ਜਾਣੋ 2022 'ਚ ਕਿਹੜੇ ਦੇਸ਼ ਦਾ 'ਪਾਸਪੋਰਟ' ਹੈ ਸਭ ਤੋਂ ਸ਼ਕਤੀਸ਼ਾਲੀ ਅਤੇ ਭਾਰਤੀ ਪਾਸਪੋਰਟ ਦੀ ਰੈਂਕਿੰਗ

Wednesday, Jan 12, 2022 - 01:34 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਵਿੱਚ ਕਿਹੜੇ ਦੇਸ਼ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹੈ ਅਤੇ ਕਿਹੜੇ ਦੇਸ਼ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਮੰਨਿਆ ਜਾਂਦਾ ਹੈ, ਸਾਲ 2022 ਵਿੱਚ ਪਾਸਪੋਰਟਾਂ ਦੀ ਦਰਜਾਬੰਦੀ ਸਾਹਮਣੇ ਆ ਚੁੱਕੀ ਹੈ। ਇਹ ਦਰਜਾਬੰਦੀ ਪਾਸਪੋਰਟ ਦੀ ਆਜ਼ਾਦੀ ਬਾਰੇ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੁਆਰਾ ਪ੍ਰਦਾਨ ਕੀਤੇ ਗਏ ਖਾਸ ਅੰਕੜਿਆਂ ਦੇ ਆਧਾਰ 'ਤੇ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 2022 ਮੁਤਾਬਕ ਕਿਹੜੇ ਦੇਸ਼ ਦਾ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ ਅਤੇ ਕਿਹੜੇ ਦੇਸ਼ ਦਾ ਸਭ ਤੋਂ ਕਮਜ਼ੋਰ ਹੈ।

2006 ਤੋਂ ਕੀਤੀ ਜਾ ਰਹੀ ਹੈ ਪਾਸਪੋਰਟ ਦੀ ਰੈਂਕਿੰਗ
ਹੈਨਲੇ ਪਾਸਪੋਰਟ ਇੰਡੈਕਸ ਸਾਲ 2006 ਤੋਂ ਹਰੇਕ ਸਾਲ ਪਾਸਪੋਰਟ ਸਬੰਧੀ ਰੈਂਕਿੰਗ ਜਾਰੀ ਕਰਦਾ ਹੈ ਜਿਸ ਨਾਲ ਪਤਾ ਚੱਲਦਾ ਹੈ ਕਿ ਦੁਨੀਆ 'ਚ ਕਿਸ ਦੇਸ਼ ਦਾ ਪਾਸਪੋਰਟ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਹਾਲਾਂਕਿ, ਪਿਛਲੇ 16 ਸਾਲਾਂ ਵਿਚਕਾਰ ਪਿਛਲੇ ਦੋ ਸਾਲਾਂ ਦੌਰਾਨ ਕੋਵਿਡ ਮਹਾਮਾਰੀ ਕਾਰਨ ਪਾਸਪੋਰਟ ਦਰਜਾਬੰਦੀ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਹਾਲਾਂਕਿ, ਕੋਵਿਡ ਮਹਾਮਾਰੀ ਕਾਰਨ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਪਾਸਪੋਰਟਾਂ ਦੀ ਰੈਂਕਿੰਗ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹੈਨਲੇ ਪਾਸਪੋਰਟ ਇੰਡੈਕਸ-2022 ਦੀ ਰਿਪੋਰਟ ਵਿੱਚ ਜਾਪਾਨ ਅਤੇ ਸਿੰਗਾਪੁਰ ਨੂੰ 192 ਦੇਸ਼ਾਂ ਵਿੱਚੋਂ ਪਹਿਲਾ ਸਥਾਨ ਦਿੱਤਾ ਗਿਆ ਹੈ ਅਤੇ ਜਾਪਾਨ ਅਤੇ ਸਿੰਗਾਪੁਰ ਦੇ ਪਾਸਪੋਰਟ ਧਾਰਕ 192 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ।

ਸੂਚੀ ਵਿਚ ਯੂਰਪੀ ਦੇਸ਼ਾਂ ਦਾ ਦਬਦਬਾ
ਹੈਨਲੇ ਪਾਸਪੋਰਟ ਇੰਡੈਕਸ ਦੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਦੱਖਣੀ ਕੋਰੀਆ ਅਤੇ ਜਰਮਨੀ ਦੇ ਲੋਕ ਦੁਨੀਆ ਭਰ ਦੇ 190 ਦੇਸ਼ਾਂ ਦੀ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ, ਲਿਹਾਜਾ ਇਹ ਦੋਵੇਂ ਦੇਸ਼ ਦੂਜੇ ਸਥਾਨ 'ਤੇ ਹਨ, ਜਦੋਂ ਕਿ ਫਿਨਲੈਂਡ, ਇਟਲੀ, ਲਕਸਮਬਰਗ ਅਤੇ ਸਪੇਨ ਸਾਰੇ ਮਿਲ ਕੇ ਤੀਜੇ ਸਥਾਨ 'ਤੇ ਹਨ। ਇਨ੍ਹਾਂ ਸਾਰੇ ਦੇਸ਼ਾਂ ਦੇ ਲੋਕ ਦੁਨੀਆ ਦੇ 189 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਯੂਰਪੀਅਨ ਯੂਨੀਅਨ ਦੇ ਦੇਸ਼ ਆਮ ਤੌਰ 'ਤੇ ਚੋਟੀ ਦੇ ਸਥਾਨ 'ਤੇ ਹਾਵੀ ਹਨ। ਜਦਕਿਫਰਾਂਸ, ਨੀਦਰਲੈਂਡ ਅਤੇ ਸਵੀਡਨ ਇਕ ਸਥਾਨ ਹੋਰ ਅੱਗੇ ਵੱਧ ਕੇ ਚੌਥੇ ਸਥਾਨ 'ਤੇ ਆਸਟ੍ਰੀਆ ਅਤੇ ਡੈਨਮਾਰਕ ਨਾਲ ਸ਼ਾਮਲ ਹੋ ਗਏ ਹਨ। ਇਨ੍ਹਾਂ ਦੇਸ਼ਾਂ ਦੇ ਲੋਕ 188 ਦੇਸ਼ਾਂ ਦੀ ਵੀਜ਼ਾ ਮੁਫਤ ਯਾਤਰਾ ਕਰ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- WHO ਦੀ ਚਿਤਾਵਨੀ, ਡੈਲਟਾ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਰਿਹਾ 'ਓਮੀਕਰੋਨ'

ਅਮਰੀਕਾ-ਬ੍ਰਿਟੇਨ ਦੀ ਸਥਿਤੀ
ਹੈਨਲੇ ਪਾਸਪੋਰਟ ਇੰਡੈਕਸ ਸੂਚੀ ਵਿਚ ਆਇਰਲੈਂਡ ਅਤੇ ਪੁਰਤਗਾਲ ਪੰਜਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ, ਜੋ ਕਿ 2014 ਵਿੱਚ ਇਕੱਠੇ ਚੋਟੀ ਦੇ ਸਥਾਨ 'ਤੇ ਰਹੇ ਸਨ, ਨੇ ਆਪਣੀ ਰੈਂਕਿੰਗ ਵਿੱਚ ਗਿਰਾਵਟ ਦਰਜ ਕੀਤੀ ਹੈ ਅਤੇ ਸਾਲ 2022 ਲਈ ਰੈਂਕਿੰਗ ਵਿੱਚ 6ਵੇਂ ਸਥਾਨ 'ਤੇ ਹਨ। ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਸਵਿਟਜ਼ਰਲੈਂਡ, ਨਾਰਵੇ, ਬੈਲਜੀਅਮ ਅਤੇ ਨਿਊਜ਼ੀਲੈਂਡ ਵੀ 6ਵੇਂ ਨੰਬਰ 'ਤੇ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ, ਕੈਨੇਡਾ, ਚੈੱਕ ਗਣਰਾਜ, ਗ੍ਰੀਸ, ਮਾਲਟਾ 7ਵੇਂ ਨੰਬਰ 'ਤੇ ਟਾਪ-10 'ਚ ਸ਼ਾਮਲ ਹਨ, ਜਦਕਿ ਹੰਗਰੀ ਅਤੇ ਪੋਲੈਂਡ ਅੱਠਵੇਂ ਨੰਬਰ 'ਤੇ ਹਨ।

ਵਿਸ਼ਵ ਦੇ ਸਭ ਤੋਂ ਕਮਜ਼ੋਰ ਪਾਸਪੋਰਟ
ਹੈਨਲੇ ਪਾਸਪੋਰਟ ਇੰਡੈਕਸ ਵਿਚ ਵਿਸ਼ਵ ਦੇ ਸਭ ਤੋਂ ਕਮਜ਼ੋਰ ਦੇਸ਼ਾਂ ਦੇ ਪਾਸਪੋਰਟਾਂ ਦੀ ਰੈਂਕਿੰਗ ਵੀ ਜਾਰੀ ਕੀਤੀ ਗਈ ਹੈ ਅਤੇ ਉੱਤਰੀ ਕੋਰੀਆ 104ਵੇਂ ਨੰਬਰ 'ਤੇ ਹੈ, ਜਿੱਥੋਂ ਦੇ ਪਾਸਪੋਰਟ ਧਾਰਕ ਸਿਰਫ਼ 39 ਦੇਸ਼ਾਂ ਦੀ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਨੇਪਾਲ ਅਤੇ ਫਲਸਤੀਨ ਦੇ ਲੋਕ ਵੀਜ਼ਾ ਮੁਕਤ ਸਿਰਫ਼ 37 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ ਅਤੇ ਇਹ ਦੋਵੇਂ ਦੇਸ਼ 105ਵੇਂ ਨੰਬਰ 'ਤੇ ਹਨ। ਇਸ ਦੇ ਨਾਲ ਹੀ ਸੋਮਾਲੀਆ 106ਵੇਂ ਨੰਬਰ 'ਤੇ ਅਤੇ ਯਮਨ 107ਵੇਂ ਨੰਬਰ 'ਤੇ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਹਾਲਾਤ ਯਮਨ ਅਤੇ ਸੋਮਾਲੀਆ ਤੋਂ ਵੀ ਖਰਾਬ ਹਨ। ਪਾਕਿਸਤਾਨ ਨੂੰ ਰਿਆਸਤ ਮਦੀਨਾ ਬਣਾਉਣ ਦੇ ਚਾਹਵਾਨ ਇਮਰਾਨ ਖਾਨ ਦੇ ਪਾਕਿਸਤਾਨੀ ਪਾਸਪੋਰਟ ਦੀ ਹਾਲਤ ਹੋਰ ਵਿਗੜ ਗਈ ਹੈ ਅਤੇ ਪਾਕਿਸਤਾਨੀ ਪਾਸਪੋਰਟ ਨੂੰ 108ਵੇਂ ਨੰਬਰ 'ਤੇ ਰੱਖਿਆ ਗਿਆ ਹੈ ਅਤੇ ਪਾਕਿਸਤਾਨੀ ਨਾਗਰਿਕ ਆਪਣੇ ਪਾਸਪੋਰਟ ਨਾਲ ਸਿਰਫ਼ 31 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਸੀਰੀਆ 109ਵੇਂ, ਇਰਾਕ 110ਵੇਂ ਅਤੇ ਅਫਗਾਨਿਸਤਾਨ 111ਵੇਂ ਨੰਬਰ 'ਤੇ ਹੈ।

ਭਾਰਤੀ ਪਾਸਪੋਰਟ ਦੀ ਸਥਿਤੀ ਮਜ਼ਬੂਤ
2021 ਦੀ ਤੁਲਨਾ ਵਿਚ 2022 ਵਿਚ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਪਾਸਪੋਰਟ ਰੈਂਕਿੰਗ ਵਿੱਚ ਸੁਧਾਰ ਹੋਇਆ ਹੈ। ਇਹ ਹੁਣ ਹੈਨਲੇ ਪਾਸਪੋਰਟ ਸੂਚਕਾਂਕ 'ਤੇ 83ਵੇਂ ਸਥਾਨ 'ਤੇ ਹੈ, ਜੋ ਪਿਛਲੇ ਸਾਲ 90ਵੇਂ ਸਥਾਨ 'ਤੇ ਸੀ। ਹਾਲਾਂਕਿ, 2020 ਵਿੱਚ ਭਾਰਤੀ ਪਾਸਪੋਰਟ ਦਾ ਦਰਜਾ 84 ਸੀ, ਜਦੋਂ ਕਿ 2016 ਵਿੱਚ ਭਾਰਤ ਮਾਲੀ ਅਤੇ ਉਜ਼ਬੇਕਿਸਤਾਨ ਦੇ ਨਾਲ 85ਵੇਂ ਸਥਾਨ 'ਤੇ ਸੀ। ਰਿਪੋਰਟ ਮੁਤਾਬਕ ਭਾਰਤੀ ਪਾਸਪੋਰਟ ਧਾਰਕ ਦੁਨੀਆ ਦੇ 60 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। 2006 ਤੋਂ ਭਾਰਤ ਨੇ ਵੀਜ਼ਾ ਮੁਕਤ ਸੂਚੀ ਵਿੱਚ 35 ਹੋਰ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News