ਵਿਸ਼ਵ ''ਚ ਕੋਰੋਨਾ ਪੀੜਤਾਂ ਦੀ ਗਿਣਤੀ 62 ਲੱਖ ਦੇ ਪਾਰ, ਅਮਰੀਕਾ ''ਚ 24 ਘੰਟੇ ਦੌਰਾਨ 598 ਮੌਤਾਂ
Monday, Jun 01, 2020 - 06:07 PM (IST)
ਵਾਸ਼ਿੰਗਟਨ (ਬਿਊਰੋ):: ਕੋਰੋਨਾਵਾਇਰਸ ਦਾ ਕਹਿਰ ਗਲੋਬਲ ਪੱਧਰ 'ਤੇ ਜਾਰੀ ਹੈ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਅਮਰੀਕਾ ਵਿਚ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ 598 ਪੀੜਤਾਂ ਦੀ ਮੌਤ ਹੋਈ ਹੈ ਜਿਸ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ 106,195 ਹੋ ਗਈ ਹੈ। ਜਦਕਿ ਪੀੜਤਾਂ ਦੀ ਗਿਣਤੀ 1,837,170 ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਭ ਤੋਂ ਵਧੇਰੇ 377,714 ਮਾਮਲੇ ਸਾਹਮਣੇ ਆਏ ਹਨ। ਸਿਰਫ ਨਿਊਯਾਰਕ ਵਿਚ ਹੀ 29,751 ਲੋਕਾਂ ਦੀ ਵਾਇਰਸ ਦੇ ਇਨਫੈਕਸ਼ਨ ਕਾਰਨ ਮੌਤ ਹੋਈ ਹੈ। ਇਸ ਦੇ ਬਾਅਦ ਨਿਊ ਜਰਸੀ ਵਿਚ 160,391 ਕੋਰੋਨਾ ਮਰੀਜ਼ਾਂ ਵਿਚੋਂ 11,536 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਮੈਸਾਚੁਸੇਟਸ, ਇਲੀਨੋਇਸ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਦੁਨੀਆ ਭਰ ਦੀ ਸਥਿਤੀ
ਵਿਸ਼ਵ ਪੱਧਰ 'ਤੇ 213 ਦੇਸ਼ ਇਸ ਵਾਇਰਸ ਨਾਲ ਜੰਗ ਲੜ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 1 ਲੱਖ 80 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ 3,191 ਦਾ ਵਾਧਾ ਹੋ ਗਿਆ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਹੁਣ ਤੱਕ ਕਰੀਬ 62 ਲੱਖ ਲੋਕ ਮਤਲਬ 6,263,905 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਹਨ। ਇਹਨਾਂ ਵਿਚੋਂ 373,899 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,846,713 ਲੋਕ ਠੀਕ ਵੀ ਹੋਏ ਹਨ। ਦੁਨੀਆ ਦੇ ਕਰੀਬ 73 ਫੀਸਦੀ ਕੋਰੋਨਾ ਮਾਮਲੇ ਸਿਰਫ 12 ਦੇਸ਼ਾਂ ਵਿਚ ਆਏ ਹਨ, ਇਹਨਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 46 ਲੱਖ ਹੈ।
ਭਾਰਤ ਦੀ ਸਥਿਤੀ
ਭਾਰਤ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਵਿਚ ਕੋਰੋਨਾ ਨੇ ਹੁਣ ਤੱਕ ਦਾ ਸਾਰਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ 24 ਘੰਟੇ ਵਿਚ ਰਿਕਾਰਡ 8,380 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ 193 ਲੋਕਾਂ ਦੀ ਮੌਤ ਹੋਈ ਹੈ। ਵਰਲਡ ਓ ਮੀਟਰ ਦੇ ਮੁਤਾਬਕ ਭਾਰਤ ਵਿਚ ਪੀੜਤਾਂ ਦੀ ਗਿਣਤੀ 190,609 ਪਹੁੰਚ ਚੁੱਕੀ ਹੈ ਜਦਕਿ 5,408 ਲੋਕਾਂ ਦੀ ਮੌਤ ਹੋ ਗਈ ਹੈ। ਸੂਚੀ ਵਿਚ ਭਾਰਤ 7ਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ।