ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ
Wednesday, Mar 02, 2022 - 12:57 PM (IST)
ਸਿਓਲ/ਦੱਖਣੀ ਕੋਰੀਆ (ਭਾਸ਼ਾ)- ਯੂਕ੍ਰੇਨ ਉੱਤੇ ਰੂਸ ਦੇ ਲਗਾਤਾਰ ਹਮਲਿਆਂ ਦੇ ਵਿਚਕਾਰ ਵਿਸ਼ਵ ਤਾਈਕਵਾਂਡੋ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਆਨਰੇਰੀ ਤਾਈਕਵਾਂਡੋ ਬਲੈਕ ਬੈਲਟ ਖ਼ਿਤਾਬ ਵਾਪਸ ਲੈ ਲਿਆ ਹੈ। ਵਿਸ਼ਵ ਤਾਈਕਵਾਂਡੋ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦਾ ਵਿਰੋਧ ਅਤੇ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਵਿਸ਼ਵ ਸ਼ਾਂਤੀ ਲਈ ਗੰਭੀਰ ਖ਼ਤਰਾ ਦੱਸਿਆ ਹੈ।
ਇਹ ਵੀ ਪੜ੍ਹੋ: ਸਾਬਕਾ 'ਮਿਸ ਯੂਕ੍ਰੇਨ' ਨੇ ਰੂਸੀ ਫ਼ੌਜਾਂ ਖ਼ਿਲਾਫ਼ ਚੁੱਕੀ ਬੰਦੂਕ! ਜਾਣੋ ਕੀ ਹੈ ਵਾਇਰਲ ਤਸਵੀਰ ਦੀ ਸਚਾਈ
ਜ਼ਿਕਰਯੋਗ ਹੈ ਕਿ ਪੁਤਿਨ ਨੂੰ ਸਾਲ 2013 'ਚ ਬਲੈਕ ਬੈਲਟ ਦਾ ਖ਼ਿਤਾਬ ਦਿੱਤਾ ਗਿਆ ਸੀ। ਵਿਸ਼ਵ ਤਾਈਕਵਾਂਡੋ ਨੇ ਰੂਸ-ਯੂਕ੍ਰੇਨ ਯੁੱਧ ਦੇ ਸਬੰਧ ਵਿਚ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, 'ਵਿਸ਼ਵ ਤਾਈਕਵਾਂਡੋ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ, ਜਿਸ ਤਰ੍ਹਾਂ ਉੱਥੇ ਨਾਗਰਿਕਾਂ ਨੂੰ ਮਾਰਿਆ ਜਾ ਰਿਹਾ ਹੈ, ਇਹ ਇਕ ਬੇਰਹਿਮੀ ਹੈ।' ਵਿਸ਼ਵ ਤਾਈਕਵਾਂਡੋ ਦਾ ਉਦੇਸ਼ ਹਮੇਸ਼ਾ ਸ਼ਾਂਤੀ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਰਿਹਾ ਹੈ। ਵਿਸ਼ਵ ਤਾਈਕਵਾਂਡੋ ਨੂੰ ਲੱਗਦਾ ਹੈ ਕਿ ਯੂਕ੍ਰੇਨ ਵਿਚ ਜੋ ਕੁਝ ਹੋ ਰਿਹਾ ਹੈ, ਉਹ ਉਸ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਅਜਿਹੇ 'ਚ ਅਸੀਂ ਵਲਾਦੀਮੀਰ ਪੁਤਿਨ ਨੂੰ ਦਿੱਤੀ ਗਈ ਬਲੈਕ ਬੈਲਟ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।'
ਇਹ ਵੀ ਪੜ੍ਹੋ: ਬਾਈਡੇਨ ਨੇ ਯੂਕ੍ਰੇਨ ਦੇ ਲੋਕਾਂ ਨਾਲ ਦਿਖਾਈ ਇਕਜੁਟਤਾ, ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
ਵਿਸ਼ਵ ਤਾਈਕਵਾਂਡੋ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨਾਲ ਇਕਮੁੱਠਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਸ਼ਵ ਤਾਈਕਵਾਂਡੋ ਦੇ ਕਿਸੇ ਵੀ ਸਮਾਗਮਾਂ ਵਿਚ ਰੂਸ ਜਾਂ ਬੇਲਾਰੂਸ ਦਾ ਰਾਸ਼ਟਰੀ ਝੰਡਾ ਨਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਨਾ ਹੀ ਰਾਸ਼ਟਰੀ ਗੀਤ ਵਜਾਇਆ ਜਾਵੇਗਾ। ਉਥੇ ਹੀ ਵਿਸ਼ਵ ਤਾਈਕਵਾਂਡੋ ਅਤੇ ਯੂਰਪੀਅਨ ਤਾਈਕਵਾਂਡੋ ਸੰਘ ਰੂਸ ਅਤੇ ਬੇਲਾਰੂਸ ਵਿਚ ਤਾਈਕਵਾਂਡੋ ਟੂਰਨਾਮੈਂਟਾਂ ਦੇ ਆਯੋਜਨ ਨੂੰ ਮਾਨਤਾ ਨਹੀਂ ਦੇਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਜੂਡੋ ਫੈਡਰੇਸ਼ਨ (ਆਈ.ਜੇ.ਐੱਫ.) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਈ.ਜੇ.ਐੱਫ. ਦੇ ਆਨਰੇਰੀ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। IJF ਨੇ ਐਤਵਾਰ ਨੂੰ ਪੁਤਿਨ ਨੂੰ ਆਨਰੇਰੀ ਪ੍ਰਧਾਨ ਅਹੁਦੇ ਦੇ ਨਾਲ-ਨਾਲ IJF ਦੇ ਰਾਜਦੂਤ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੀ ਰੂਸੀ ਖਿਡਾਰੀਆਂ 'ਤੇ ਪਾਬੰਦੀ ਲਗਾ ਚੁੱਕੀ ਹੈ। ਇਸ ਦੇ ਨਾਲ ਹੀ, ਫੀਫਾ ਅਤੇ ਯੂ.ਈ.ਐੱਫ.ਏ. ਨੇ ਅਗਲੇ ਹੁਕਮਾਂ ਤੱਕ ਰੂਸੀ ਫੁੱਟਬਾਲ ਕਲੱਬਾਂ ਅਤੇ ਰਾਸ਼ਟਰੀ ਫੁੱਟਬਾਲ ਟੀਮਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਫੀਫਾ ਨੇ ਰੂਸ ਨੂੰ 2022 ਫੁੱਟਬਾਲ ਵਿਸ਼ਵ ਕੱਪ ਤੋਂ ਵੀ ਬਾਹਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।