ਮਕਾਨ ਮਾਲਕਿਨ ਦੱਸ ਆਰਾਮ ਨਾਲ ਘਰ ’ਚ ਰਹਿ ਰਹੀ ਮਹਿਲਾ ਬਾਅਦ ’ਚ ਨਿਕਲੀ ਚੋਰ
Saturday, Oct 23, 2021 - 12:19 PM (IST)
ਕੋਰਨਾਡੋ (ਭਾਸ਼ਾ) : ਅਮਰੀਕਾ ਵਿਚ ਚੋਰੀ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੱਖਣੀ ਕੈਲੀਫੋਰਨੀਆ ਵਿਚ ਖ਼ੁਦ ਨੂੰ ਇਕ ਮਕਾਨ ਦੀ ਮਾਲਕਿਨ ਦੱਸ ਕੇ ਉਸ ਵਿਚ ਰਹਿ ਰਹੀ ਮਹਿਲਾ ਅਸਲ ਵਿਚ ਚੋਰ ਨਿਕਲੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਸੈਨ ਡਿਏਗੋ ਦੇ ਕੋਰੋਨਾਡੋ ਸ਼ਹਿਰ ’ਤੋਂ ਵੀਰਵਾਰ ਰਾਤ ਨੂੰ ਚੋਰੀ ਦੇ ਸ਼ੱਕ ਵਿਚ 43 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਾਰਦਾਤ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਮਕਾਨ ਦੇ ਅਸਲੀ ਮਾਲਕ ਨੇ ਕੋਰੋਨਾਡੋ ਪੁਲਸ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਸ ਦੇ ਗੁਆਂਢੀ ਨੇ ਉਸ ਦੇ ਘਰ ਕੁੱਝ ਸ਼ੱਕੀ ਗਤੀਵਿਧੀਆਂ ਦੇਖੀਆਂ ਹਨ।
ਮਕਾਨ ਦਾ ਮਾਲਕ ਘਰੋਂ ਬਾਹਰ ਗਿਆ ਹੋਇਆ ਸੀ ਪਰ ਉਨ੍ਹਾਂ ਦੇ ਗੁਆਂਢੀ ਨੇ ਘਰ ਵਿਚ ਲਾਈਟ ਚੱਲਦੀ ਅਤੇ ਬੁੱਝਦੀ ਵੇਖੀ, ਜਿਸ ਨਾਲ ਉਨ੍ਹਾਂ ਨੂੰ ਸ਼ੱਕ ਹੋਇਆ। ਸੂਚਨਾ ਮਿਲਣ ਦੇ ਬਾਅਦ ਅਧਿਕਾਰੀ ਉਥੇ ਪਹੁੰਚੇ ਅਤੇ ਮਕਾਨ ਮਾਲਕ ਦੇ ਗੁਆਂਢ ਵਿਚ ਰਹਿਣ ਵਾਲੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਘਰ ਦੀ ਇਕ ਹੋਰ ਚਾਬੀ ਦਿੱਤੀ ਪਰ ਚਾਬੀ ਲੱਗੀ ਨਹੀਂ ਅਤੇ ਉਨ੍ਹਾਂ ਨੇ ਦੇਖਿਆ ਕਿ ਘਰ ਵਿਚ ਇਕ ਪੁਰਾਣੇ ਤਾਲੇ ਦੇ ਟੁਕੜੇ ਕੋਲ ਹੀ ਜ਼ਮੀਨ ’ਤੇ ਪਏ ਹਨ। ਪੁਲਸ ਨੇ ਘਰ ਦੇ ਆਲੇ-ਦੁਆਲੇ ਨਜ਼ਰ ਮਾਰੀ ਤਾਂ ਦੇਖਿਆ ਕਿ ਪਿਛਲਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਅਤੇ ਅੰਦਰ ਅੱਗ ਬਲ ਰਹੀ ਹੈ ਅਤੇ ਸੰਗੀਤ ਚੰਲ ਰਿਹਾ ਹੈ।
ਇਸ ਦੇ ਬਾਅਦ ਉਨ੍ਹਾਂ ਨੇ ਇਕ ਹੈਲੀਕਾਪਟਰ ਸੱਦਿਆ ਅਤੇ ਘਰ ਦੀ ਦੂਜੀ ਮੰਜ਼ਿਲ ’ਤੇ ਕਿਸੇ ਨੂੰ ਚੱਲਦੇ ਹੋਏ ਦੇਖਿਆ। ਇਸ ਮਗਰੋਂ ਪੁਲਸ ਨੇ ਘਰ ਦੇ ਅੰਦਰ ਮੌਜੂਦ ਮਹਿਲਾ ਨੂੰ ਆਵਾਜ਼ ਮਾਰੀ ਜੋ ਕੁੱਝ ਮਿੰਟਾਂ ਵਿਚ ਬਾਹਰ ਆਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮਹਿਲਾ ਨੇ ਦਾਅਵਾ ਕੀਤਾ ਕਿ 2 ਬੱਚੇ ਵੀ ਘਰ ਦੇ ਅੰਦਰ ਹਨ ਪਰ ਤਲਾਸ਼ੀ ਵਿਚ ਪੁਲਸ ਨੂੰ ਕੁੱਝ ਨਹੀਂ ਮਿਲਿਆ। ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਇਹ ਘਰ ਉਸ ਦਾ ਹੈ ਅਤੇ ਉਸ ਨੇ ਤਾਲੇਵਾਲੇ ਨੂੰ ਸੱਦ ਕੇ ਘਰ ਦਾ ਤਾਲਾ ਵੀ ਬਦਲਵਾ ਦਿੱਤਾ ਸੀ।