ਕੁੱਤੇ ਨੇ ਕਰੋੜਾਂ ਲੋਕਾਂ 'ਚੋਂ ਮੇਲ ਖਾਂਦਾ ਲੱਭਿਆ ਕਿਡਨੀ 'ਡੋਨਰ', ਬੀਮਾਰ ਮਾਲਕਣ ਦੀ ਬਚਾਈ ਜਾਨ
Wednesday, Apr 26, 2023 - 02:01 PM (IST)
ਇੰਟਰਨੈਸ਼ਨਲ ਡੈਸਕ- ਕੁੱਤੇ ਵੱਲੋਂ ਨਿਭਾਈ ਗਈ ਵਫਾਦਾਰੀ ਦੀਆਂ ਕਹਾਣੀਆਂ ਅਕਸਰ ਵੇਖਣ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਬ੍ਰਿਟੇਨ ਤੋਂ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਕਿਡਨੀ ਫੇਲ ਹੋਣ ਕਾਰਨ ਮੌਤ ਦੇ ਕਗਾਰ 'ਤੇ ਸੀ। ਉਸ ਨੂੰ ਡੋਨਰ ਨਹੀਂ ਮਿਲ ਰਿਹਾ ਸੀ। ਡਾਕਟਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਸਨ। ਫਿਰ ਔਰਤ ਦੇ ਪਾਲਤੂ ਕੁੱਤੇ ਨੇ ਕੁਝ ਅਜਿਹਾ ਕੀਤਾ, ਜਿਸ ਨਾਲ ਔਰਤ ਦੀ ਜਾਨ ਬਚ ਗਈ।
ਬ੍ਰਿਟੇਨ ਦੀ ਰਹਿਣ ਵਾਲੀ ਲੂਸੀ ਹੰਫਰੀ ਨੂੰ ਕਿਡਨੀ ਦੀ ਸਮੱਸਿਆ ਹੋਈ ਸੀ। ਜਦੋਂ ਉਹ ਡਾਕਟਰ ਕੋਲ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਕਿਡਨੀ ਫੇਲ ਹੋ ਗਈ ਹੈ। ਉਹ ਲੂਪਸ ਤੋਂ ਵੀ ਪੀੜਤ ਹੈ ਅਤੇ ਜ਼ਿਆਦਾ ਦਿਨਾਂ ਤੱਕ ਜਿੰਦਾ ਨਹੀਂ ਰਹਿ ਸਕਦੀ। ਜਾਨ ਬਚਾਉਣ ਲਈ ਸਿਰਫ ਕਿਡਨੀ ਟਰਾਂਸਪਲਾਂਟ ਹੀ ਇੱਕੋ ਇੱਕ ਤਰੀਕਾ ਹੈ। ਲੂਸੀ ਇਸ ਲਈ ਸਹਿਮਤ ਹੋ ਗਈ ਪਰ ਉਸ ਨੂੰ ਕਿਡਨੀ ਡੋਨਰ ਨਹੀਂ ਮਿਲ ਿਰਹਾ ਸੀ। ਕਿਉਂਕਿ ਲੂਸੀ ਨੂੰ ਜਿਸ ਮੈਚ ਦੀ ਕਿਡਨੀ ਚਾਹੀਦੀ ਸੀ ਉਹ 2.2 ਕਰੋੜਾਂ ਲੋਕਾਂ ਵਿੱਚੋਂ ਸਿਰਫ਼ ਕਿਸੇ ਇੱਕ ਦੀ ਹੀ ਹੁੰਦੀ ਹੈ। ਹੁਣ ਲੂਸੀ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਹੀ ਸੀ।
ਪਾਲਤੂ ਇੰਡੀ ਨੇ ਲੱਭਿਆ ਸਭ ਤੋਂ ਦੁਰਲੱਭ ਡੋਨਰ
ਲੂਸੀ ਪੂਰਾ ਦਿਨ ਆਪਣੇ ਪਾਲਤੂ ਕੁੱਤਿਆਂ ਜੇਕ ਅਤੇ ਇੰਡੀ ਨਾਲ ਬਿਤਾਉਂਦੀ ਸੀ। ਇਕ ਦਿਨ ਉਹ ਦੋਹਾਂ ਨੂੰ ਸਮੁੰਦਰ ਦੇ ਕਿਨਾਰੇ ਲੈ ਗਈ, ਜਦੋਂ ਇੰਡੀ ਸੁੰਘਦੇ ਹੋਏ ਇਕ ਔਰਤ ਦੇ ਨੇੜੇ ਪਹੁੰਚ ਗਿਆ। ਲੂਸੀ ਉਸ ਨੂੰ ਬੁਲਾਉਂਦੀ ਰਹੀ ਪਰ ਇੰਡੀ ਔਰਤ ਨੂੰ ਛੱਡਣ ਲਈ ਤਿਆਰ ਨਹੀਂ ਸੀ। ਲੂਸੀ ਉੱਥੇ ਗਈ ਅਤੇ ਉਸ ਨੇ ਕੇਟੀ ਜੇਮਸ ਨਾਂ ਦੀ ਇਸ ਔਰਤ ਤੋਂ ਮੁਆਫੀ ਮੰਗੀ। ਇੱਥੋਂ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਕੇਟੀ ਉਸ ਨੂੰ ਇਕ ਦੁਕਾਨ 'ਤੇ ਲੈ ਗਈ ਅਤੇ ਕੋਲਡ ਡਰਿੰਕ ਖਰੀਦੀ ਪਰ ਲੂਸੀ ਨੇ ਪੀਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕੇਟੀ ਨੂੰ ਆਪਣੀ ਕਿਡਨੀ ਦੀ ਸਮੱਸਿਆ ਬਾਰੇ ਦੱਸਿਆ। ਇਹ ਵੀ ਦੱਸਿਆ ਕਿ ਉਸ ਨੂੰ ਡੋਨਰ ਨਹੀਂ ਮਿਲ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਬਿਨਾਂ IELTS ਕੀਤੇ ਬਣੋ ਕੈਨੇਡਾ ਦੇ ਪੱਕੇ ਨਿਵਾਸੀ, ਜਲਦ ਕਰੋ ਅਪਲਾਈ
ਡਾਕਟਰ ਨੇ ਕੀਤਾ ਮੈਚ ਤਾਂ ਰਹੇ ਗਏ ਹੈਰਾਨ
ਕੇਟੀ ਨੇ ਕਿਹਾ, ਉਸ ਨੇ ਆਪਣੀ ਕਿਡਨੀ ਦਾਨ ਕਰਨੀ ਹੈ ਅਤੇ ਹਾਲ ਹੀ ਵਿਚ ਉਸ ਨੇ ਇਸ ਨੂੰ ਰਜਿਸਟਰ ਵੀ ਕਰਵਾਇਆ ਹੈ। ਇਸ ਤੋਂ ਬਾਅਦ ਦੋਵੇਂ ਔਰਤਾਂ ਹਸਪਤਾਲ ਪਹੁੰਚੀਆਂ। ਜਦੋਂ ਡਾਕਟਰਾਂ ਨੇ ਮੈਚ ਕੀਤਾ ਤਾਂ ਉਹ ਹੈਰਾਨ ਰਹਿ ਗਏ। ਕੇਟੀ ਦੀ ਕਿਡਨੀ ਲੂਸੀ ਵਿਚ ਟਰਾਂਸਪਲਾਂਟ ਕੀਤੀ ਜਾ ਸਕਦੀ ਸੀ। ਸਭ ਕੁਝ ਮੇਲ ਖਾਂਦਾ ਸੀ। ਡਾਕਟਰਾਂ ਨੇ ਦੱਸਿਆ ਕਿ ਅਜਿਹਾ 2.2 ਕਰੋੜ ਲੋਕਾਂ ਵਿੱਚੋਂ ਸਿਰਫ਼ ਇੱਕ ਨੂੰ ਹੁੰਦਾ ਹੈ। ਟਰਾਂਸਪਲਾਂਟ ਅਕਤੂਬਰ ਵਿੱਚ ਹੋਇਆ ਸੀ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਸਾਧਾਰਨ ਜ਼ਿੰਦਗੀ ਜੀਅ ਰਹੀ ਹੈ। ਕੇਟੀ ਨੇ ਕਿਹਾ ਕਿ ਮੈਂ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਨੂੰ ਲੂਸੀ ਬਾਰੇ ਪਤਾ ਲੱਗਾ। ਉਹ ਕੁੱਤਾ ਸੱਚਮੁੱਚ ਸੁੰਦਰ ਹੈ। ਮੈਨੂੰ ਖ਼ੁਦ 'ਤੇ ਅਤੇ ਆਪਣੇ ਪਰਿਵਾਰ 'ਤੇ ਮਾਣ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।