ਔਰਤ ਨੇ ਦਾਨ ਕੀਤਾ ਖੁਦ ਦਾ ਹੀ 2600 ਲੀਟਰ ਦੁੱਧ, ਗਿਨੀਜ਼ ਬੁੱਕ ’ਚ ਦਰਜ ਹੋਇਆ ਰਿਕਾਰਡ
Tuesday, Nov 12, 2024 - 06:02 AM (IST)
ਇੰਟਰਨੈਸ਼ਨਲ ਡੈਸਕ- ਹਾਲ ਹੀ ਵਿਚ ਇਕ ਅਮਰੀਕੀ ਔਰਤ ਨੇ ਖੁਦ ਦਾ ਹੀ 2600 ਲੀਟਰ ਦੁੱਧ (ਬ੍ਰੈਸਟ ਮਿਲਕ) ਦਾਨ ਕੀਤਾ ਹੈ। ਇਹ ਦੁੱਧ ਉਨ੍ਹਾਂ ਬੱਚਿਆਂ ਨੂੰ ਦਾਨ ਕੀਤਾ ਗਿਆ, ਜਿਨ੍ਹਾਂ ਦੀਆਂ ਮਾਵਾਂ ਉਨ੍ਹਾਂ ਨੂੰ ਦੁੱਧ ਪਿਆਉਣ ਤੋਂ ਅਸਮਰੱਥ ਸਨ। ਇਸ ਦੇ ਲਈ ਔਰਤ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋਂ ਸਰਟੀਫਿਕੇਟ ਵੀ ਮਿਲਿਆ ਹੈ।
ਖੁਦ ਦਾ ਹੀ ਤੋੜਿਆ ਵਰਲਡ ਰਿਕਾਰਡ
ਟੈਕਸਾਸ ਦੀ ਰਹਿਣ ਵਾਲੀ ਐਲੀਸਾ ਓਗਲੇਟਰੀ ਨੇ ‘ਮਾਂ ਦਾ ਦੁੱਧ’ ਦਾਨ ਕਰਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਇਸ ਨੇ ਲੋੜਵੰਦਾਂ ਨੂੰ 2,645.58 ਲੀਟਰ ਦੁੱਧ ਸਪਲਾਈ ਕੀਤਾ ਹੈ। ਗਾਰਡੀਅਨ ਅਨੁਸਾਰ 36 ਸਾਲਾ ਓਗਲੇਟਰੀ ਨੇ ਪਹਿਲਾਂ 2014 ’ਚ 1,569.79 ਲੀਟਰ ਦੁੱਧ ਦਾਨ ਕਰਨ ਨਾਲ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ ਅਤੇ ਹੁਣ ਉਸ ਨੇ ਇਸ ਕਾਰਨਾਮੇ ਨੂੰ ਪਾਰ ਕਰ ਲਿਆ ਹੈ। ਉਸ ਨੂੰ ਆਪਣੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਸੰਸਥਾ ਤੋਂ ਮਾਨਤਾ ਪ੍ਰਾਪਤ ਕੀਤੀ ਹੈ।
ਉੱਤਰੀ ਟੈਕਸਾਸ ਦੇ ਮਦਰਜ਼ ਮਿਲਕ ਬੈਂਕ ਅਨੁਸਾਰ ਇਕ ਲੀਟਰ ਮਾਂ ਦਾ ਦੁੱਧ ਸਮੇਂ ਤੋਂ ਪਹਿਲਾਂ ਪੈਦਾ ਹੋਏ 11 ਬੱਚਿਆਂ ਨੂੰ ਪੋਸ਼ਣ ਦੇ ਸਕਦਾ ਹੈ। ਇਸ ਗਣਨਾ ਦੇ ਆਧਾਰ ’ਤੇ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਸੰਸਥਾ ਨੂੰ ਉਨ੍ਹਾਂ ਦੇ ਦਾਨ ਨੇ 3,50,000 ਤੋਂ ਵੱਧ ਬੱਚਿਆਂ ਦੀ ਮਦਦ ਕੀਤੀ ਹੈ।
ਸਾਢੇ ਤਿੰਨ ਲੱਖ ਬੱਚਿਆਂ ਦੀ ਮਦਦ
ਹਾਲ ਹੀ ’ਚ ਗਿਨੀਜ਼ ਬੁੱਕ ਨੂੰ ਦਿੱਤੀ ਇਕ ਇੰਟਰਵਿਊ ’ਚ ਔਰਤ ਨੇ ਕਿਹਾ ਕਿ ਮੇਰਾ ਦਿਲ ਵੱਡਾ ਹੈ ਪਰ ਮੇਰੇ ਕੋਲ ਚੰਗੇ ਕੰਮਾਂ ਲਈ ਦੇਣ ਲਈ ਪੈਸੇ ਨਹੀਂ ਹਨ ਕਿਉਂਕਿ ਮੈ ਪਰਿਵਾਰ ਨੂੰ ਪਾਲਣਾ ਹੈ, ਇਸ ਲਈ ਪੈਸਿਆਂ ਤੋਂ ਜ਼ਿਆਦਾ ਦਾਨ ਕਰਨਾ ਮੇਰੇ ਲਈ ਸਹੀ ਨਹੀਂ ਹੈ। ਹਾਲਾਂਕਿ ਦੁੱਧ ਦਾਨ ਕਰਨਾ ਇਕ ਅਜਿਹਾ ਤਰੀਕਾ ਸੀ, ਜਿਸ ਨਾਲ ਮੈਂ ਕੁਝ ਵਾਪਸ ਦੇ ਸਕਦੀ ਸੀ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤਿੰਨ ਪ੍ਰਤੀ ਔਂਸ ਦਾ ਅੰਕੜਾ ਸਹੀ ਹੈ ਤਾਂ ਮੈਂ 3,50,000 ਤੋਂ ਵੱਧ ਬੱਚਿਆਂ ਦੀ ਮਦਦ ਕੀਤੀ ਹੈ। ਇਹ ਰਿਕਾਰਡ ਸਿਰਫ਼ 89,000 ਔਂਸ ਦਾ ਹੈ ਪਰ ਮੈਂ ਟਿਨੀ ਟ੍ਰੇਜਰਸ ਨੂੰ ਲਗਭਗ 37,000 ਔਂਸ ਅਤੇ ਸ਼ਾਇਦ ਮੇਰੇ ਕਰੀਬੀ ਦੋਸਤਾਂ ਨੂੰ ਵੀ ਕੁਝ ਸੌ ਔਂਸ ਦੀ ਮਦਦ ਕੀਤੀ ਹੈ।
ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ
ਖੁਦ ਦਾ ਦੁੱਧ ਦਾਨ ਕਰਨ ਵਾਲੀ ਔਰਤ ਦੀਆਂ ਤਸਵੀਰਾਂ ਅਤੇ ਉਸ ਦੇ ਕੰਮ ਦਾ ਕਾਰਨਾਮਾ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਲਈ ਲੋਕ ਉਸ ਦੀ ਦਿਲੋਂ ਤਾਰੀਫ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਖੂਨਦਾਨ ਕਰਨ ਨਾਲੋਂ ਖੁਦ ਦਾ ਦੁੱਧ ਦਾਨ ਕਰਨਾ ਵਧੇਰੇ ਮੁਸ਼ਕਲ ਕੰਮ ਹੈ।
ਅਸੀਂ 2600 ਲੀਟਰ ਦੁੱਧ ਦੇ ਕਾਰਨ ਔਰਤ ’ਚ ਆਈ ਕਮਜ਼ੋਰੀ ਦੇ ਠੀਕ ਹੋਣ ਦੀ ਅਰਦਾਸ ਕਰਦੇ ਹਾਂ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਔਰਤ ਨੂੰ ਇਸ ਦੇ ਲਈ ਸਰਕਾਰ ਤੋਂ ਸਨਮਾਨ ਮਿਲਣਾ ਚਾਹੀਦਾ ਹੈ, ਭਾਵੇਂ ਇਹ ਰਿਕਾਰਡ ਬਣਾਉਣ ਲਈ ਕੀਤਾ ਗਿਆ ਸੀ ਪਰ ਕੰਮ ਬਹੁਤ ਚੰਗਾ ਕੀਤਾ ਗਿਆ ਹੈ।