ਆਸਟ੍ਰੇਲੀਆ: ਸੜਕ ਹਾਦਸੇ ''ਚ ਔਰਤ ਦੀ ਮੌਤ

Tuesday, Oct 15, 2019 - 01:15 PM (IST)

ਆਸਟ੍ਰੇਲੀਆ: ਸੜਕ ਹਾਦਸੇ ''ਚ ਔਰਤ ਦੀ ਮੌਤ

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ। ਉਸ ਦੀ ਪਛਾਣ ਅਜੇ ਪਤਾ ਨਹੀਂ ਲੱਗ ਸਕੀ ਹੈ। ਜਾਣਕਾਰੀ ਮੁਤਾਬਕ ਨਿਊ ਸਾਊਥ ਵੇਲਜ਼ ਦੇ ਹਾਈਵੇਅ 'ਤੇ ਅੱਜ ਸਵੇਰੇ ਇਹ ਹਾਦਸਾ ਵਾਪਰਿਆ। ਇਕ ਸਾਈਕਲ ਸਵਾਰ ਔਰਤ ਨਾਲ ਇਕ ਟਰੱਕ ਦੀ ਟੱਕਰ ਹੋ ਗਈ। ਐਮਰਜੈਂਸੀ ਸਰਵਿਸ ਨੂੰ ਮੌਕੇ 'ਤੇ ਸੱਦਿਆ ਗਿਆ। ਉਨ੍ਹਾਂ ਨੇ ਜ਼ਖਮੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।


ਕੌਫਸ ਹਾਰਬਰ ਨੇੜੇ ਪੈਸੀਫਿਕ ਹਾਈਵੇਅ 'ਤੇ ਸਵੇਰੇ 8 ਵਜੇ ਹਾਦਸਾ ਵਾਪਰਿਆ। ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਇੰਸਪੈਕਟਰ ਬਰੈਂਡਨ ਡਾਇਨ ਨੇ ਕਿਹਾ ਕਿ ਔਰਤ ਦੀ ਹਾਲਤ ਕਾਫੀ ਗੰਭੀਰ ਸੀ ਕਿਉਂਕਿ ਉਸ ਦੇ ਸਿਰ ਤੇ ਚਿਹਰੇ 'ਤੇ ਕਾਫੀ ਸੱਟਾਂ ਲੱਗੀਆਂ ਸਨ। ਉਨ੍ਹਾਂ ਦੱਸਿਆ ਕਿ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਅਫਸੋਸ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਅਧਿਕਾਰੀਆਂ ਨੇ ਅਪੀਲ ਕੀਤੀ ਕਿ ਡਰਾਈਵਰ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਹੀ ਡਰਾਈਵਿੰਗ ਕਰਨ ਤਾਂ ਕਿ ਕਿਸੇ ਦੀ ਵੀ ਜਾਨ ਖਤਰੇ 'ਚ ਨਾ ਪਵੇ। ਹਾਦਸੇ ਮਗਰੋਂ ਕਾਫੀ ਸਮੇਂ ਤਕ ਰਾਹ ਨੂੰ ਬੰਦ ਕਰਨਾ ਪਿਆ ਤੇ ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਫਿਲਹਾਲ ਹਾਈਵੇਅ ਦੋਬਾਰਾ ਖੋਲ੍ਹ ਦਿੱਤਾ ਗਿਆ ਹੈ। ਫਿਲਹਾਲ ਅਧਿਕਾਰੀਆਂ ਵਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਹਾਦਸਾ ਕਿਵੇਂ ਵਾਪਰਿਆ।


Related News