ਅੱਤ ਦੀ ਗਰਮੀ ਨਾਲ ਔਰਤ ਦੀ ਮੌਤ, ਅਮਰੀਕਾ ’ਚ 7 ਵੱਡੀਆਂ ਤੇਲ ਕੰਪਨੀਆਂ ’ਤੇ ਮੁਕੱਦਮਾ!
Sunday, Jun 22, 2025 - 09:33 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਬੀ. ਪੀ. ਅਤੇ ਸ਼ੇਲ ਵਰਗੀਆਂ 7 ਵੱਡੀਆਂ ਤੇਲ ਅਤੇ ਗੈਸ ਕੰਪਨੀਆਂ ਵਿਰੁੱਧ ਇਕ ਔਰਤ ਦੀ ਮੌਤ ਹੋਣ ਕਾਰਨ ਮੁਕੱਦਮਾ ਦਾਇਰ ਕੀਤਾ ਗਿਆ ਹੈ। ਦਰਅਸਲ ਸਿਏਟਲ ਸ਼ਹਿਰ ਵਿਚ ਤਾਪਮਾਨ 42 ਡਿਗਰੀ ਹੋਣ ’ਤੇ ਇਕ ਔਰਤ ਦੀ ਬਹੁਤ ਜ਼ਿਆਦਾ ਗਰਮੀ ਕਾਰਨ ਮੌਤ ਹੋ ਗਈ। ਔਰਤ ਦੀ ਧੀ ਨੇ ਦੋਸ਼ ਲਾਇਆ ਹੈ ਕਿ 7 ਵੱਡੀਆਂ ਤੇਲ ਕੰਪਨੀਆਂ ਜਲਵਾਯੂ ਪਰਿਵਰਤਨ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਜਿਸ ਕਾਰਨ ਤਾਪਮਾਨ ਵਿਚ ਵਾਧਾ ਹੋਇਆ ਅਤੇ ਉਸ ਦੀ ਮਾਂ ਦੀ ਮੌਤ ਬਹੁਤ ਜ਼ਿਆਦਾ ਗਰਮੀ ਕਾਰਨ ਹੋ ਗਈ। ਇਹ ਅਮਰੀਕਾ ਵਿਚ ਜਲਵਾਯੂ ਪਰਿਵਰਤਨ ਕਾਰਨ ਕਥਿਤ ਮੌਤ ਦਾ ਪਹਿਲਾ ਮਾਮਲਾ ਹੈ, ਜੋ ਅਦਾਲਤ ਵਿਚ ਪਹੁੰਚਿਆ ਹੈ।
ਕੰਪਨੀਆਂ ’ਤੇ ਜੈਵਿਕ ਬਾਲਣ ਦੀ ਵਰਤੋਂ ਕਰ ਕੇ ਤਾਪਮਾਨ ਵਧਾਉਣ ਦਾ ਦੋਸ਼
ਰਿਪੋਰਟ ਅਨੁਸਾਰ 28 ਜੂਨ 2021 ਨੂੰ ਅਮਰੀਕੀ ਸ਼ਹਿਰ ਸਿਏਟਲ ਵਿਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ ਸੀ, ਜੋ ਕਿ ਉੱਥੇ ਹੁਣ ਤਕ ਦਾ ਸਭ ਤੋਂ ਵੱਧ ਤਾਪਮਾਨ ਸੀ। ਉਸੇ ਦਿਨ ਜੂਲੀਆਨਾ ਲਿਓਨ ਨਾਂ ਦੀ ਇਕ ਔਰਤ ਆਪਣੀ ਕਾਰ ਵਿਚ ਬੇਹੋਸ਼ ਪਈ ਮਿਲੀ ਅਤੇ ਬਹੁਤ ਜ਼ਿਆਦਾ ਗਰਮੀ ਕਾਰਨ ਉਸ ਦੀ ਮੌਤ ਹੋ ਗਈ ਸੀ। ਹੁਣ ਉਸ ਦੀ ਧੀ ਮਿਸਟੀ ਲਿਓਨ ਨੇ ਇਸ ਮੌਤ ਲਈ ਵਾਸ਼ਿੰਗਟਨ ਦੀ ਇਕ ਅਦਾਲਤ ਵਿਚ 7 ਵੱਡੀਆਂ ਤੇਲ ਅਤੇ ਗੈਸ ਕੰਪਨੀਆਂ ਵਿਰੁੱਧ ਕੇਸ ਦਾਇਰ ਕੀਤਾ ਹੈ। ਉਸ ਦਾ ਦੋਸ਼ ਹੈ ਕਿ ਇਨ੍ਹਾਂ ਕੰਪਨੀਆਂ ਨੇ ਜੈਵਿਕ ਈਂਧਣ ਦਾ ਉਤਪਾਦਨ ਕਰ ਕੇ ਖਤਰਨਾਕ ਗਰਮੀ ਨੂੰ ਹਵਾ ਦਿੱਤੀ ਹੈ, ਜਿਸ ਕਾਰਨ ਉਸ ਦੀ ਮਾਂ ਦੀ ਜਾਨ ਚਲੀ ਗਈ।
ਅਦਾਲਤ ’ਚ ਕੀ ਦਿੱਤੀ ਗਈ ਦਲੀਲ
ਰਿਪੋਰਟ ਅਨੁਸਾਰ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਐਕਸੋਨਮੋਬਿਲ, ਸ਼ੈਵਰੋਨ, ਸ਼ੇਲ ਅਤੇ ਬੀ. ਪੀ. ਵਰਗੀਆਂ ਕੰਪਨੀਆਂ ਦਹਾਕਿਆਂ ਤੋਂ ਜਾਣਦੀਆਂ ਹਨ ਕਿ ਉਨ੍ਹਾਂ ਦੇ ਬਾਲਣ ਉਤਪਾਦ ਧਰਤੀ ਦੇ ਤਾਪਮਾਨ ਨੂੰ ਪ੍ਰਭਾਵਤ ਕਰ ਰਹੇ ਸਨ। ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੇ ਜਾਣਬੁੱਝ ਕੇ ਜੈਵਿਕ ਈਂਧਣ ’ਤੇ ਆਧਾਰਤ ਇਕ ਆਰਥਿਕ ਢਾਂਚਾ ਬਣਾਇਆ, ਜੋ ਵਧੇਰੇ ਖਤਰਨਾਕ ਜਲਵਾਯੂ ਆਫ਼ਤਾਂ ਵੱਲ ਲੈ ਜਾਵੇਗਾ ਅਤੇ ਮਨੁੱਖਾਂ ਨੂੰ ਵਧੇਰੇ ਜ਼ੋਖਮ ਵਿਚ ਪਾਵੇਗਾ। ਨਿਊਯਾਰਕ ਸਿਟੀ ਦੇ ਸੇਬਿਨ ਸੈਂਟਰ ਫਾਰ ਕਲਾਈਮੇਟ ਚੇਂਜ ਲਾਅ ਵਿਖੇ ਗਲੋਬਲ ਕਲਾਈਮੇਟ ਲਿਟੀਗੇਸ਼ਨ ਡਾਇਰੈਕਟਰ ਮਾਰੀਆ ਐਂਟੋਨੀਆ ਟਿਗਰੇ ਦਾ ਕਹਿਣਾ ਹੈ ਕਿ ਇਹ ਪਹਿਲਾ ਅਜਿਹਾ ਮੁਕੱਦਮਾ ਹੈ, ਜਿਸ ਵਿਚ ਜਲਵਾਯੂ ਪਰਿਵਰਤਨ ਕਾਰਨ ਹੋਈ ਮੌਤ ਦਾ ਦੋਸ਼ ਲਾਇਆ ਗਿਆ ਹੈ। ਜੇਕਰ ਮਿਸਟੀ ਲਿਓਨ ਇਹ ਕੇਸ ਜਿੱਤ ਜਾਂਦੀ ਹੈ ਤਾਂ ਇਹ ਜਲਵਾਯੂ ਪਰਿਵਰਤਨ ’ਤੇ ਕਾਨੂੰਨੀ ਲੜਾਈਆਂ ਵਿਚ ਇਕ ਇਤਿਹਾਸਕ ਮੋੜ ਹੋ ਸਕਦਾ ਹੈ।
ਕੀ ਚਾਹੁੰਦੀ ਹੈ ਪਟੀਸ਼ਨਕਰਤਾ
ਟਿਗਰੇ ਦਾ ਕਹਿਣਾ ਹੈ ਕਿ ਹੁਣ ਤਕ ਜਲਵਾਯੂ ਨਾਲ ਜੁੜੇ ਬਹੁਤ ਘੱਟ ਮਾਮਲਿਆਂ ਵਿਚ ਕੰਪਨੀਆਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਹਾਲਾਂਕਿ, ਜੇਕਰ ਸਿਏਟਲ ਦਾ ਕੇਸ ਸਫਲ ਹੁੰਦਾ ਹੈ ਤਾਂ ਆਮ ਲੋਕ ਵੀ ਜੈਵਿਕ ਬਾਲਣ ਕੰਪਨੀਆਂ ਤੋਂ ਜਲਵਾਯੂ ਪਰਿਵਰਤਨ ਵਿਚ ਉਨ੍ਹਾਂ ਦੀ ਭੂਮਿਕਾ ਲਈ ਮੁਆਵਜ਼ਾ ਅਤੇ ਹਰਜਾਨਾ ਮੰਗ ਸਕਦੇ ਹਨ। ਸਿਰਫ਼ ਮੁਆਵਜ਼ਾ ਹੀ ਨਹੀਂ, ਪਟੀਸ਼ਨਕਰਤਾ ਇਹ ਵੀ ਚਾਹੁੰਦੀ ਹੈ ਕਿ ਦੋਸ਼ੀ ਕੰਪਨੀਆਂ ਸਾਲਾਂ ਤੋਂ ਫੈਲੀ ਗਲਤ ਜਾਣਕਾਰੀ ਨੂੰ ਸੁਧਾਰਨ ਲਈ ਇਕ ਜਨਤਕ ਜਾਗਰੂਕਤਾ ਮੁਹਿੰਮ ਲਈ ਫੰਡ ਦੇਣ। ਲਿਓਨ ਅਨੁਸਾਰ ਇਸ ਗਲਤ ਜਾਣਕਾਰੀ ਨੇ ਇਹ ਭਰਮ ਪੈਦਾ ਕੀਤਾ ਹੈ ਕਿ ਜੈਵਿਕ ਈਂਧਣ ਨੂੰ ਬਾਲਣ ਅਤੇ ਪ੍ਰਿਥਵੀ ਦੇ ਵਧ ਰਹੇ ਤਾਪਮਾਨ ਵਿਚਕਾਰ ਕੋਈ ਸਬੰਧ ਨਹੀਂ ਹੈ।