ਆਸਟ੍ਰੇਲੀਆ ਦੇ ਤੱਟ ’ਤੋਂ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਬੂਟਾ, ਫੁੱਟਬਾਲ ਦੇ 20 ਹਜ਼ਾਰ ਮੈਦਾਨਾਂ ਦੇ ਬਰਾਬਰ
Thursday, Jun 02, 2022 - 11:04 AM (IST)

ਸ਼ਾਰਕ ਬੇ/ਆਸਟ੍ਰੇਲੀਆ (ਭਾਸ਼ਾ)- ਆਸਟ੍ਰੇਲੀਆ ਵਿਚ ਦੁਨੀਆ ਦਾ ਸਭ ਤੋਂ ਵੱਡਾ ਬੂਟਾ ਮਿਲਿਆ ਹੈ। ਇਸ ਦਾ ਪਤਾ ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਅਤੇ ਫਲਿੰਡਰਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਲਗਾਇਆ ਹੈ। ਵਿਗਿਆਨੀਆਂ ਮੁਤਾਬਕ ਸ਼ਾਰਕ ਬੇ ਵਿਚ ਇਹ ਸਮੁੰਦਰੀ ਘਾਹ 200 ਵਰਗ ਕਿਲੋਮੀਟਰ ਵਿਚ ਫੈਲੀ ਹੋਈ ਹੈ। ਇਸ ਦਾ ਆਕਾਰ ਇੰਨਾ ਵੱਡਾ ਹੈ ਕਿ ਨਿਊਯਾਰਕ ਦੇ ਮੈਨਹਟਨ ਵਰਗੇ 3 ਸ਼ਹਿਰ ਇਸ ਵਿਚ ਸਮਾ ਜਾਣਗੇ। ਰਿਪੋਰਟ ਮੁਤਾਬਕ ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਮੁੰਦਰੀ ਘਾਹ ਫੁੱਟਬਾਲ ਦੇ 20 ਹਜ਼ਾਰ ਮੈਦਾਨ ਦੇ ਬਰਾਬਰ ਏਰੀਆ ਕਵਰ ਕਰਦੀ ਹੈ। ਇਹ ਅਧਿਐਨ ਪ੍ਰੋਸੀਡਿੰਗਸ ਆਫ ਦਿ ਰਾਇਲ ਸੋਸਾਇਟੀ ਬੀ ਵਿਚ ਪ੍ਰਕਾਸ਼ਿਤ ਹੋਇਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਫਿਰ ਗੋਲੀਬਾਰੀ, ਬੰਦੂਕਧਾਰੀ ਨੇ ਹਸਪਤਾਲ 'ਚ ਮਚਾਇਆ 'ਆਤੰਕ', ਹਮਲਾਵਰ ਸਮੇਤ 5 ਲੋਕਾਂ ਦੀ ਮੌਤ
ਦੱਸ ਦੇਈਏ ਕਿ ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਦੇ ਖੋਜਕਰਤਾ ਸ਼ਾਰਕ ਬੇ ਵਿਚ ਆਮ ਤੌਰ 'ਤੇ ਪਾਈ ਜਾਂਦੀ ਰਿਬਨ ਵੀਡ ਪ੍ਰਜਾਤੀ ਦੀ ਜੈਨੇਟਿਕ ਡਾਇਵਰਸਿਟੀ ਨੂੰ ਸਮਝਣ ਗਏ ਸਨ। ਖੋਜਕਰਤਾਵਾਂ ਨੇ ਖਾੜੀ ਭਰ ਤੋਂ ਨਮੂਨੇ ਇਕੱਠੇ ਕੀਤੇ ਅਤੇ ਕਰੀਬ 18,000 ਜੈਨੇਟਿਕ ਮਾਰਕਸ ਦਾ ਅਧਿਐਨ ਕੀਤਾ, ਜਿਸ ਨਾਲ ਕਿ ਹਰ ਸੈਂਪਲ ਦਾ ਇਕ ਫਿੰਗਰਪ੍ਰਿੰਚ ਤਿਆਰ ਕੀਤਾ ਜਾ ਸਕੇ। ਦਰਅਸਲ ਖੋਜਕਰਤਾ ਇਹ ਜਾਣਨਾ ਚਾਹੁੰਦੇ ਸਨ ਕਿ ਅਜਿਹੇ ਕਿੰਨੇ ਬੂਟੇ ਮਿਲ ਕੇ ਸਮੁੰਦਰੀ ਘਾਹ ਦਾ ਪੂਰਾ ਮੈਦਾਨ ਤਿਆਰ ਕਰਦੇ ਹਨ। ਇਸ ਸਵਾਲ ਦਾ ਖੋਜਕਰਤਾਵਾਂ ਨੂੰ ਅਜਿਹਾ ਜਵਾਬ ਮਿਲਿਆ ਕਿ ਉਨ੍ਹਾਂ ਦੇ ਹੋਸ਼ ਉੱਡ ਗਏ।
ਮੁੱਖ ਖੋਜਕਰਤਾ ਜੇਨ ਏਡਗੇਲੋ ਕਹਿੰਦੀ ਹੈ ਕਿ ਇਸ ਅਧਿਐਨ ਨੇ ਸਾਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ। ਸਾਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਈ ਕਿ ਉੱਥੇ ਸਿਰਫ਼ ਇਕ ਬੂਟਾ ਸੀ। ਇਹ ਬੂਟਾ ਲਗਭਗ 4500 ਸਾਲ ਪਹਿਲਾ ਇਕ ਹੀ ਬੀਜ ਤੋਂ ਉੱਗਿਆ ਸੀ। ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਸਮੁੰਦਰੀ ਘਾਹ 180 ਵਰਗ ਕਿਲੋਮੀਟਰ ਤੋਂ ਜ਼ਿਆਦਾ ਦੇ ਇਲਾਕੇ ਵਿਚ ਫੈਲੀ ਹੋਈ ਹੈ। ਇਹ ਜ਼ਮੀਨ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਬੂਟਾ ਹੈ। ਦੱਸ ਦੇਈਏ ਕਿ ਪੱਛਮੀ ਆਸਟ੍ਰੇਲੀਆ ਵਿਚ ਇਕ ਸ਼ਹਿਰ ਹੈ ਪਰਥ, ਜਿੱਥੋਂ 800 ਕਿਲੋਮੀਟਰ ਦੂਰ ਸ਼ਾਰਕ ਬੇ ਵਿਚ ਇਹ ਬੂਟਾ ਮਿਲਿਆ ਹੈ।
ਇਹ ਵੀ ਪੜ੍ਹੋ: ਮੰਕੀਪਾਕਸ ਦੇ ਪ੍ਰਸਾਰ ਨੂੰ ਲੈ ਕੇ WHO ਦਾ ਅਹਿਮ ਬਿਆਨ, ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।