ਧਾਰਮਿਕ ਸਥਾਨਾਂ ਦੇ ਬਾਹਰ ਪ੍ਰਦਰਸ਼ਨ ਕਰਨ 'ਤੇ ਲੱਗੇਗਾ ਬੈਨ ! ਅਮਰੀਕਾ 'ਚ ਕਾਨੂੰਨ ਬਣਾਉਣ ਦੀ ਤਿਆਰੀ

Thursday, Sep 17, 2026 - 03:59 PM (IST)

ਧਾਰਮਿਕ ਸਥਾਨਾਂ ਦੇ ਬਾਹਰ ਪ੍ਰਦਰਸ਼ਨ ਕਰਨ 'ਤੇ ਲੱਗੇਗਾ ਬੈਨ ! ਅਮਰੀਕਾ 'ਚ ਕਾਨੂੰਨ ਬਣਾਉਣ ਦੀ ਤਿਆਰੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿੱਚ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਸਿਨਾਗੋਗਾਂ ਸਮੇਤ ਸਾਰੇ ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਅਮਰੀਕੀ ਸੰਸਦ (ਕਾਂਗਰਸ) ਵਿੱਚ ਦੋ-ਪਾਰਟੀ (ਬਾਈਪਾਰਟੀਸਨ) ਬਿੱਲ 'ਰਾਇਟ ਟੂ ਵਰਸ਼ਿਪ ਐਕਟ'  ਨੂੰ ਜਲਦੀ ਪਾਸ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਇਸ ਪ੍ਰਸਤਾਵਿਤ ਕਾਨੂੰਨ ਤਹਿਤ ਧਾਰਮਿਕ ਸਥਾਨਾਂ ਦੇ ਬਾਹਰ 100 ਫੁੱਟ ਦੇ ਘੇਰੇ ਵਿਚ 'ਪ੍ਰਦਰਸ਼ਨ ਮੁਕਤ ਬਫ਼ਰ ਜ਼ੋਨ' ਬਣਾਉਣ ਦੀ ਤਜਵੀਜ਼ ਹੈ, ਤਾਂ ਜੋ ਪ੍ਰਾਰਥਨਾ ਦੌਰਾਨ ਕੋਈ ਵੀ ਵਿਅਕਤੀ ਜਾਣਬੁੱਝ ਕੇ ਵਿਘਨ ਨਾ ਪਾ ਸਕੇ।

ਕੈਪੀਟਲ ਹਿੱਲ ਵਿਖੇ ਆਯੋਜਿਤ ਇੱਕ ਵਿਸ਼ੇਸ਼ ਰੈਲੀ ਦੌਰਾਨ 'ਯੂਨਾਈਟਿਡ ਸਿੱਖਸ', 'ਹਿੰਦੂ ਅਮੈਰੀਕਨ ਫਾਊਂਡੇਸ਼ਨ' (HAF), 'ਅਮੈਰੀਕਨ ਜਿਊਇਸ਼ ਕਮੇਟੀ', 'ਬੀ.ਏ.ਪੀ.ਐੱਸ. ਸਵਾਮੀਨਾਰਾਇਣ ਸੰਸਥਾ' (BAPS) ਅਤੇ 'ਕੋਏਲਿਸ਼ਨ ਆਫ਼ ਹਿੰਦੂਜ਼ ਆਫ਼ ਨੌਰਥ ਅਮੈਰਿਕਾ' ਸਮੇਤ 30 ਤੋਂ ਵੱਧ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਕੇ ਇਸ ਬਿੱਲ ਦਾ ਪੂਰਨ ਸਮਰਥਨ ਕੀਤਾ। ਇਹ ਬਿੱਲ ਡੈਮੋਕ੍ਰੇਟਿਕ ਕਾਂਗਰਸਮੈਨ ਟੌਮ ਸੁਓਜ਼ੀ ਅਤੇ ਰਿਪਬਲਿਕਨ ਕਾਂਗਰਸਮੈਨ ਬ੍ਰੈਡ ਨੌਟ ਦੁਆਰਾ ਪੇਸ਼ ਕੀਤਾ ਗਿਆ ਹੈ। ਬਿੱਲ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਜਾਣਬੁੱਝ ਕੇ ਪੂਜਾ ਕਰਨ ਤੋਂ ਰੋਕਣਾ ਜਾਂ ਉਸ ਦੀ ਪੂਜਾ ਵਿਚ ਵਿਘਨ ਪਾਉਣਾ ਗੈਰ ਕਾਨੂੰਨੀ ਹੋਵੇਗਾ।

ਕਾਂਗਰਸਮੈਨ ਟੌਮ ਸੁਓਜ਼ੀ ਨੇ ਕਿਹਾ ਕਿ ਆਪਣੀ ਆਸਥਾ ਅਨੁਸਾਰ ਇਬਾਦਤ ਕਰਨ ਦੇ ਅਧਿਕਾਰ ਲਈ ਕਿਸੇ ਵੀ ਨਾਗਰਿਕ ਨੂੰ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਚਰਚ ਜਾਂ ਸਿਨਾਗੋਗ ਵਿੱਚ ਦਾਖ਼ਲ ਹੁੰਦੇ ਸਮੇਂ ਡਰਨ ਜਾਂ ਵਿਸ਼ੇਸ਼ ਹਿੰਮਤ ਦਿਖਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ 'ਤੇ ਖ਼ਤਰਾ ਕਿਸੇ ਇੱਕ ਧਰਮ ਤੱਕ ਸੀਮਤ ਨਹੀਂ ਹੈ, ਸਗੋਂ ਹਰ ਧਾਰਮਿਕ ਭਾਈਚਾਰਾ ਇਸ ਨੂੰ ਮਹਿਸੂਸ ਕਰ ਰਿਹਾ ਹੈ। ਰਿਪਬਲਿਕਨ ਕਾਂਗਰਸਮੈਨ ਬ੍ਰੈਡ ਨੌਟ ਨੇ ਕਿਹਾ ਕਿ ਅਮਰੀਕਾ ਵਿੱਚ ਧਾਰਮਿਕ ਆਜ਼ਾਦੀ 'ਤੇ ਹੋ ਰਹੇ ਹਮਲੇ ਸੰਵਿਧਾਨ ਦੀ ਪਹਿਲੀ ਸੋਧ ਦੀ ਉਲੰਘਣਾ ਹਨ, ਜੋ ਨਾਗਰਿਕਾਂ ਨੂੰ ਧਰਮ, ਬੋਲਣ, ਪ੍ਰੈੱਸ, ਸਭਾ ਕਰਨ ਅਤੇ ਪਟੀਸ਼ਨ ਪਾਉਣ ਦੀ ਬੁਨਿਆਦੀ ਆਜ਼ਾਦੀ ਦਿੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਵੱਡੇ ਬਦਲਾਅ, ਵਿਦਿਆਰਥੀਆਂ 'ਤੇ ਲਗਾ'ਤੀ ਇਹ ਪਾਬੰਦੀ

ਇਸ ਮੁੱਦੇ 'ਤੇ'ਯੂਨਾਈਟਿਡ ਸਿੱਖਸ' ਦੇ ਇੰਟਰਨੈਸ਼ਨਲ ਏਡ ਡਾਇਰੈਕਟਰ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦੀ ਰੱਖਿਆ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੋਵੇਂ ਹੀ ਇੱਕ ਸੁਤੰਤਰ, ਵਿਭਿੰਨ ਅਤੇ ਲੋਕਤੰਤਰੀ ਸਮਾਜ ਲਈ ਜ਼ਰੂਰੀ ਹਨ। ਇਸੇ ਤਰ੍ਹਾਂ ਹਿੰਦੂ ਅਮੈਰੀਕਨ ਫਾਊਂਡੇਸ਼ਨ ਸੰਸਥਾ ਦੀ ਕਾਰਜਕਾਰੀ ਡਾਇਰੈਕਟਰ ਸੁਹਾਗ ਸ਼ੁਕਲਾ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਭਰ ਵਿੱਚ ਮੰਦਰਾਂ ਦੇ ਬਾਹਰ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨ ਅਤੇ ਸੇਵਾਵਾਂ ਵਿੱਚ ਵਿਘਨ ਪਾਉਣ ਦੀਆਂ ਘਟਨਾਵਾਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। 100 ਫੁੱਟ ਦਾ ਬਫ਼ਰ ਜ਼ੋਨ ਅਤੇ ਦੀਵਾਨੀ ਜ਼ੁਰਮਾਨੇ ਇਨ੍ਹਾਂ ਪਵਿੱਤਰ ਸਥਾਨਾਂ ਵਿੱਚ ਸ਼ਾਂਤੀ ਬਰਕਰਾਰ ਰੱਖਣ ਵਿੱਚ ਮਦਦ ਕਰਨਗੇ। ਬੈਪਸ ਦੇ ਸਰਕਾਰੀ ਸਬੰਧਾਂ ਦੇ ਡਾਇਰੈਕਟਰ ਮੁਕੇਸ਼ ਸਵਰੂਪ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਉਨ੍ਹਾਂ ਦੇ 4 ਮੰਦਰਾਂ ਵਿੱਚ ਤੋੜ-ਫ਼ੋੜ ਕੀਤੀ ਗਈ ਹੈ, ਇਸ ਲਈ ਪਰਿਵਾਰਾਂ ਦੀ ਸੁਰੱਖਿਆ ਲਈ ਇਹ ਕਦਮ ਬਹੁਤ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਇਹ 'ਰਾਇਟ ਟੂ ਵਰਸ਼ਿਪ ਐਕਟ' ਟੌਮ ਸੁਓਜ਼ੀ ਵੱਲੋਂ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਲਿਆਂਦੇ ਗਏ 'ਸੈਕਰਡ ਐਕਟ' 'ਤੇ ਆਧਾਰਿਤ ਹੈ, ਜਿਸ ਦਾ ਮਕਸਦ ਵੀ ਧਾਰਮਿਕ ਸਥਾਨਾਂ ਦੇ ਬਾਹਰ 100 ਫੁੱਟ ਦਾ ਪ੍ਰਦਰਸ਼ਨ ਮੁਕਤ ਘੇਰਾ ਤੈਅ ਕਰਨਾ ਸੀ। ਅਗਸਤ ਵਿੱਚ ਪੇਸ਼ ਕੀਤਾ ਗਿਆ ਇਹ ਨਵਾਂ ਬਿੱਲ ਦੋਵਾਂ ਸਦਨਾਂ ਅਤੇ ਦੋਵਾਂ ਪ੍ਰਮੁੱਖ ਪਾਰਟੀਆਂ ਦਾ ਸਾਂਝਾ ਯਤਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News