80 ਸਾਲਾਂ ਬਾਅਦ ਮਿਲਿਆ World War II ਦੇ 'ਜਹਾਜ਼' ਦਾ ਮਲਬਾ, ਆਸਟ੍ਰੇਲੀਆਈ ਕੈਦੀ ਸਨ ਸਵਾਰ
Sunday, Apr 23, 2023 - 02:29 PM (IST)
ਕੈਨਬਰਾ- ਆਸਟ੍ਰੇਲੀਆ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮੁੰਦਰੀ ਹਮਲੇ ਵਿਚ ਡੁੱਬੇ ਜਹਾਜ਼ ਦਾ ਮਲਬਾ 80 ਸਾਲਾਂ ਬਾਅਦ ਬਰਾਮਦ ਕਰ ਲਿਆ ਗਿਆ ਹੈ। ਇਸ ਵਿੱਚ ਦੂਜੇ ਵਿਸ਼ਵ ਯੁੱਧ ਦੇ ਲਗਭਗ 1,060 ਕੈਦੀਆਂ ਦੀ ਮੌਤ ਹੋ ਗਈ ਸੀ। ਇਹ ਜਹਾਜ਼ ਜਾਪਾਨ ਦਾ ਐਸਐਸ ਮੋਂਟੇਵੀਡੀਓ ਮਾਰੂ ਸੀ, ਜਿਸ ਦਾ ਮਲਬਾ ਦੱਖਣੀ ਚੀਨੀ ਸਾਗਰ ਵਿੱਚ ਮਿਲਿਆ ਹੈ। ਪਿਛਲੇ 12 ਦਿਨਾਂ ਤੋਂ ਗੈਰ-ਲਾਭਕਾਰੀ ਸਾਈਲੈਂਟਵਰਲਡ ਫਾਊਂਡੇਸ਼ਨ ਦੇ ਵਰਕਰ ਇਸ ਦੀ ਭਾਲ ਕਰ ਰਹੇ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਅਲਬਾਨੀਜ਼ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਹੁਣ ਕੁਝ ਰਾਹਤ ਜ਼ਰੂਰ ਮਿਲੀ ਹੋਵੇਗੀ। ਮਲਬਾ ਬਰਾਮਦ ਹੋਣ ਤੋਂ ਬਾਅਦ ਇਸ ਨਾਲ ਛੇੜਛਾੜ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਵਿੱਚ ਮੌਜੂਦ ਮਨੁੱਖੀ ਅਵਸ਼ੇਸ਼ ਵੀ ਦੂਰ ਨਹੀਂ ਕੀਤੇ ਜਾਣਗੇ। ਟਾਈਟੈਨਿਕ ਤੋਂ ਵੀ ਡੂੰਘੇ ਮਿਲੇ ਇਸ ਜਹਾਜ਼ ਦੇ ਮਲਬੇ ਨੂੰ ਖੋਜ ਲਈ ਰੱਖਿਆ ਜਾਵੇਗਾ। ਵੌਇਸ ਆਫ਼ ਅਮਰੀਕਾ ਦੀ ਰਿਪੋਰਟ ਮੁਤਾਬਕ ਇੱਕ ਜਾਪਾਨੀ ਟ੍ਰਾਂਸਪੋਰਟ ਜਹਾਜ਼ ਜਿਸ ਵਿਚ ਕਿ 1,000 ਤੋਂ ਵੱਧ ਲੋਕ ਸਵਾਰ ਸਨ, ਦੂਜੇ ਵਿਸ਼ਵ ਯੁੱਧ ਦੌਰਾਨ ਡੁੱਬ ਗਿਆ ਸੀ, ਆਖਰਕਾਰ ਲੱਭ ਲਿਆ ਗਿਆ ਹੈ।
1942 ਵਿੱਚ ਡੁੱਬ ਗਿਆ ਸੀ ਜਾਪਾਨ ਦਾ ਮੋਂਟੇਵੀਡੀਓ ਮਾਰੂ ਜਹਾਜ਼
1 ਜੁਲਾਈ 1942 ਨੂੰ ਜਾਪਾਨੀ ਟਰਾਂਸਪੋਰਟ ਜਹਾਜ਼ ਐਸਐਸ ਮੋਂਟੇਵੀਡੀਓ ਮਾਰੂ ਫਿਲੀਪੀਨਜ਼ ਨੇੜੇ ਡੁੱਬ ਗਿਆ ਸੀ। ਇਸ ਵਿੱਚ ਲਗਭਗ 1000 ਤੋਂ ਵੱਧ ਲੋਕ ਸਵਾਰ ਸਨ। ਇਨ੍ਹਾਂ ਵਿਚੋਂ 850 ਜੰਗੀ ਕੈਦੀ ਅਤੇ 200 ਦੇ ਕਰੀਬ ਆਮ ਨਾਗਰਿਕ ਸਨ। ਇਸ ਤੋਂ ਇਲਾਵਾ ਜਹਾਜ਼ ਵਿਚ 14 ਦੇਸ਼ਾਂ ਦੇ 210 ਨਾਗਰਿਕ ਵੀ ਮੌਜੂਦ ਸਨ। ਇਹ ਜਹਾਜ਼ ਕੈਦੀਆਂ ਨੂੰ ਪਾਪੁਆ ਨਿਊ ਗਿਨੀ ਤੋਂ ਚੀਨ ਦੇ ਹੈਨਾਨ ਸੂਬੇ ਲਿਜਾ ਰਿਹਾ ਸੀ। ਉਦੋਂ ਇੱਕ ਅਮਰੀਕੀ ਪਣਡੁੱਬੀ ਯੂਐਸਐਸ ਸਟਰਜਨ ਨੇ 4 ਟਾਰਪੀਡੋ ਨਾਲ ਇਸ 'ਤੇ ਹਮਲਾ ਕੀਤਾ। ਦਰਅਸਲ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਜਹਾਜ਼ ਵਿਚ ਵਿਸ਼ਵ ਯੁੱਧ ਦੇ ਕੈਦੀ ਮੌਜੂਦ ਸਨ। ਹਮਲਾ ਹੁੰਦੇ ਹੀ ਜਹਾਜ਼ 'ਤੇ ਲਾਈਫਬੋਟ ਨੂੰ ਤੁਰੰਤ ਉਤਾਰਿਆ ਗਿਆ ਪਰ ਜਹਾਜ਼ ਪਲਟਣ ਤੋਂ 11 ਮਿੰਟਾਂ ਬਾਅਦ ਹੀ ਇਹ ਡੁੱਬ ਗਿਆ। ਜਹਾਜ਼ ਵਿਚ ਸਵਾਰ ਲੋਕਾਂ ਦੇ ਪਰਿਵਾਰਾਂ ਨੂੰ ਕਈ ਸਾਲਾਂ ਤੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮੌਤ ਦੀ ਸੂਚਨਾ ਨਹੀਂ ਦਿੱਤੀ ਗਈ ਸੀ। ਜਹਾਜ਼ ਦੇ ਡੁੱਬਣ ਤੋਂ ਬਾਅਦ ਮਲਬਾ ਕਿੱਥੇ ਗਿਆ, ਇਹ ਅਜੇ ਵੀ ਰਹੱਸ ਬਣਿਆ ਹੋਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਲਬਾਨੀਜ਼ ਨੇ 'ਨਾਗਰਿਕਤਾ' ਹਾਸਲ ਕਰਨ ਦੇ ਚਾਹਵਾਨ ਨਿਊਜ਼ੀਲੈਂਡ ਦੇ ਲੋਕਾਂ ਲਈ ਕੀਤਾ ਵੱਡਾ ਐਲਾਨ
ਮਲਬਾ ਮਿਲਣ ਤੋਂ ਬਾਅਦ ਕਿਤੇ ਜਸ਼ਨ ਹੈ ਤੇ ਕਿਤੇ ਅੱਖਾਂ ਨਮ
ਜਹਾਜ਼ ਦੇ ਮਲਬੇ ਨੂੰ ਲੱਭਣ ਵਾਲੀ ਟੀਮ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਤੇ ਉਨ੍ਹਾਂ ਨਾਲ 2 ਅਜਿਹੇ ਲੋਕ ਵੀ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਹਾਦਸੇ 'ਚ ਮੌਤ ਹੋ ਗਈ ਸੀ। ਮਲਬਾ ਮਿਲਣ ਤੋਂ ਬਾਅਦ ਇੱਕ ਪਾਸੇ ਟੀਮ ਦੇ ਮੈਂਬਰ ਜਸ਼ਨ ਮਨਾ ਰਹੇ ਸਨ ਅਤੇ ਦੂਜੇ ਪਾਸੇ ਕੁਝ ਲੋਕਾਂ ਦੀਆਂ ਅੱਖਾਂ ਨਮ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ - ਇਸ ਖੋਜ ਦੇ ਪਿੱਛੇ ਟੀਮ ਦੀ ਅਸਾਧਾਰਨ ਕੋਸ਼ਿਸ਼ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਨਾਗਰਿਕ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।