱਕਰਵਾਰ ਨੂੰ ਦੇਸ਼ 'ਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 24,100 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 22,648 ਲੋਕਾਂ ਵਿੱਚ ਬਿਮਾਰੀ ਦੇ ਲੱਛਣ ਨਹੀਂ ਦਿਖਾਈ ਦਿੱਤੇ। ਕਮਿਸ਼ਨ ਮੁਤਾਬਕ ਸ਼ੰਘਾਈ ਵਿੱਚ 20,398 ਮਾਮਲੇ ਸਾਹਮਣੇ ਆਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਦਾ ਵੱਡਾ ਕਦਮ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ 'ਤੇ ਲਾਈ ਪਾਬੰਦੀ