ਲੰਡਨ ''ਚ 21 ਫਰਵਰੀ ਨੂੰ ਮਨਾਇਆ ਜਾਵੇਗਾ ਵਿਸ਼ਵ ਮਾਂ-ਬੋਲੀ ਦਿਵਸ
Friday, Feb 17, 2023 - 01:24 AM (IST)

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਭਾਰਤੀ ਹਾਈ ਕਮਿਸ਼ਨ ਲੰਡਨ ਅਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵੱਲੋਂ ਸਾਂਝੇ ਉਪਰਾਲੇ ਵਜੋਂ 21 ਫਰਵਰੀ ਨੂੰ ਵਿਸ਼ਵ ਮਾਂ-ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤੀ ਹਾਈ ਕਮਿਸ਼ਨਰ ਵਿਕਰਮ ਕੇ. ਡੋਰਾਏਸਵਾਮੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇੰਡੀਆ ਹਾਊਸ ਲੰਡਨ ਵਿਖੇ ਹੋਣ ਵਾਲੇ ਇਸ ਸਮਾਗਮ ਦੌਰਾਨ ਯੂਕੇ ਦੇ ਸਕੂਲਜ਼ ਮਨਿਸਟਰ ਨਿਕ ਗਿਬ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਇਸ ਦੇ ਨਾਲ-ਨਾਲ ਡਿਪਟੀ ਹਾਈ ਕਮਿਸ਼ਨਰ ਸੁਜੀਤ ਘੋਸ਼ ਵੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਬਰਮਿੰਘਮ: ਕਤਲ ਮਾਮਲੇ 'ਚ ਹਸਨ ਤਸਲੀਮ ਤੇ ਗੁਰਦੀਪ ਸੰਧੂ ਨੂੰ 60 ਸਾਲ ਦੀ ਕੈਦ
ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਸਰਕਾਰ ਦੇ ਇਸ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ। ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵੱਲੋਂ ਜਿਵੇਂ ਪਹਿਲਾਂ ਹੀ ਲੰਮੇ ਸਮੇਂ ਤੋਂ ਯੂਕੇ ਵਿੱਚ ਪੰਜਾਬੀ ਬੋਲੀ ਨਾਲ ਸਬੰਧਤ ਹਰ ਮੁਹਾਜ਼ 'ਤੇ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਇਆ ਗਿਆ ਹੈ, ਉੱਥੇ ਹੁਣ ਯੂਕੇ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਵਿਸ਼ੇ ਵਜੋਂ ਪੜ੍ਹਾਉਣ ਦੀ ਮਨਜ਼ੂਰੀ ਤੱਕ ਸੰਘਰਸ਼ ਲੜਿਆ ਜਾਵੇਗਾ।
ਇਹ ਵੀ ਪੜ੍ਹੋ : ਬਜ਼ੁਰਗਾਂ ਦੇ ਭੇਸ 'ਚ ਗਹਿਣਿਆਂ ਦੀ ਦੁਕਾਨ ਲੁੱਟਣ ਵਾਲੇ 2 ਭਰਾਵਾਂ ਨੂੰ 31 ਸਾਲ ਦੀ ਕੈਦ
ਉਨ੍ਹਾਂ ਕਿਹਾ ਕਿ ਜੇਕਰ ਇਹ ਮਾਨਤਾ ਮਿਲਦੀ ਹੈ ਤਾਂ ਪੰਜਾਬੀ ਪੜ੍ਹਨ ਦੇ ਚਾਹਵਾਨ ਬੱਚੇ ਆਪਣੀ ਮਰਜ਼ੀ ਅਨੁਸਾਰ ਪੰਜਾਬੀ ਨੂੰ ਇਕ ਵਿਸ਼ੇ ਵਜੋਂ ਉਨ੍ਹਾਂ ਦੇ ਆਪਣੇ ਸਕੂਲ ਵਿੱਚ ਹੀ ਪੜ੍ਹ ਸਕਣਗੇ। ਇਸ ਨਾਲ ਜਿੱਥੇ ਵੱਖਰੀਆਂ ਪੰਜਾਬੀ ਜਮਾਤਾਂ ਲਈ ਬੱਚਿਆਂ ਦੀ ਭੱਜ-ਦੌੜ ਖਤਮ ਹੋਵੇਗੀ, ਉਥੇ ਦੇਸ਼ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਲੋੜ ਵੀ ਪੈਦਾ ਹੋਵੇਗੀ। ਭਕਨਾ ਨੇ ਉਮੀਦ ਪ੍ਰਗਟਾਈ ਕਿ ਸਾਂਝੇ ਉਪਰਾਲਿਆਂ ਨਾਲ ਇਸ ਸੰਘਰਸ਼ ਵਿੱਚ ਵੀ ਜ਼ਰੂਰ ਕਾਮਯਾਬੀ ਹਾਸਲ ਹੋਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।