ਫੋਟੋਸ਼ੂਟ ਕਰਵਾ ਰਹੀ ਔਰਤ ਹੋਈ ਹਾਦਸੇ ਦੀ ਸ਼ਿਕਾਰ, 100 ਫੁੱਟ ਡੂੰਘੀ ਖੱਡ ''ਚ ਡਿੱਗੀ
Thursday, Nov 04, 2021 - 03:15 PM (IST)
ਬ੍ਰਸੇਲਸ (ਬਿਊਰੋ): ਅਕਸਰ ਜੋੜੇ ਇਕੱਠੇ ਸਮਾਂ ਬਿਤਾਉਣ ਲਈ ਘੁੰਮਣ ਲਈ ਜਾਂਦੇ ਹਨ। ਉਹਨਾਂ ਦੀ ਪਸੰਦੀਦਾ ਜਗ੍ਹਾ ਪਹਾੜਾਂ 'ਤੇ ਘੁੰਮਣਾ ਹੁੰਦਾ ਹੈ ਪਰ ਕਈ ਵਾਰ ਛੋਟੀ ਜਿਹੀ ਗਲਤੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ। ਇਸ ਤਰ੍ਹਾਂ ਦਾ ਇਕ ਮਾਮਲਾ ਬੈਲਜੀਅਮ ਤੋਂ ਸਾਹਮਣੇ ਆਇਆ ਹੈ। ਬੈਲਜੀਅਮ 'ਚ ਇਕ ਔਰਤ ਦੀ ਚੱਟਾਨ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਔਰਤ 100 ਫੁੱਟ ਡੂੰਘੀ ਖੱਡ ਦੇ ਕਿਨਾਰੇ ਇਕ ਚੱਟਾਨ 'ਤੇ ਖੜ੍ਹੀ ਸੀ ਅਤੇ ਆਪਣੇ ਪਤੀ ਤੋਂ ਫੋਟੋਸ਼ੂਟ ਕਰਵਾ ਰਹੀ ਸੀ। 33 ਸਾਲਾ ਜੋਅ ਸਨੋਕਸ ਆਪਣੇ ਪਤੀ ਜੋਏਰੀ ਜਾਨਸਨ ਨਾਲ ਘੁੰਮਣ ਲਈ ਬੈਲਜੀਅਮ ਆਈ ਸੀ। ਮੰਗਲਵਾਰ ਸਵੇਰੇ ਉਹ ਲਕਸਮਬਰਗ ਸੂਬੇ ਦੇ ਨਦਰੀਨ ਪਿੰਡ ਨੇੜੇ ਫੋਟੋਸ਼ੂਟ ਕਰਵਾ ਰਹੀ ਸੀ। ਦੋਵੇਂ ਸਕੂਲ ਦੇ ਦਿਨਾਂ ਤੋਂ ਹੀ ਇੱਕ ਦੂਜੇ ਦੇ ਪਿਆਰ ਵਿੱਚ ਸਨ ਅਤੇ ਦੋਵਾਂ ਨੇ 2012 ਵਿੱਚ ਵਿਆਹ ਕਰਵਾਇਆ ਸੀ।
ਡੇਲੀਮੇਲ ਦੀ ਖ਼ਬਰ ਮੁਤਾਬਕ ਔਰਤ 100 ਫੁੱਟ ਉੱਚੀ ਚੱਟਾਨ ਕਿਨਾਰੇ ਖੜ੍ਹੀ ਹੋ ਕੇ ਆਪਣੇ ਪਤੀ ਤੋਂ ਤਸਵੀਰਾਂ ਖਿਚਵਾ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ। ਨਦੀ ਵਿੱਚ ਡਿੱਗਣ ਨਾਲ ਉਸਦੀ ਮੌਤ ਹੋ ਗਈ। ਲਕਸਮਬਰਗ ਸੂਬੇ ਦੇ ਸਰਕਾਰੀ ਵਕੀਲ ਦਫ਼ਤਰ ਨੇ ਦੱਸਿਆ ਕਿ ਉਹ ਇੱਕ ਚੱਟਾਨ ਦੇ ਕਿਨਾਰੇ ਤੋਂ ਤਿਲਕ ਗਈ ਅਤੇ ਓਰਥ ਨਦੀ ਵਿੱਚ ਡਿੱਗ ਗਈ। ਪੁਲਸ, ਫਾਇਰਫਾਈਟਰਜ਼ ਅਤੇ ਸਕੂਬਾ ਗੋਤਾਖੋਰ ਮੈਡੀਕਲ ਹੈਲੀਕਾਪਟਰ ਨਾਲ ਘਟਨਾ ਸਥਾਨ 'ਤੇ ਪਹੁੰਚੇ। ਬਚਾਅ ਕਰਮੀਆਂ ਨੇ ਬਾਅਦ ਵਿੱਚ ਔਰਤ ਦੀ ਲਾਸ਼ ਬਰਾਮਦ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਮਹਾਤਮਾ ਗਾਂਧੀ ਦੀ ਯਾਦ 'ਚ ਜਾਰੀ ਕੀਤਾ ਜਾਵੇਗਾ 'ਸਿੱਕਾ'
4500 ਫੁੱਟ ਉੱਚੀ ਚੱਟਾਨ ਦੇਖਣ ਗਿਆ ਸੀ ਜੋੜਾ
ਪਤੀ ਜੋਏਰੀ ਨੇ ਦੱਸਿਆ ਕਿ ਅਸੀਂ ਐਤਵਾਰ ਨੂੰ ਘੁੰਮਣ ਲਈ ਨਿਕਲੇ ਸੀ। ਸਾਡਾ ਇਰਾਦਾ ਮਹਾਮਾਰੀ ਦੇ ਬਾਅਦ ਯੂਰਪ ਵਿਚ ਛੋਟੀ ਜਿਹੀ ਯਾਤਰਾ ਕਰਨਾ ਅਤੇ ਕੁਝ ਖੂਬਸੂਰਤ ਤਸਵੀਰਾਂ ਲੈਣੀਆਂ ਸੀ। ਜਿਹੜੇ ਦਿਨ ਸਨੋਕਸ ਦੀ ਮੌਤ ਹੋਈ ਉਸ ਦਿਨ ਇਹ ਜੋੜਾ ਘਰ ਵਾਪਸ ਪਰਤਣ ਵਾਲਾ ਸੀ। ਦੋਵੇਂ ਸਵੇਰੇ ਜਲਦੀ ਉੱਠ ਕੇ 4500 ਫੁੱਟ ਉੱਚੀ ਚੱਟਾਨ ਨੂੰ ਦੇਖਣ ਲਈ ਪਹੁੰਚੇ। ਜੋਏਰੀ ਨੇ ਦੱਸਿਆ ਕਿ ਚੱਟਾਨ ਵਾਲੇ ਪਾਸੇ ਦੀਆਂ ਤਸਵੀਰਾਂ ਖਿੱਚਦੇ ਸਮੇਂ ਮੇਰੀ ਪਤਨੀ ਨੇ ਮੈਨੂੰ ਕੁੱਤਿਆਂ ਨੂੰ ਦੇਖਣ ਲਈ ਕਿਹਾ। ਮੈਂ ਕੁੱਤਿਆਂ ਵੱਲ ਮੁੜਿਆ ਅਤੇ ਜਿਵੇਂ ਹੀ ਮੈਂ ਵਾਪਸ ਸਨੋਕਸ ਵੱਲ ਮੁੜਿਆ ਤਾਂ ਉਹ ਉੱਥੇ ਨਹੀਂ ਸੀ।
ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਐਂਡਰਿਊ 'ਤੇ 2022 ਦੇ ਅੰਤ 'ਚ ਜਿਨਸੀ ਸ਼ੋਸ਼ਣ ਲਈ ਚਲਾਇਆ ਜਾ ਸਕਦਾ ਹੈ ਮੁਕੱਦਮਾ
ਪੰਜ ਸਕਿੰਟ ਵਿਚ ਬਦਲ ਗਈ ਜ਼ਿੰਦਗੀ
ਜੋਏਰੀ ਨੇ ਦੱਸਿਆ ਕਿ ਪੰਜ ਸੰਕਿਟ ਵਿਚ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਜੋਏਰੀ ਮੁਤਾਬਕ ਉਸ ਨੇ ਕੁਝ ਨਹੀਂ ਸੁਣਿਆ, ਨਾ ਕੋਈ ਚੀਕਣ ਦੀ ਆਵਾਜ਼ ਅਤੇ ਨਾ ਹੀ ਤਿਲਕਣ ਦੀ, ਉੱਥੇ ਕੁਝ ਵੀ ਨਹੀਂ ਸੀ। ਆਪਣੀ ਪਤਨੀ ਦੀ ਮੌਤ ਤੋਂ ਦੁਖੀ, ਜੋਏਰੀ ਨੇ ਉਮੀਦ ਗੁਆਉਣ ਤੋਂ ਬਾਅਦ ਵੀ ਸਨੋਕਸ ਨੂੰ ਆਵਾਜ਼ ਦਿੱਤੀ ਪਰ ਖੱਡ ਸੈਂਕੜੇ ਫੁੱਟ ਡੂੰਘੀ ਸੀ। ਉਸ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਫ਼ੋਨ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਨੋਟ- 100 ਫੁੱਟ ਉੱਚੀ ਚੱਟਾਨ ਤੋਂ ਡਿੱਗਣ ਕਾਰਨ ਔਰਤ ਦੀ ਦਰਦਨਾਕ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ।