ਇਤਿਹਾਸ ''ਚ ਪਹਿਲੀ ਵਾਰ ਕਿਸੇ ਔਰਤ ਨੂੰ ਮਿਲ ਸਕਦੀ ਹੈ UN ਦੀ ਕਮਾਨ
Monday, Sep 14, 2026 - 09:10 PM (IST)
ਨਿਊਯਾਰਕ : ਸੰਯੁਕਤ ਰਾਸ਼ਟਰ (UN) ਆਪਣੇ ਅਗਲੇ ਜਨਰਲ ਸਕੱਤਰ ਦੀ ਚੋਣ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ, ਜੋ ਮੌਜੂਦਾ ਮੁਖੀ ਐਂਟੋਨੀਓ ਗੁਟੇਰੇਸ ਦੀ ਜਗ੍ਹਾ ਲੈਣਗੇ। 5 ਸਾਲ ਦੇ ਕਾਰਜਕਾਲ ਵਾਲੇ ਇਸ ਅਹੁਦੇ ਲਈ ਸੰਯੁਕਤ ਰਾਸ਼ਟਰ ਦੇ 80 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਔਰਤ ਨੂੰ ਇਹ ਜ਼ਿੰਮੇਵਾਰੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਪਰੰਪਰਾ ਦੇ ਮੁਤਾਬਕ ਇਸ ਵਾਰ ਇਹ ਪਦ ਲਾਤੀਨੀ ਅਮਰੀਕੀ ਖੇਤਰ ਕੋਲ ਜਾਣ ਦੀ ਸੰਭਾਵਨਾ ਹੈ।
ਸੁਰੱਖਿਆ ਪ੍ਰੀਸ਼ਦ ਦੀ ਅੰਦਰੂਨੀ ਵੋਟਿੰਗ ਦੀ ਤਾਜ਼ਾ ਸਥਿਤੀ ਅਨੁਸਾਰ ਦੋ ਔਰਤਾਂ ਇਸ ਰੇਸ ਵਿੱਚ ਸਭ ਤੋਂ ਅੱਗੇ ਹਨ। ਗੁਆਨਾ ਦੀ ਕੈਰੋਲਿਨ ਰੋਡ੍ਰਿਗਸ-ਬਿਰਕੇਟ ਰਾਜਦੂਤ ਇਸ ਰੇਸ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ। ਇਹ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਅਤੇ ਸਦੇਸ਼ੀ ਮਾਮਲਿਆਂ ਦੀ ਮੰਤਰੀ ਵੀ ਰਹਿ ਚੁੱਕੀ ਹੈ। ਅਗਸਤ ਦੇ 'ਸਟ੍ਰਾਅ ਪੋਲ' ਵਿੱਚ ਉਸ ਨੂੰ 8 'ਸਮਰਥਨ', 3 'ਵਿਰੋਧ' ਅਤੇ 4 'ਕੋਈ ਰਾਏ ਨਹੀਂ' ਵੋਟਾਂ ਮਿਲੀਆਂ ਸਨ। ਕੋਸਟਾ ਰਿਕਾ ਦੀ ਸਾਬਕਾ ਉਪ-ਰਾਸ਼ਟਰਪਤੀ ਰੇਬੇਕਾ ਗ੍ਰਿਨਸਪੈਨ ਸੰਯੁਕਤ ਰਾਸ਼ਟਰ ਦੀ ਸੰਸਥਾ UNCTAD ਦੀ ਸਕੱਤਰ-ਜਨਰਲ ਹੈ ਅਤੇ ਮੁਕਾਬਲੇ ਵਿੱਚ ਦੂਜੇ ਨੰਬਰ 'ਤੇ ਹੈ।
ਸੰਯੁਕਤ ਰਾਸ਼ਟਰ ਚਾਰਟਰ ਅਨੁਸਾਰ 15 ਮੈਂਬਰੀ ਸੁਰੱਖਿਆ ਪ੍ਰੀਸ਼ਦ 193 ਮੈਂਬਰੀ ਮਹਾਸਭਾ ਨੂੰ ਇੱਕ ਨਾਂ ਦੀ ਸਿਫ਼ਾਰਸ਼ ਕਰਦੀ ਹੈ। ਜਿੱਤ ਲਈ ਸੁਰੱਖਿਆ ਪ੍ਰੀਸ਼ਦ ਦੇ ਘੱਟੋ-ਘੱਟ 9 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੈ ਅਤੇ ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ ਤੇ ਚੀਨ ਵਰਗੇ 5 ਵੀਟੋ ਪਾਵਰ ਵਾਲੇ ਸਥਾਈ ਮੈਂਬਰਾਂ ਵਿੱਚੋਂ ਕਿਸੇ ਦਾ ਵਿਰੋਧ ਨਹੀਂ ਹੋਣਾ ਚਾਹੀਦਾ। ਇਸੇ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੀ ਮਹਾਸਭਾ ਦੀ ਬੈਠਕ ਦੌਰਾਨ ਅਗਲੇ ਜਨਰਲ ਸਕੱਤਰ ਦੀ ਨਿਯੁਕਤੀ ਕੀਤੀ ਜਾਵੇਗੀ, ਜੋ 1 ਜਨਵਰੀ ਤੋਂ ਅਹੁਦਾ ਸੰਭਾਲਣਗੇ।
ਨਵੇਂ ਬਣਨ ਵਾਲੇ ਜਨਰਲ ਸਕੱਤਰ ਨੂੰ ਸੰਸਥਾ ਦੇ ਵਿੱਤੀ ਸੰਕਟ, ਅਮਰੀਕਾ ਵੱਲੋਂ ਫੰਡਿੰਗ ਵਿੱਚ ਕੀਤੀ ਕਟੌਤੀ, ਅਤੇ ਗਾਜ਼ਾ, ਸੂਡਾਨ ਤੇ ਯੂਕ੍ਰੇਨ ਵਰਗੇ ਸੰਕਟਾਂ ਨਾਲ ਨਿਪਟਣ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
