ਵਰਲਡ ਸਿੱਖ ਪਾਰਲੀਮੈਂਟ ਨੇ ਬੰਦੀ ਸਿੰਘਾਂ ਦਾ ਮਾਮਲਾ ਵਿਸ਼ਵ ਪੱਧਰ ’ਤੇ UNA ਕੋਲ ਲਿਜਾਣ ਦਾ ਕੀਤਾ ਫ਼ੈਸਲਾ
Wednesday, Oct 05, 2022 - 06:51 PM (IST)
ਡਰਬੀ (ਸਰਬਜੀਤ ਸਿੰਘ ਬਨੂੜ) - ਵਰਲਡ ਸਿੱਖ ਪਾਰਲੀਮੈਂਟ ਵੱਲੋਂ ਡਰਬੀ ਕਾਨਫਰੰਸ ਦੌਰਾਨ ਬੰਦੀ ਸਿੰਘਾਂ ਦਾ ਮਾਮਲਾ ਵਿਸ਼ਵ ਪੱਧਰ ’ਤੇ ਯੂ.ਐੱਨ.ਏ ਕੋਲ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਵਿੱਚ ਭਾਈ ਮਨਪ੍ਰੀਤ ਸਿੰਘ ਵੱਲੋਂ ਕੁਝ ਮਤੇ ਪੜ੍ਹੇ ਗਏ। 4 ਨਵੰਬਰ ਨੂੰ ਡੈਨਹਾਗ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨਾਲ ਬੰਦੀ ਸਿੰਘਾਂ ਦੇ ਮਸਲੇ ’ਤੇ ਗੱਲ ਕਰਨ, ਦਸੰਬਰ ਵਿੱਚ ਯੂਨਾਈਟਿਡ ਨੇਸ਼ਨ ਦੇ ਮਨੁੱਖੀ ਅਧਿਕਾਰ ਵਿਭਾਗ ਦੇ ਕੋਲ ਵੀ ਇਹ ਮਾਮਲਾ ਉਠਾਉਣ ਦੀ ਗੱਲ ਆਖੀ ਗਈ। ਪੰਜਾਬ ਵਿੱਚ ਨਕਲੀ ਗੁਰੂ ਡੰਮ੍ਹ ਅਤੇ ਦੂਜੇ ਧਰਮਾਂ ਵੱਲੋਂ ਆਮ ਸਧਾਰਣ ਸਿੱਖਾਂ ਨੂੰ ਗੁੰਮਰਾਹ ਕਰਨ ਬਾਰੇ ਚਾਨਣਾ ਪਾਇਆ ਗਿਆ।
ਇਸ ਮੌਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਦਿਲਸ਼ੇਰ ਸਿੰਘ ਨੇ ਬੰਦੀ ਸਿੰਘਾਂ ਦੇ ਮਾਮਲੇ ਦੇ ਅਹਿਮ ਤੱਥ ਸੰਗਤਾਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਿੱਖ ਕੈਦੀਆਂ ਨੂੰ ਲੰਮਾ ਸਮਾਂ ਜੇਲ੍ਹਾਂ ਵਿੱਚ ਰੱਖਣਾ, ਜਿੱਥੇ ਗੈਰ ਕਾਨੂੰਨੀ ਹੈ, ਉਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਉਨ੍ਹਾਂ ਨੇ ਬੰਦੀ ਸਿੰਘਾਂ ਦੇ ਚਲ ਰਹੇ ਕੇਸਾਂ ਦੇ ਮੌਜੂਦਾ ਹਾਲਾਤ ’ਤੇ ਚਾਨਣਾ ਪਾਇਆ। ਇਸ ਮੌਕੇ ਮਨਪ੍ਰੀਤ ਸਿੰਘ ਨੇ ਜੱਗੀ ਜੌਹਲ, ਅਰਵਿੰਦਰ ਸਿੰਘ ਅਤੇ ਹੋਰ ਜਿਹੜੇ ਸਿੰਘ ਬਾਅਦ ਵਿੱਚ ਫੜੇ ਗਏ ਨੇ, ਉਨ੍ਹਾਂ ਬਾਰੇ ਵੇਰਵਾ ਦਿੱਤਾ। ਇਸ ਮੌਕੇ ਜੋਗਾ ਸਿੰਘ ਬਰਮਿੰਘਮ, ਡਾ: ਦਲਜੀਤ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਵੱਲੋਂ ਸੀਨੀਅਰ ਆਗੂ ਸ: ਮਨਜੀਤ ਸਿੰਘ ਸਮਰਾ, ਸੇਵਿੰਗ ਪੰਜਾਬ ਸੰਸਥਾ ਦੇ ਭਾਈ ਗੁਰਪ੍ਰੀਤ ਸਿੰਘ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।